ਪਾਕਿਸਤਾਨ ਦੇ ਸਿਆਸੀ ਡਰਾਮੇ ’ਚ ਇਮਰਾਨ ਦਾ ਰੋਲ

Pakistan Political Drama Sachkahoon

ਪਾਕਿਸਤਾਨ ਦੇ ਸਿਆਸੀ ਡਰਾਮੇ ’ਚ ਇਮਰਾਨ ਦਾ ਰੋਲ

ਪਾਕਿਸਤਾਨ ਦੀ ਨੈਸ਼ਨਲ ਐਸੰਬਲੀ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਖਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਗਿਆ ਬੇਭਰੋਸਗੀ ਮਤੇ ਦੇ ਖਾਰਜ਼ ਹੋਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਤੋਂ ਨੈਸ਼ਨਲ ਐਸੰਬਲੀ ਨੂੰ ਭੰਗ ਕਰਕੇ ਦੇਸ਼ ’ਚ ਚੋਣਾਂ ਕਰਾਉਣ ਦੀ ਸਿਫ਼ਾਰਿਸ਼ ਕੀਤੀ ਇਮਰਾਨ ਦੀ ਸਿਫ਼ਾਰਿਸ਼ ’ਤੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਸੰਸਦ ਨੂੰ ਭੰਗ ਕਰਕੇ 90 ਦਿਨਾਂ ਅੰਦਰ ਦੇਸ਼ ’ਚ ਦੁਬਾਰਾ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਹੈ ਪਾਕਿਸਤਾਨ ’ਚ ਐਤਵਾਰ ਨੂੰ ਤੇਜ਼ੀ ਨਾਲ ਘਟੇ ਸਿਆਸੀ ਘਟਨਾਕ੍ਰਮ ਵਿਚਕਾਰ ਸਵੇਰੇ ਜਦੋਂ ਵਿਰੋਧੀ ਧਿਰ ਨੇ ਇਮਰਾਨ ਸਰਕਾਰ ਖਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਚਰਚਾ ਸ਼ੁਰੂ ਕੀਤੀ ਤਾਂ ਚਰਚਾ ਨੂੰ ਵਿਚਾਲੇ ਹੀ ਰੋਕਦਿਆਂ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਸਰਕਾਰ ਖਿਲਾਫ਼ ਵਿਦੇਸ਼ੀ ਤਾਕਤਾਂ ਦੀ ਸਾਜਿਸ਼ ਦਾ ਦੋਸ਼ ਲਾਉਂਦਿਆਂ ਬੇਭਰੋਸਗੀ ਮਤੇ ਨੂੰ ਖਾਰਜ਼ ਕਰ ਦਿੱਤਾ ਅਤੇ ਨੈਸ਼ਨਲ ਐਸੰਬਲੀ ਦੀ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ।

ਵਿਰੋਧੀ ਧਿਰ ਨੇ ਇਮਰਾਨ ਅਤੇ ਡਿਪਟੀ ਸਪੀਕਰ ਸੂਰੀ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦੀ ਗੱਲ ਕਹੀ ਹੈ ਐਤਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਇਮਰਾਨ ਸਰਕਾਰ ਦੇ ਕਾਨੂੰਨ ਮੰਤਰੀ ਫਵਾਦ ਚੌਧਰੀ ਨੇ ਸਦਨ ’ਚ ਆਪਣੀ ਗੱਲ ਰੱਖੀ ਚੌਧਰੀ ਨੇ ਬੇਭਰੋਗੀ ਮਤੇ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਡਿਪਟੀ ਸਪੀਕਰ ਤੋਂ ਮਤੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਇਸ ਤੋਂ ਬਾਅਦ ਡਿਪਟੀ ਸਪੀਕਰ ਨੇ ਵੀ ਲਗਭਗ ਇਹੀ ਗੱਲ ਦੁਹਰਾਈ ਅਤੇ ਬੇਭਰੋਸਗੀ ਮਤੇ ਨੂੰ ਖਾਰਜ਼ ਕਰਕੇ ਸਦਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਵਿਰੋਧੀ ਧਿਰ ਦੇ ਕਿਸੇ ਵੀ ਸਾਂਸਦ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ।

ਪਿਛਲੇ ਦਿਨੀਂ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਇਮਰਾਨ ਸਰਕਾਰ ਖਿਲਾਫ਼ ਸੰਸਦ ’ਚ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਸੰਸਦੀ ਸਕੱਤਰੇਤ ’ਚ ਦਿੱਤੇ ਗਏ ਬੇਭਰੋਸਗੀ ਮਤੇ ਤੋਂ ਬਾਅਦ ਸੱਤਾਧਾਰੀ ਗਠਜੋੜ ਅੰਦਰ ਵਿਰੋਧ ਦੀ ਚਰਚਾ ਸ਼ੁਰੂ ਹੋ ਗਈ ਹੈ ਪਾਕਿਸਤਾਨ ਮੀਡੀਆ ਰਿਪੋਰਟਾਂ ਅਨੁਸਾਰ, ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਈ ਸਾਂਸਦਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਪੀਟੀਆਈ ਦੇ 24 ਸਾਂਸਦਾਂ ਨੇ ਬੇਭਰੋਸਗੀ ਮਤੇ ਦੇ ਪੱਖ ’ਚ ਵੋਟ ਪਾਉਣ ਦੀ ਧਮਕੀ ਦਿੱਤੀ ਸੀ ਵਿਰੋਧੀ ਧਿਰ ਨੇ 342 ਸੰਸਦੀ ਸਦਨ ’ਚ 200 ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ ਇਮਰਾਨ ਨੇ ਵਿਰੋਧੀ ਧਿਰ ’ਤੇ ਸਾਂਸਦਾਂ ਦੀ ਖਰੀਦ-ਫਰੋਖ਼ਤ ਦਾ ਦੋਸ਼ ਲਾਇਆ ਹੈ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਸਖਤ ਲਹਿਜ਼ੇ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਮਤੇ ਦੇ ਨਾਕਾਮ ਤੋਂ ਬਾਅਦ ਉਨ੍ਹਾਂ ਨੂੰ ਨਤੀਜੇ ਭੁਗਤਣੇ ਹੋਣਗੇ ਐਤਵਾਰ ਨੂੰ ਬੇਭਰੋਸਗੀ ਮਤੇ ’ਤੇ ਬਹਿਸ ਤੋਂ ਬਾਅਦ ਵੋਟਿੰਗ ਹੋਣੀ ਸੀ ਪਰ ਡਿਪਟੀ ਸਪੀਕਰ ਨੇ ਵੋਟਿੰਗ ਤੋਂ ਪਹਿਲਾਂ ਹੀ ਸਰਕਾਰ ਨੂੰ ਡੇਗਣ ’ਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਦੋਸ਼ ਲਾ ਕੇ ਬੇਭਰੋਸਗੀ ਮਤਾ ਖਾਰਜ਼ ਕਰ ਦਿੱਤਾ । ਜਿਸ ਸਮੇਂ ਡਿਪਟੀ ਸਪੀਕਰ ਬੇਭਰੋਸਗੀ ਮਤੇ ਨੂੰ ਖਾਰਜ਼ ਕਰਨ ਦਾ ਐਲਾਨ ਕਰ ਰਹੇ ਸਨ ਠੀਕ ਉਸ ਸਮੇਂ ਇਮਰਾਨ ਨੇ ਰਾਸ਼ਟਰਪਤੀ ਨਾਲ ਮਿਲ ਕੇ ਨੈਸ਼ਨਲ ਐਸੰਬਲੀ ਨੂੰ ਭੰਗ ਕਰਕੇ ਦੇਸ਼ ’ਚ ਦੁਬਾਰਾ ਚੋਣਾਂ ਕਰਾਉਣ ਦੀ ਸਿਫ਼ਾਰਿਸ਼ ਕਰ ਦਿੱਤੀ।

ਇਮਰਾਨ ਵਾਰ-ਵਾਰ ਇਹ ਕਹਿ ਰਹੇ ਸਨ ਕਿ ਨਾ ਤਾਂ ਉਹ ਬੇਭਰੋਸਗੀ ਮਤੇ ਤੋਂ ਭੱਜਣਗੇ ਅਤੇ ਨਾ ਹੀ ਨੈਸ਼ਨਲ ਐਸੰਬਲੀ ਨੂੰ ਭੰਗ ਕਰਨਗੇ ਅਜਿਹੇ ’ਚ ਸਵਾਲ ਇਹ ਹੈ ਕਿ ਆਖ਼ਰੀ ਗੇਂਦ ਤੱਕ ਖੇਡਣ ਦੀ ਗੱਲ ਕਹਿਣ ਵਾਲੇ ਇਮਰਾਨ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਤੋਂ ਕਿਉਂ ਪਾਸਾ ਵੱਟ ਗਏ ਕਿਤੇ ਅਜਿਹਾ ਤਾਂ ਨਹੀਂ ਕਿ ਸੰਸਦ ’ਚ ਬਹੁਮਤ ਦੇ ਅੰਕੜੇ ਤੱਕ ਨਾ ਪਹੁੰਚ ਸਕਣ ਕਾਰਨ ਹੀ ਇਮਰਾਨ ਨੇ ਇਹ ਫੈਸਲਾ ਲਿਆ ਹੋਵੇ ।

ਸਾਲ 2018 ਦੀਆਂ ਆਮ ਚੋਣਾਂ ’ਚ ਖੇਡ ਦੇ ਮੈਦਾਨ ਤੋਂ ਰਾਜਨੀਤੀ ਦੀ ਪਿੱਚ ’ਤੇ ਉੱਤਰਨ ਵਾਲੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ 155 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉੱਭਰ ਕੇ ਆਈ ਸੀ ਹਾਲਾਂਕਿ ਬਹੁਮਤ ਲਈ ਜ਼ਰੂਰੀ 172 ਦੇ ਅੰਕੜੇ ਤੱਕ ਇਮਰਾਨ ਨਹੀਂ ਪਹੁੰਚ ਸਕੇ ਸਨ ਪਰ ਦੂਜੀਆਂ ਕਈ ਛੋਟੀਆਂ ਪਾਰਟੀਆਂ ਅਤੇ ਅਜ਼ਾਦਾਂ ਦੇ ਸਹਿਯੋਗ ਨਾਲ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਸੱਤਾਧਾਰੀ ਗਠਜੋੜ ’ਚ ਪੀਟੀਆਈ ਦੇ 155, ਐਮਕਿਊਐਮ ਦੇ 7, ਬੀਏਪੀ ਦੇ 5, ਮੁਸਲਿਮ ਲੀਗ ਕਿਊ ਦੇ 5, ਜੀਡੀਏ ਦੇ 3 ਅਤੇ ਅਵਾਮੀ ਲੀਗ ਦਾ 1 ਮੈਂਬਰ ਸ਼ਾਮਲ ਸਨ ਦੂਜੇ ਪਾਸੇ ਵਿਰੋਧੀ ਗਠਜੋੜ ਦੇ ਕੁੱਲ ਮੈਂਬਰਾਂ ਦੀ ਗਿਣਤੀ 162 ਸੀ ਗਿਣਤੀ ਬਲ ਦੇ ਲਿਹਾਜ਼ ਨਾਲ ਦੇਖੀਏ ਤਾਂ ਵਿਰੋਧੀ ਧਿਰ ਨੂੰ ਸਿਰਫ਼ 10 ਮੈਂਬਰਾਂ ਦੀ ਜ਼ਰੂਰਤ ਸੀ।

ਵਿਰੋਧੀ ਧਿਰ ਦਾ ਦਾਅਵਾ ਹੈ ਕਿ ਜਦੋਂ ਤੋਂ ਇਰਮਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖ਼ਰ ’ਤੇ ਹੈ ਦੇਸ਼ ਦੀ ਅਰਥਵਿਵਸਥਾ ਸਥਿਰ ਹੋ ਗਈ ਹੈ ਸਿੱਕਾ ਪਸਾਰ ਆਪਣੇ ਸਿਖਰ ’ਤੇ ਹੈ ਵਿਦੇਸ਼ੀ ਕਰਜ਼ਾ ਵਧਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਇਮਰਾਨ ਦੀ ਪਾਰਟੀ ਸੱਤਾ ’ਚ ਆਈ ਸੀ ਉਦੋਂ ਉਸ ਨੇ ਪਿਛਲੀਆਂ ਸਰਕਾਰਾਂ ’ਤੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰ ਦੇਣ ਦਾ ਦੋਸ਼ ਲਾਇਆ ਸੀ ਲੋਕਾਂ ਨੇ ਉਸ ਦੀ ਗੱਲ ’ਤੇ ਯਕੀਨ ਕੀਤਾ ਪਰ ਹੁਣ ਪੀਟੀਆਈ ਦੇ ਚਾਰ ਸਾਲ ਦੇ ਸ਼ਾਸਨ ਤੋਂ ਬਾਅਦ ਦੇਸ਼ ਦੇ ਚਾਲੂ ਖਾਤੇ (ਸੀਏਡੀ) ਦਾ ਘਾਟਾ ਨਵਾਂ ਰਿਕਾਰਡ ਬਣਾ ਰਿਹਾ ਹੈ 2008 ਤੋਂ ਬਾਅਦ ਇਹ ਪਾਕਿਸਤਾਨ ਲਈ ਸਭ ਤੋਂ ਖਰਾਬ ਦੌਰ ਹੈ ਡਾਲਰ ਦੇ ਮੁਕਾਬਲੇ ਰੁਪਏ ’ਚ 12 ਫੀਸਦੀ ਦੀ ਗਿਰਾਵਟ ਆਈ ਹੈ ।ਤੇਲ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਵਿਦੇਸ਼ੀ ਕਰਜ਼ਾ ਵਧ ਕੇ 127 ਅਰਬ ਡਾਲਰ ਹੋ ਗਿਆ ਹੈ ਹਾਲ ਹੀ ’ਚ ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ ਜਾਰੀ ਅੰਕੜਿਆਂ ’ਚ ਪਾਕਿਸਤਾਨ ਦਾ ਚਾਲੂ ਖਾਤਾ ਜਨਵਰੀ 2022 ਦੇ ਮਹੀਨੇ ’ਚ 2. 56 ਬਿਲੀਅਨ ਡਾਲਰ ਦੇ ਸਰਵਕਾਲੀ ਉਚ ਪੱਧਰ ’ਤੇ ਪਹੁੰਚ ਗਿਆ ਹੈ ।

ਸੱਤਾ ’ਚ ਆਉਣ ਦੇ ਬਾਅਦ ਤੋਂ ਇਮਰਾਨ ਲਗਾਤਾਰ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਸੁਧਾਰਨ ਦਾ ਯਤਨ ਕਰਦੇ ਦਿਸ ਰਹੇ ਹਨ ਉਨ੍ਹਾਂ ਨੇ ਸਾਊਦੀ ਅਰਬ ਅਤੇ ਦੂਜੇ ਸਹਿਯੋਗੀ ਦੇਸ਼ਾਂ ਤੋਂ ਮੱਦਦ ਮੰਗੀ ਅੰਤਰਰਾਸ਼ਟਰੀ ਮੁਦਰਾ ਕੋਸ਼ ਨੂੰ ਵਾਰ-ਵਾਰ ਕਰਜ਼ੇ ਲਈ ਅਪੀਲ ਕੀਤੀ ਦੇਸ਼ ਨੂੰ ਵਿੱਤੀ ਸੰਕਟ ’ਚੋਂ ਉਭਾਰਨ ਲਈ ਵਿਸ਼ਵ ਬੈਂਕ ਤੋਂ 6 ਬਿਲੀਅਨ ਡਾਲਰ ਦਾ ਪੈਕੇਜ ਲਿਆ ਐਨਾ ਹੀ ਨਹੀਂ ਦੇਸ਼ ਦੀ ਅਰਥਵਿਵਸਥਾ ’ਚ ਜਾਨ ਪਾਉਣ ਲਈ ਇਮਰਾਨ ਨੇ ਕੁਝ ਵੱਡੇ ਫੈਸਲੇ ਵੀ ਲਏ ਪਿਛਲੇ ਮਹੀਨੇ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ 12. 03 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਸੀ।

ਪਾਕਿਸਤਾਨ ’ਚ ਪੈਟਰੋਲ ਦੀ ਕੀਮਤ ਇਸ ਸਮੇਂ 160 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ ਤੇਲ ਦੀਆਂ ਕੀਮਤਾਂ ਅਤੇ ਬਿਜਲੀ ਦੀਆਂ ਦਰਾਂ ’ਚ ਵਾਧਾ ਕਰਨ ਤੋਂ ਇਲਾਵਾ ਸਰਕਾਰ ਨੇ ਇੱਕ ਮਿੰਨੀ ਬਜਟ ਦੀ ਸ਼ੁਰੂਆਤ ਵੀ ਕੀਤੀ ਟੈਕਸ ਸੈਕਟਰਜ਼ ਦੇ ਦਾਇਰੇ ਨੂੰ ਵਧਾਇਆ ਗਿਆ ਬਜਟ ਤਜ਼ਵੀਜਾਂ ਅਨੁਸਾਰ ਐਕਸਪੋਰਟ, ਇੰਪੋਰਟ ਅਤੇ ਸਰਵਿਸ ਸੈਕਟਰ ਦੇ ਕੁਝ ਨਵੇਂ ਸੈਕਟਰਜ਼ ਨੂੰ ਟੈਕਸ ਦੇ ਦਾਇਰੇ ’ਚ ਸ਼ਾਮਲ ਕੀਤਾ ਗਿਆ ਹੈ ਹਾਲਾਂਕਿ, ਵੋਟਿੰਗ ਤੋਂ ਠੀਕ ਪਹਿਲਾਂ ਇਮਰਾਨ ਨੇ ਨੈਸ਼ਨਲ ਐਸੰਬਲੀ ਨੂੰ ਭੰਗ ਕਰਕੇ ਇੱਕ ਵਾਰ ਤਾਂ ਆਪਣੀ ਸਰਕਾਰ ਬਚਾ ਲਈ ਹੈ ਪਰ ਇਮਰਾਨ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ ਅਜਿਹੇ ’ਚ ਸਮੇਂ ਤੋਂ ਪਹਿਲਾਂ ਚੋਣਾਂ ਪਾਕਿਸਤਾਨ ਦੀ ਡਿੱਗਦੀ ਅਰਥਵਿਵਸਥਾ ਲਈ ਕਿਸੇ ਵੀ ਹਾਲਤ ’ਚ ਠੀਕ ਨਹੀਂ ਹੈ।

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here