ਪਿੰਡ ਮਾਨਗੜ੍ਹ ਦੇ ਲੋਕਾਂ ਵੱਲੋਂ ਪਿੰਡ ਦੇ ਭੱਠੇ ’ਤੇ ਕੀਤੇ ਨਜਾਇਜ਼ ਕਬਜ਼ਾ ਹਟਵਾਉਣ ਲਈ ਵਿਧਾਇਕ ਦਾ ਧੰਨਵਾਦ
Punjab Panchayat Land: (ਅਨਿਲ ਲੁਟਾਵਾ) ਅਮਲੋਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜੇ ਹਟਵਾਉਣ ਲਈ ਵੱਡੀ ਪੱਧਰ ’ਤੇ ਮੁੁਹਿੰਮ ਚਲਾਈ ਜਾ ਰਹੀ ਹੈ ਅਤੇ ਸਰਕਾਰੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਅਮਲੋਹ ਹਲਕੇ ਦੇ ਪਿੰਡ ਮਾਨਗੜ੍ਹ ਵਿਖੇ ਭੱਠੇ ’ਤੇ ਲੇਬਰ ਵੱਲੋਂ ਨਜਾਇਜ਼ ਢੰਗ ਨਾਲ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਇਸ ਸਬੰਧੀ ਧਾਰਾ 7 ਅਧੀਨ ਡੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਕੋਲ ਕੇਸ ਕੀਤਾ ਗਿਆ ਸੀ ਜਿਸ ਦਾ ਅੱਜ ਪੰਚਾਇਤ ਦੇ ਹੱਕ ਵਿੱਚ ਫੈਸਲਾ ਹੋਇਆ ਹੈ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਭੱਠਾ ਪਿੰਡ ਦੀ ਪੰਚਾਇਤ ਵੱਲੋਂ ਠੇਕੇ ’ਤੇ ਦਿੱਤਾ ਹੋਇਆ ਸੀ ਅਤੇ ਸਬੰਧਤ ਵਿਅਕਤੀ 2022 ਵਿੱਚ ਛੱਡ ਕੇ ਚਲੇ ਗਏ ਸਨ ਅਤੇ ਭੱਠੇ ਦੇ ਮਜਦੂਰ ਨਜਾਇਜ਼ ਢੰਗ ਨਾਲ ਮਕਾਨ ਬਣਾ ਕੇ ਬੈਠੇ ਸਨ।
ਇਹ ਵੀ ਪੜ੍ਹੋ: BHIM-UPI New Update: ਭੀਮ-ਯੂਪੀਆਈ ਦਾ ਆਇਆ ਨਵਾਂ ਅਪਡੇਟ, ਮਿਲੇਗੀ ਵੱਡੀ ਰਾਹਤ
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਪਿੰਡ ਦੀ ਤਕਰੀਬਨ 8 ਵਿੱਘੇ ਪੰਚਾਇਤੀ ਜ਼ਮੀਨ ’ਤੇ ਭੱਠੇ ਦੀ ਲੇਬਰ ਵੱਲੋਂ ਨਜਾਇਜ਼ ਕਬਜ਼ਾ ਕਰਕੇ ਪੰਚਾਇਤ ਦਾ ਆਰਥਿਕ ਤੌਰ ’ਤੇ ਨੁਕਸਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੇ ਵਿਕਾਸ ਲਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਪੰਚਾਇਤੀ ਜ਼ਮੀਨ ’ਤੇ ਗੈਰ ਕਾਨੂੰਨੀ ਢੰਗ ਨਾਲ ਕਾਬਜ਼ ਕਿਸੇ ਵੀ ਵਿਅਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Panchayat Land
ਸਮੂਹ ਪੰਚਾਇਤ ਤੇ ਪਿੰਡ ਵਾਸੀ ਨੇ ਕੀਤਾ ਵਿਧਾਇਕ ਗੈਰੀ ਬੜਿੰਗ ਦਿਲੋਂ ਧੰਨਵਾਦ
ਇਸ ਮੌਕੇ ਪਿੰਡ ਮਾਨਗੜ੍ਹ ਦੇ ਸਰਪੰਚ ਜਸਮੇਲ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾ ਸਦਕਾ ਪੰਚਾਇਤ ਨੂੰ ਇਹ ਜ਼ਮੀਨ ਵਾਪਸ ਮਿਲ ਗਈ ਹੈ। ਜਿਸ ਕਾਰਨ ਸਮੂਹ ਪੰਚਾਇਤ ਤੇ ਪਿੰਡ ਵਾਸੀ ਵਿਧਾਇਕ ਅਮਲੋਹ ਗੈਰੀ ਬੜਿੰਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਹਰਪਾਲ ਸਿੰਘ, ਡੀ.ਐਸ.ਪੀ. ਹਰਿਤੇਸ਼ ਕੌਸ਼ਿਕ, ਬੀ.ਡੀ.ਪੀ.ਓ. ਅਮਲੋਹ ਮੋਹਿਤ ਕਲਿਆਣ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਤੇ ਪਿੰਡ ਵਾਸੀ ਹਾਜ਼ਰ ਸਨ।