ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਹੈ ਰਹਿਮ ਖਾਨ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਰਹਿਮ ਖਾਨ ਨੇ ਕਿਹਾ ਹੈ ਕਿ ਉਹ (ਇਮਰਾਨ ਖਾਨ) ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਬਿਆਨ ਦੇਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਰਹਿਮ ਨੇ ਇੱਕ ਭਾਰਤੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ ਉਹ ਨਾ ਸਿਰਫ਼ ਵਿਸ਼ੇ ਨੂੰ ਟਾਲ ਗਏ, ਸਗੋਂ ਉਹ ਇਸ ‘ਤੇ ਬੋਲਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖਾਨ ਦਾ ਮੰਗਲਵਾਰ ਦਾ ਬਿਆਨ ਬਹੁਤ ਹੀ ਨਾਪਿਆ-ਤੋਲਿਆ ਸੀ। ਉਹ ਉਹੀ ਬੋਲ ਰਹੇ ਸਨ ਜੋ ਉਨ੍ਹਾਂ ਨੂੰ ਬੋਲਣ ਲਈ ਕਿਹਾ ਗਿਆ ਸੀ। ਉਨ੍ਹਾਂ ਦਾ ਬਿਆਨ ਬਹੁਤ ਸੰਤੁਲਿਤ ਤੇ ਕੂਟਨੀਤੀ ਦੇ ਸਾਰੇ ਮਾਨਕਾਂ ਦੇ ਅਨੁਸਾਰ ਸੀ ਹਾਲਾਂਕਿ ਮੇਰੇ ਵਿਚਾਰ ਨਾਲ ਉਨ੍ਹਾਂ ਦਾ ਬਿਆਨ ਬਹੁਤ ਦੇਰ ਨਾਲ ਆਇਆ।
ਉਨ੍ਹਾਂ ਕਿਹਾ ਕਿ ਮੇਰੀ ਨਿੱਜੀ ਰਾਇ ਹੈ ਪਰ ਕਿਸੇ ਵੀ ਦੇਸ਼ ‘ਚ ਜਦੋਂ ਐਨੀ ਵੱਡੀ ਘਟਨਾ ਹੋ ਜਾਂਦੀ ਹੈ, ਚਾਹੇ ਉਹ ਭਾਰਤ ਹੋਵੇ ਜਾਂ ਦੁਨੀਆਂ ਦਾ ਕੋਈ ਵੀ ਦੇਸ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਸ ਦੀ ਸਖ਼ਤ ਨਿੰਦਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੇ ਇਰਾਨ ਦੀ ਘਟਨਾ (ਜਿਸ ‘ਚ 27 ਇਰਾਨੀ ਸੁਰੱਖਿਆ ਗਾਰਡ ਮਾਰੇ ਗਏ) ਨੂੰ ਲੈ ਕੇ ਉਨ੍ਹਾਂ ਕੋਈ ਟਵੀਟ ਨਹੀਂ ਕੀਤਾ। ਉਹ (ਇਮਰਾਨ) ਬੜੀ ਸਹਿਜਤਾ ਨਾਲ ਸਰਦੀਆਂ ਦੀ ਵਰਖਾ ਬਾਰੇ ਟਵੀਟ ਕਰ ਰਹੇ ਹਨ ਇਸ ਲਈ ਮੈਂ ਥੋੜ੍ਹੀ ਹੈਰਾਨ ਹਾਂ।
ਰਹਿਮ ਨੇ ਪਾਕਿਸਤਾਨੀ ਫੌਜ ‘ਤੇ ਇਮਰਾਨ ਖਾਨ ਨੂੰ ਨਿਰਦੇਸ਼ ਦੇਣ ਨੂੰ ਲੈ ਕੇ ਪਰੋਕਸ਼ ਹਮਲਾ ਕਰਦੇ ਹੋਏ ਕਿਹਾ ਕਿ ਅੱਜ (19 ਫਰਵਰੀ ਨੂੰ) ਨਿਦਰੇਸ਼ ਸਪੱਸ਼ਟ ਸਨ ਅਤੇ ਮੈਨੂੰ ਭਾਸ਼ਣ ‘ਚ ਕੋਈ ਗਲਤੀ ਨਹੀਂ ਮਿਲੀ ਪਰ ਮੈਨੂੰ ਅੱਜ ਵੀ ਲੱਗਦਾ ਹੈ ਕਿ ਇਮਰਾਨ ਖਾਨ ਨੂੰ ਇਸ ਘਟਨਾ ਦੀ ਸਪੱਸ਼ਟ ਨਿੰਦਿਆ ਕਰਨੀ ਚਾਹੀਦੀ ਸੀ।
ਪੰਜ ਦਿਨ ਬਾਅਦ ਆਇਆ ਇਮਰਾਨ ਖਾਨ ਦਾ ਰੇਡੀਓ ਪ੍ਰਸਾਰਣ
ਇਮਰਾਨ ਖਾਨ ਦਾ ਰੇਡੀਓ ਪ੍ਰਸਾਰਣ ਪੁਲਵਾਮਾ ‘ਚ 14 ਫਰਵਰੀ ਨੂੰ ਹੋਏ ਹਮਲੇ ਦੇ ਪੰਜ ਦਿਨ ਬਾਅਦ ਆਇਆ ਜਿਸ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਅਲੋਚਨਾ ਕੀਤੀ ਹੈ। ਭਾਰਤ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੇ ਦੋਹਰੇ ਮਾਪਦੰਡ ‘ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਅੱਤਵਾਦ ਦਾ ਕੇਂਦਰ ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨੀ ਪ੍ਰਧਾਨਮੰਤਰੀ ਜੇਕਰ ਅੱਤਵਾਦ ਦੇ ਵਿਰੁੱਧ ਗੰਭੀਰ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਤੇ ਉਸ ਦੇ ਸਰਗਨਾ ਮਸੂਦ ਅਜਹਰ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।