ਗਰਭਵਤੀ ਔਰਤਾਂ ਦਾ ਗ਼ੈਰ ਕਾਨੂੰਨੀ ਢੰਗ ਨਾਲ ਲਿੰਗ ਟੈਸਟ ਕਰਨ ਵਾਲਾ ਗਿਰੋਹ ਬੇਪਰਦ

ਏਐਨਐਮ ਸਮੇਤ ਚਾਰ ਗ੍ਰਿਫ਼ਤਾਰ, ਅਲਟਰਾਸਾਊਂਡ ਮਸ਼ੀਨ ਬਰਾਮਦ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਗਰਭਵਤੀ ਔਰਤਾਂ ਦਾ ਗ਼ੈਰ ਕਾਨੂੰਨੀ ਢੰਗ ਨਾਲ ਲਿੰਗ ਟੈਸਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਵੱਲੋਂ ਗਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਅਲਟਰਾਸਾਊਂਡ ਮਸ਼ੀਨ ਸਮੇਤ ਕਾਫ਼ੀ ਮਾਤਰਾ ਵਿੱਚ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਕਤ ਗਿਰੋਹ ਵੱਲੋਂ ਪਟਿਆਲਾ ਦੇ ਨਾਲ ਲੱਗਦੇ ਪਿੰਡ ਚੌਰਾ ਵਿਖੇ ਇੱਕ ਘਰ ਵਿੱਚ ਇਹ ਨਜ਼ਾਇਜ ਤੌਰ ‘ਤੇ ਇਹ ਸੈਂਟਰ ਚਲਾਇਆ ਜਾ ਰਿਹਾ ਸੀ।

ਪਟਿਆਲਾ ਦੇ ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਸਿਵਲ ਸਰਜਨ ਪਟਿਆਲਾ ਵੱਲੋਂ ਸੂਚਨਾ ਮਿਲਣ ‘ਤੇ ਇੱਕ ਸਪੈਸ਼ਲ ਟੀਮ ਦਾ ਗਠਨ ਐਸ.ਪੀ. ਸਿਟੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਕੀਤਾ ਗਿਆ, ਜਿਸ ਵਿਚ ਡਾਕਟਰ ਜਤਿੰਦਰ ਕਾਂਸਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸਮੇਤ ਤਿੰਨ ਮਾਹਿਰ ਡਾਕਟਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਇੰਸਪੈਕਟਰ ਹੈਰੀ ਬੋਪਾਰਾਏ ਸਮੇਤ ਇੰਸਪੈਕਟਰ ਸ਼ਿਵ ਇੰਦਰ ਦੇਵ, ਮਹਿਲਾ ਇੰਸਪੈਕਟਰ ਪੁਸ਼ਪਾ ਦੇਵੀ ਅਤੇ ਸੀ.ਆਈ.ਏ. ਪਟਿਆਲਾ ਦੀ ਟੀਮ ਸ਼ਾਮਲ ਸੀ, ਜਿਨ੍ਹਾਂ ਫੌਰੀ ਕਾਰਵਾਈ ਕਰਦੇ ਹੋਏ ਮੀਨਾ ਰਾਣੀ ਦੇ ਰਿਹਾਇਸ਼ੀ ਮਕਾਨ ਸਟਾਰ ਸਿਟੀ ਕਲੋਨੀ ਚੌਰਾ ਵਿਖੇ ਰੇਡ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਰੇਡ ਦੌਰਾਨ ਮੀਨਾ ਰਾਣੀ ਪਤਨੀ ਲੇਟ ਰਵਿੰਦਰ ਸਿੰਘ, ਜਰਨੈਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ, ਡਾਕਟਰ ਅਨਿਲ ਕਪੂਰ ਪੁੱਤਰ ਲੇਟ ਚੰਦ ਪ੍ਰਕਾਸ਼ ਕਪੂਰ ਅਤੇ ਰਾਜੀਵ ਕੁਮਾਰ ਉਰਫ਼ ਰਾਜੂ ਪੁੱਤਰ ਰਾਜਪਾਲ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਵਰਤੀ ਜਾਣ ਵਾਲੀ ਅਲਟਰਾਸਾਊਂਡ ਮਸ਼ੀਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।  ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਅਨਿਲ ਕਪੂਰ ਅਜਿਹੀਆਂ ਗਰਭਵਤੀ ਔਰਤਾਂ ਨੂੰ ਮੀਨਾ ਰਾਣੀ ਪਾਸ ਭੇਜਦੇ ਸਨ,

ਜਿੱਥੇ ਮੀਨਾ ਰਾਣੀ ਆਪਣੇ ਸਾਥੀ ਜਰਨੈਲ ਸਿੰਘ, ਰਾਜੀਵ ਕੁਮਾਰ ਉਰਫ਼ ਰਾਜੂ ਨਾਲ ਮਿਲ ਕੇ ਅਲਟਰਾਸਾਊਂਡ ਮਸ਼ੀਨ ਦਾ ਬੰਦੋਬਸਤ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਗ੍ਰਹਿ ਸਟਾਰ ਸਿਟੀ ਚੌਰਾ ਵਿਖੇ ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਟੈਸਟ ਰਾਹੀ ਲਿੰਗਕ ਜਾਂਚ ਕਰਨ ਦੇ 40-50 ਹਜ਼ਾਰ ਰੁਪਏ ਲੈਂਦੇ ਸਨ। ਲਿੰਗਕ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਰਭਪਾਤ ਕਰਨ ਲਈ ਵੀ ਪ੍ਰੇਰਿਤ ਕਰਦੇ ਸਨ ਅਤੇ ਉਸ ਦੇ ਵੀ ਅਲੱਗ ਪੈਸੇ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੀਨਾ ਰਾਣੀ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਸ ਕੰਮ ਲਈ ਆਥੋਰਾਈਜਡ ਅਤੇ ਕੁਆਲੀਫਾਈਡ ਦੱਸਦੀ ਸੀ। ਇਸ ਤਰਾਂ ਉਕਤਦੋਸ਼ੀ ਹਮ-ਮਸਵਰਾ ਹੋ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਗਰਭਵਤੀ ਔਰਤਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਸਨ। ਉਨ੍ਹਾਂ ਵੱਲੋ ਅਜਿਹਾ ਕਰਨ ਨਾਲ ਕਿਸੇ ਸਮੇਂ ਵੀ ਗਰਭਵਤੀ ਔਰਤ ਦੀ ਜਾਨ ਜਾ ਸਕਦੀ ਸੀ।

ਮੀਨਾ ਰਾਣੀ ਖਿਲਾਫ਼ ਪਹਿਲਾ ਵੀ ਚਾਰ ਮਾਮਲੇ ਦਰਜ਼

ਮੀਨਾ ਰਾਣੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਏ.ਐਨ.ਐਮ ਸਬ ਸੈਂਟਰ ਜਲਾਲਪੁਰ ਵਿਖੇ ਲੱਗੀ ਹੋਈ ਹੈ। ਇਸ ਦੇ ਖਿਲਾਫ਼ ਪਹਿਲਾ ਵੀ ਲਿੰਗ ਜਾਂਚ ਕਰਨ ਅਤੇ ਗਰਭਪਾਤ ਕਰਨ ਸਬੰਧੀ ਚਾਰ ਮੁੱਕਦਮੇ ਦਰਜ ਹਨ। ਇਨ੍ਹਾਂ ਨੂੰਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛ ਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.