Student Teacher Relationship: ਸਕੂਲ ਸਿਰਫ਼ ਪਾਠ ਪੜ੍ਹਨ ਦੀ ਥਾਂ ਨਹੀਂ ਹੁੰਦੇ, ਇਹ ਜੀਵਨ ਬਣਾਉਣ ਵਾਲੀ ਜਗ੍ਹਾ ਹੁੰਦੀ ਹੈ। ਇੱਥੇ ਵਿਦਿਆਰਥੀ ਨਾ ਸਿਰਫ਼ ਪਾਠਕ੍ਰਮ ਸਿੱਖਦੇ ਹਨ, ਸਗੋਂ ਜੀਵਨ ਦੇ ਸੱਚੇ ਅਰਥ, ਕਦਰਾਂ-ਕੀਮਤਾਂ, ਆਦਰਸ਼ ਅਤੇ ਅਨੁਸ਼ਾਸਨ ਵੀ ਸਿੱਖਦੇ ਹਨ। ਇਸ ਰੂਪਾਂਤਰਨ ਯਾਤਰਾ ਵਿੱਚ ਅਧਿਆਪਕਾਂ ਦੀ ਭੂਮਿਕਾ ਮੂਲਧਾਰਾ ਵਰਗੀ ਹੁੰਦੀ ਹੈ। ਅਧਿਆਪਕ ਸਿਰਫ਼ ਗਿਆਨ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ, ਵਿਸ਼ਵਾਸ ਅਤੇ ਆਤਮ-ਸਨਮਾਨ ਨੂੰ ਉੱਚਾ ਚੁੱਕਣ ਵਾਲੇ ਮਾਰਗਦਰਸ਼ਕ ਵੀ ਹੁੰਦੇ ਹਨ। ਉਨ੍ਹਾਂ ਦੇ ਸਨੇਹੀ ਅਤੇ ਦੋਸਤੀ ਭਰੇ ਵਿਹਾਰ ਰਾਹੀਂ ਇੱਕ ਅਜਿਹਾ ਮਾਹੌਲ ਬਣਦਾ ਹੈ ਜੋ ਸਿੱਖਣ ਨੂੰ ਸੁਚੱਜਾ ਅਤੇ ਮਨਪਸੰਦ ਬਣਾਉਂਦਾ ਹੈ?
ਇਹ ਖਬਰ ਵੀ ਪੜ੍ਹੋ : Punjab Floods: ਪੰਜਾਬ ’ਚ ਨਹੀਂ ਰੁਕ ਰਿਹਾ ਹੈ ਹੜ੍ਹਾਂ ਦਾ ਕਹਿਰ, ਹੁਣ ਮਾਲਵੇ ਦੇ ਕਈ ਜ਼ਿਲ੍ਹਿਆਂ ’ਚ ਬੁਰੇ ਹਾਲਾਤ
ਪਹਿਲਾਂ ਅਤੇ ਅੱਜ ਦੇ ਰਿਸ਼ਤੇ ’ਚ ਤਬਦੀਲੀ
ਪੁਰਾਤਨ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਵਿਦਿਆਰਥੀ ਆਪਣੇ ਅਧਿਆਪਕ ਦੀ ਹਰ ਗੱਲ ਨੂੰ ਸਿਰ-ਮੱਥੇ ਮੰਨਦੇ ਸਨ। ਸਮਾਂ ਬਦਲਣ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਿਸ਼ਤੇ ਵਿੱਚ ਵੀ ਤਬਦੀਲੀਆਂ ਆਈਆਂ ਹਨ। ਜਿੱਥੇ ਪਹਿਲਾਂ ਇਹ ਰਿਸ਼ਤਾ ਬਹੁਤ ਆਦਰ, ਭਰੋਸੇ ਤੇ ਅਣਮਿੱਟ ਨਿਰਭਰਤਾ ’ਤੇ ਆਧਾਰਤ ਹੁੰਦਾ ਸੀ, ਉੱਥੇ ਅੱਜ ਰਿਸ਼ਤਾ ਆਧੁਨਿਕ ਚੁਣੌਤੀਆਂ ਤੇ ਟੈਕਨਾਲੋਜੀ ਦੇ ਪ੍ਰਭਾਵਾਂ ਕਾਰਨ ਕਾਫੀ ਬਦਲ ਗਿਆ ਹੈ?
ਪੁਰਾਤਨ ਰਿਸ਼ਤਾ ਆਦਰ ’ਤੇ ਆਧਾਰਿਤ | Student Teacher Relationship
ਪਹਿਲਾਂ ਅਧਿਆਪਕਾਂ ਨੂੰ ਗੁਰੂ ਦੇਵੋ ਭਵ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਹਰ ਗੱਲ ਨੂੰ ਆਖਰੀ ਮੰਨਦੇ ਸਨ ਅਧਿਆਪਕ ਦੀ ਸਖ਼ਤੀ ਵੀ ਪਿਆਰ ਅਤੇ ਸਿੱਖਣ ਦਾ ਹਿੱਸਾ ਮੰਨੀ ਜਾਂਦੀ ਸੀ ਸੰਚਾਰ ਦੇ ਸਾਧਨ ਘੱਟ ਹੋਣ ਕਰਕੇ ਵਿਦਿਆਰਥੀ ਦਾ ਧਿਆਨ ਸਿੱਧਾ ਅਧਿਆਪਕ ਵੱਲ ਹੁੰਦਾ ਸੀ।
ਆਧੁਨਿਕ ਰਿਸ਼ਤਾ ਤਕਨਾਲੋਜੀ ਤੋਂ ਪ੍ਰਭਾਵਿਤ:
ਅੱਜ-ਕੱਲ੍ਹ ਦੇ ਵਿਦਿਆਰਥੀ ਇੰਟਰਨੈੱਟ, ਮੋਬਾਇਲ ਅਤੇ ਸੋਸ਼ਲ ਮੀਡੀਆ ਵੱਲ ਵੱਧ ਧਿਆਨ ਦਿੰਦੇ ਹਨ ਡਿਜ਼ੀਟਲ ਲਰਨਿੰਗ ਨੇ ਜਿੱਥੇ ਸਹੂਲਤ ਦਿੱਤੀ, ਉੱਥੇ ਮਨੁੱਖੀ ਸਬੰਧਾਂ ਵਿਚ ਥੋੜ੍ਹੀ ਖੜੋਤ ਵੀ ਆ ਗਈ ਹੈ ਪਿਆਰ ਅਤੇ ਆਦਰ ਦੀ ਥਾਂ ਕਈ ਵਾਰ ਵਿਅਕਤੀਗਤ ਹੱਕਾਂ ਅਤੇ ਆਜ਼ਾਦੀ ਦੀ ਗੱਲ ਵੱਧ ਚਰਚਾ ਵਿੱਚ ਆਉਂਦੀ ਹੈ।
ਸੰਤੁਲਨ ਦੀ ਲੋੜ | Student Teacher Relationship
ਭਾਵੇਂ ਦੌਰ ਬਦਲ ਗਿਆ ਹੈ, ਪਰ ਅਸਲ ਰਿਸ਼ਤੇ ਦੀ ਜੜ੍ਹ ਆਦਰ, ਭਰੋਸਾ ਅਤੇ ਸਨੇਹ ਅੱਜ ਵੀ ਉਨਾ ਹੀ ਅਹਿਮ ਹੈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਨੁਭਵ ਨੂੰ ਆਧੁਨਿਕ ਤਰੀਕਿਆਂ ਨਾਲ ਜੋੜ ਕੇ ਵਿਦਿਆਰਥੀਆਂ ਨਾਲ ਸੰਵੇਦਨਸ਼ੀਲਤਾ ਰੱਖਣ ਵਿਦਿਆਰਥੀਆਂ ਨੂੰ ਵੀ ਇਹ ਸਮਝਣਾ ਚਾਹੀਦੈੈ ਕਿ ਤਕਨਾਲੋਜੀ ਹਮੇਸ਼ਾ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ।
ਆਦਰ, ਭਰੋਸਾ ਤੇ ਅਨੁਸ਼ਾਸਨ ਸਿੱਖਿਆ ਦੀ ਨੀਂਹ:
ਸਿੱਖਿਆ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਸਨਮਾਨ ਤੇ ਅਨੁਸ਼ਾਸਨ ਦੀ ਸਾਂਝ ਹੈ। ਜਿੱਥੇ ਵਿਦਿਆਰਥੀ ਅਧਿਆਪਕ ਦੀ ਇੱਜਤ ਕਰਦੇ ਹਨ, ਉੱਥੇ ਅਧਿਆਪਕ ਵੀ ਮਾਂ-ਬਾਪ ਵਾਂਗ ਵਿਦਿਆਰਥੀਆਂ ਦੀ ਦਿਲੋਂ ਸੰਭਾਲ ਕਰਦੇ ਹਨ। ਇਹ ਆਧਾਰ ਵਿਦਿਆਰਥੀ ਦੇ ਵਿਅਕਤੀਤਵ ਨੂੰ ਨਿਖਾਰਦਾ ਹੈ ਅਤੇ ਸਕੂਲ ਦੇ ਮਾਹੌਲ ਨੂੰ ਆਦਰਸ਼ ਬਣਾਉਂਦਾ ਹੈ।
ਅਧਿਆਪਕ ਦੀ ਭੂਮਿਕਾ:
- ਅਧਿਆਪਕ ਪਾਠਕ੍ਰਮ ਦੇ ਨਾਲ-ਨਾਲ ਚਰਿੱਤਰ ਨਿਰਮਾਤਾ ਵੀ ਹੁੰਦੇ ਹਨ।
- ਉਹ ਵਿਦਿਆਰਥੀਆਂ ਦੀਆਂ ਲੁਕੀਆਂ ਯੋਗਤਾਵਾਂ ਨੂੰ ਉਭਾਰਦੇ ਹਨ।
- ਮਾੜੀਆਂ ਆਦਤਾਂ ਤੋਂ ਰੋਕ ਕੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ।
- ਉਹ ਸਮਾਜਿਕ ਮੁੱਲਾਂ, ਸਹਿਯੋਗ ਅਤੇ ਅਗਵਾਈ ਦੀ ਭਾਵਨਾ ਜਗਾਉਂਦੇ ਹਨ।
ਵਿਦਿਆਰਥੀ ਦੀ ਭੂਮਿਕਾ
- ਅਧਿਆਪਕ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਅਮਲ ਕਰਨਾ।
- ਆਪਣੇ ਕੰਮ ਵਿੱਚ ਜ਼ਿੰਮੇਵਾਰੀ ਅਤੇ ਸਮੇਂ ਦੀ ਪਾਬੰਦੀ।
- ਅਨੁਸ਼ਾਸਨ ਵਿੱਚ ਰਹਿ ਕੇ ਹੋਰਾਂ ਲਈ ਮਿਸਾਲ ਬਣਨਾ।
- ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨਾ ਅਤੇ ਵਿਅਕਤੀਤਵ ਵਿੱਚ ਨਿਰਮਲਤਾ ਲਿਆਉਣਾ।
ਸੁਝਾਅ ਤੇ ਨਤੀਜਾ | Student Teacher Relationship
- ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸਨੇਹੀ, ਧੀਰਜਪੂਰਨ ਤੇ ਸਮਝਦਾਰ ਵਿਹਾਰ ਰੱਖਣਾ ਚਾਹੀਦਾ ਹੈ।
- ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਦੀ ਗੱਲ ’ਤੇ ਅਮਲ ਕਰਨਾ ਚਾਹੀਦਾ ਹੈ।
- ਮਾਪਿਆਂ ਨੂੰ ਵੀ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਧਿਆਪਕਾਂ ਦੀ ਭੂਮਿਕਾ ਬਾਰੇ ਸਮਝਾਉਣ।
- ਸਕੂਲ ਪ੍ਰਬੰਧਕਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਸੰਵੇਦਨਸ਼ੀਲ ਤੇ ਆਤਮ-ਮਰਿਆਦਾ ਭਰਿਆ ਮਾਹੌਲ ਬਣਾਉਣਾ ਚਾਹੀਦਾ ਹੈ।
ਜਿੱਥੇ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਆਦਰ, ਭਰੋਸੇ ਅਤੇ ਸੰਵੇਦਨਸ਼ੀਲਤਾ ਦਾ ਰਿਸ਼ਤਾ ਬਣਦਾ ਹੈ, ਉੱਥੇ ਸਿੱਖਿਆ ਇੱਕ ਆਧੁਨਿਕ ਕਾਰੋਬਾਰ ਨਹੀਂ ਰਹਿ ਜਾਂਦੀ- ਉਹ ਇੱਕ ਅਜਿਹਾ ਅਨੁਭਵ ਬਣ ਜਾਂਦੀ ਹੈ ਜੋ ਵਿਅਕਤੀ, ਪਰਿਵਾਰ, ਸਮਾਜ ਤੇ ਦੇਸ਼ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੰਦੀ ਹੈ। ਅਜਿਹੇ ਰਿਸ਼ਤੇ ਦੀ ਮਜ਼ਬੂਤੀ ਹੀ ਸਿੱਖਿਆ ਨੂੰ ਸੱਚੇ ਅਰਥਾਂ ਵਿੱਚ ਕਾਮਯਾਬ ਬਣਾਉਂਦੀ ਹੈ।
ਰਸ਼ਪਾਲ ਕੌਰ, ਸ. ਸ. ਸ. ਸਕੂਲ, ਪਰਮਜੀਤਪੁਰ (ਕਪੂਰਥਲਾ)