ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸ ਨੂੰ ਹੀ ਦੋਸਤੀ (Good Friend) ਦਾ ਨਾਂਅ ਦਿੱਤਾ ਜਾਂਦਾ। ਦੋਸਤੀ ਕਿਸੇ ਨਾਲ ਵੀ ਹੋ ਸਕਦੀ ਹੈ ਭਾਵ ਇਸ ਦੇ ਲਈ ਕੋਈ ਉਮਰ, ਲਿੰਗ, ਧਰਮ ਨਹੀਂ ਦੇਖਿਆ ਜਾਂਦਾ। ਸਾਡੇ ਸਮਾਜ ਵਿੱਚ ਬੱਚੇ-ਬਜ਼ੁਰਗ ਦੀ ਦੋਸਤੀ, ਅਮੀਰ-ਗਰੀਬ ਦੀ ਦੋਸਤੀ, ਅਧਿਆਪਕ-ਵਿਦਿਆਰਥੀ ਦੀ ਦੋਸਤੀ, ਇੱਕਠੇ ਕੰਮ ਕਰਦੇ ਲੋਕਾਂ ਦੀ ਦੋਸਤੀ, ਖੇਤ ਵਿੱਚ ਕੰਮ ਕਰਦੇ ਖੇਤ ਮਜ਼ਦੂਰ ਤੇ ਜਿੰਮੀਂਦਾਰ ਵੀ ਇੱਕ ਚੰਗੇ ਦੋਸਤ ਹੋ ਸਕਦੇ ਹਨ।
ਨਕਾਰਾਤਮਕ ਵਿਚਾਰ ਚੰਗੇ ਨਹੀਂ
ਬਿਨਾਂ ਦੋਸਤ (Good Friend) ਤੋਂ ਇਕੱਲਾਪਣ ਤੁਹਾਡੀ ਰੂਹ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗਾ। ਇਕੱਲਾਪਣ ਸਾਡੇ ਵਿੱਚ ਨਕਾਰਾਤਮਕ ਵਿਚਾਰ ਤੇ ਭਾਵਨਾਵਾਂ ਲਿਆਉਦਾ ਹੈ। ਇਕੱਲੇ ਰਹਿਣ ਵਾਲਿਆਂ ’ਤੇ ਸ਼ਿਕਾਗੋ ਯੂਨੀਵਰਸਿਟੀ ਆਫ ਅਮਰੀਕਾ ਦੇ ਖੋਜਕਰਤਾ ਡਾ. ਜੋਹਨ ਕੋਸੀਉਪੋ ਨੇ ਦੱਸਿਆ ਹੈ ਕਿ ਕੁਝ ਮਨੁੱਖ ਇਕੱਲੇਪਣ ਨੂੰ ਖਤਮ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਦੇ ਹਨ, ਕਸਰਤ ਘੱਟ ਕਰਦੇ ਹਨ, ਉਨ੍ਹਾਂ ਦੀ ਖੁਰਾਕ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਨੀਂਦ ਵੀ ਘੱਟ ਆਉਂਦੀ ਹੈ। ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਦੀ ਜਿੰਦਗੀ ’ਤੇ ਪੈਂਦਾ ਹੈ। ਮਾੜੇ ਵਿਚਾਰਾਂ ਦਾ ਮਨ ਵਿੱਚ ਆਉਣਾ, ਨਕਾਰਾਤਮਕ ਰਵੱਈਆ, ਯਾਦਾਸ਼ਤ ਦਾ ਕਮਜ਼ੋਰ ਹੋਣਾ, ਸਹੀ ਸਮੇਂ ’ਤੇ ਫੈਸਲੇ ਨਾ ਲੈਣਾ ਆਦਿ ਪ੍ਰਭਾਵ ਉਨ੍ਹਾਂ ਦੀ ਜਿੰਦਗੀ ਵਿੱਚ ਦੇਖਣ ਨੂੰ ਮਿਲਦੇ ਹਨ।
ਦੋਸਤੀ ਕਈ ਪੜਾਵਾਂ ’ਚੋਂ ਲੰਘਦੀ ਹੈ (Good Friend)
ਇਨ੍ਹਾਂ ਸਾਰੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇੱਕ ਚੰਗੇ ਦੋਸਤ ਦਾ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੀ ਟੈਕਸਾਸ ਟੇਕ ਯੂਨੀਵਰਸਿਟੀ ਵਿੱਚ ਜੈਨੀ ਕੇਡਿਵ ਨੇ ਇੱਕ ਖੋਜ ਕਰਦੇ ਹੋਏ ਕਿਹਾ ਕਿ ਚੰਗਾ ਦੋਸਤ ਬਣਾਉਣ ਨਾਲ ਚੰਗੀ ਅਤੇ ਵਧੀਆ ਜ਼ਿੰਦਗੀ ਮਿਲਦੀ ਹੈ। ਇੱਕ ਹੋਰ ਖੋਜ ਵਿੱਚ ਅਮਰੀਕਾ ਦੀ ਕੰਸਾਸ ਯੂਨੀਵਰਸਿਟੀ ਨੇ ਕਿਹਾ ਕਿ ਗਹਿਰੀ ਦੋਸਤੀ ਕੇਵਲ ਮਨ ਦਾ ਮਿਲਣਾ ਨਹੀਂ, ਸਗੋਂ ਗਹਿਰੀ ਦੋਸਤੀ ਲਈ ਇੱਕਠੇ ਸਮਾਂ ਬਿਤਾਉਣਾ, ਉਹ ਵੀ ਥੋੜ੍ਹਾ ਨਹੀਂ ਘੱਟੋ-ਘੱਟ 200 ਘੰਟੇ ਹੋਣਾ ਚਾਹੀਦਾ। ਖੋਜਕਰਤਾ ਅਨੁਸਾਰ ਦੋਸਤੀ ਕਈ ਪੜਾਵਾਂ ਵਿੱਚੋਂ ਹੁੰਦੀ ਹੋਈ ਅੱਗੇ ਵਧਦੀ ਹੈ। ਸ਼ੁਰੂ ਵਿਚ ਹਲਕਾ-ਫੁਲਕਾ ਹਾਸਾ-ਮਜ਼ਾਕ, ਹਲਕੀਆਂ-ਫੁਲਕੀਆਂ ਗੱਲਾਂ ਤੋਂ ਹੁੰਦੀ ਹੋਈ ਗਹਿਰੀ ਹੋ ਜਾਂਦੀ ਹੈ।
ਦੋਸਤੀ ਵਿਸ਼ਵਾਸ ਦੀ ਨੀਂਹ ’ਤੇ ਟਿਕੀ
ਦੋਸਤੀ ਕਿਸੇ ਨਾਲ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਸਕੂਲ, ਕਾਲਜ ਵਿੱਚ ਪੜ੍ਹਦਿਆਂ, ਕੰਮਕਾਰ ਕਰਦਿਆਂ ਸਾਡੇ ਕਈ ਸਾਰੇ ਦੋਸਤ ਬਣ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਦੋਸਤ ਸਾਡੀ ਜਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਸਾਡੇ ਦਿਲ ਦੇ ਕਰੀਬ ਹੋ ਜਾਂਦੇ ਹਨ। ਅਸੀਂ ਉਨ੍ਹਾਂ ਨਾਲ ਡੂੰਘੀਆਂ ਸਾਂਝਾਂ ਪਾ ਲੈਂਦੇ ਹਾਂ। ਅਸੀਂ ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੋਣ ਲੱਗਦੇ ਹਾਂ। ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਲੱਗ ਜਾਂਦੇ ਹਾਂ। ਆਪਣੇ ਸਾਰੇ ਭੇਤ, ਘਰ, ਕੰਮਕਾਰਾਂ ਦੀਆਂ ਗੱਲਾਂ ਇੱਕ-ਦੂਜੇ ਅੱਗੇ ਕਰ ਦਿੰਦੇ ਹਾਂ। ਬੱਸ ਇਹ ਦੋਸਤੀ ਇਮਾਨਦਾਰੀ, ਸੂਝ-ਬੂਝ, ਵਿਸ਼ਵਾਸ ਦੀ ਨੀਂਹ ’ਤੇ ਟਿਕੀ ਹੋਣੀ ਚਾਹੀਦੀ ਹੈ। ਦੋਸਤੀ ਵਿੱਚ ਸਹਿਣਸ਼ੀਲਤਾ ਤੇ ਨਿਮਰਤਾ ਵੀ ਹੋਣੀ ਚਾਹੀਦੀ ਹੈ।
ਚੰਗਾ ਦੋਸਤ ਕੀ ਹੈ? (Good Friend)
ਜ਼ਿੰਦਗੀ ਵਿੱਚ ਚੰਗੇ ਦੋਸਤ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਇੱਕ ਚੰਗਾ ਦੋਸਤ ਤਹਾਡੇ ਇਕੱਲੇਪਣ ਨੂੰ ਦੂਰ ਕਰ ਸਕਦਾ ਹੈ। ਉਹ ਤੁਹਾਡੇ ਨਾਲ ਚੰਗੇ-ਮਾੜੇ ਸਮੇਂ ਵਿੱਚ ਖੜ੍ਹ ਸਕਦਾ ਹੈ। ਤੁਹਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਦਾ ਵੀ ਭਾਗੀਦਾਰ ਹੋ ਸਕਦਾ ਹੈ। ਚੰਗੇ ਦੋਸਤਾਂ ਦੀ ਬਦੌਲਤ ਤੁਸੀਂ ਜ਼ਿੰਦਗੀ ਵਿੱਚ ਬਹੁਤ ਚੰਗੇ ਅਹੁਦਿਆਂ ’ਤੇ ਪਹੁੰਚ ਸਕਦੇ ਹੋ। ਚੰਗਾ ਦੋਸਤ ਬਿਜ਼ਨਸ ਸ਼ੁਰੂ ਕਰਨ ਵਿਚ ਵੀ ਸਹਾਈ ਹੁੰਦਾ ਹੈ। ਅੱਜ-ਕੱਲ੍ਹ ਲੋਕ ਦੋਸਤ ਬਣਾਉਣ ਦੇ ਚੱਕਰ ਵਿੱਚ ਮਤਲਬ ਵੀ ਰੱਖਦੇ ਹਨ। ਅੱਜ-ਕੱਲ੍ਹ ਦੇ ਇਨਸਾਨਾਂ ਦੀ ਸੋਚ ਇਹ ਹੈ ਕਿ ਮੈਂ ਇਸ ਨਾਲ ਮਤਲਬ ਦੀ ਦੋਸਤੀ ਰੱਖਾਂ। ਮੇਰੇ ਕੰਮ ਹੁੰਦੇ ਰਹਿਣ, ਇਹ ਮੇਰਾ ਦੋਸਤ ਬਣਿਆ ਰਹੇ।
ਜ਼ਿਆਦਾਤਰ ਲੋਕ ਆਪਣਾ ਫਾਇਦਾ ਦੇਖਦੇ ਹੋਏ ਹੀ ਦੂਜੇ ਵੱਲ ਆਪਣਾ ਹੱਥ ਵਧਾਉਂਦੇ ਹਨ। ਅਜਿਹੇ ਲੋਕ ਕੰਮ ਹੋਣ ਉਪਰੰਤ ਵਰਤ ਕੇ ਛੱਡ ਜਾਂਦੇ ਹਨ। ਤੁਹਾਨੂੰ ਮੁਸੀਬਤ ਵਿੱਚ ਦੇਖ ਆਪਣੇ-ਆਪ ਨੂੰ ਵੱਖ ਕਰ ਲੈਣਗੇ। ਇਸ ਸਮੇਂ ਚੰਗਾ ਦੋਸਤ ਪਰਛਾਵੇਂ ਵਾਂਗ ਤੁਹਾਡੇ ਨਾਲ ਖੜ੍ਹੇਗਾ। ਉਹ ਤੁਹਾਡੇ ਦੁੱਖ ਸੁੱਖ ਵਿੱਚ ਹਮੇਸ਼ਾਂ ਸਾਥ ਹੋਵੇਗਾ। ਤੁਹਾਡੇ ਅਸਫਲ ਰਹਿਣ ’ਤੇ ਵੀ ਉਹ ਤੁਹਾਨੂੰ ਸਕਾਰਾਤਮਕ ਵਿਚਾਰਾਂ ਨਾਲ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ। ਇਸ ਲਈ ਤੁਸੀਂ ਵੀ ਕਿਸੇ ਦੇ ਚੰਗੇ ਦੋਸਤ ਬਣੋ ਤੇ ਹਮੇਸ਼ਾ ਨਿਰਸਵਾਰਥ ਉਸਦੀ ਮੱਦਦ ਲਈ ਤਿਆਰ ਰਹੋ। ਕਿਸੇ ਨੇ ਦੋਸਤੀ ਤੇ ਬਹੁਤ ਵਧੀਆ ਲਿਖਿਆ:-
ਦੋਸਤੀ ਨਾਮ ਸੁੱਖ ਦੁੱਖ ਦੀ ਕਹਾਣੀ ਦਾ,
ਦੋਸਤੀ ਰਾਜ਼ ਹੈ ਸਦਾ ਮੁਸਕਰਾਉਣ ਦਾ
ਇਹ ਕੋਈ ਪਲ ਭਰ ਦੀ ਜਾਣ-ਪਹਿਚਾਣ ਨਹੀਂ,
ਦੋਸਤੀ ਵਾਅਦਾ ਹੈ ਉਮਰ ਭਰ ਸਾਥ
ਨਿਭਾਉਣ ਦਾ
ਹਰਪ੍ਰੀਤ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਮੋ. 80540-20692
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ