ਆਈਜੀ ਮੁਖਵਿੰਦਰ ਸਿੰਘ ਛੀਨਾ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਹੋਏ ਨਤਮਸਤਕ

IG Mukhwinder Singh Sachkahoon

ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ (IG Mukhwinder Singh) ਨੇ ਇੱਥੇ ਪੁਰਾਤਨ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਨੇ ਨਾਲ ਹੀ ਮੰਦਿਰ ਦੀ ਸੁਰੱਖਿਆ ਲਈ ਪਟਿਆਲਾ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਹਿੰਦੂ ਤਖ਼ਤ ਦੇ ਮੁਖੀ ਪੰਚਾ ਨੰਦ ਗਿਰੀ ਨਾਲ ਵੀ ਸਦਭਾਵਨਾ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਮੋਹਿਤ ਅਗਰਵਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਸ ਪੁਰਾਤਨ ਮੰਦਿਰ ਦੀ ਦੁਨੀਆਂ ਭਰ ’ਚ ਵੱਸਦੇ ਹਿੰਦੂ ਅਤੇ ਸਿੱਖਾਂ ’ਚ ਬਰਾਬਰ ਮਾਨਤਾ ਅਤੇ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਇਸ ਪਵਿੱਤਰ ਮੰਦਿਰ ਵਿਖੇ ਨਤਮਸਤਕ ਹੋ ਕੇ ਦੇਸ਼, ਸਮਾਜ ਤੇ ਪਟਿਆਲਾ ਸ਼ਹਿਰ ’ਚ ਏਕਤਾ, ਅਮਨ-ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਦੇਵੀ ਦੇ ਚਰਨਾਂ ’ਚ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ’ਚ ਸ਼ਾਮਲ ਦੋਸ਼ੀਆਂ ਵਿਰੁੱਧ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਦੇ ਨਾਲ ਹੀ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪੇ੍ਰਸ਼ਾਨ ਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਹਿੰਦੂ ਤਖ਼ਤ ਦੇ ਮੁੱਖੀ ਪੰਚਾ ਨੰਦ ਗਿਰੀ ਨਾਲ ਵੀ ਸਦਭਾਵਨਾ ਮੁਲਾਕਾਤ ਕਰਕੇ ਹਿੰਦੂ ਸੰਗਠਨਾਂ ਵੱਲੋਂ ਸ਼ਾਂਤੀ ਬਰਕਰਾਰ ਰੱਖਣ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਧੰਨਵਾਦ ਵੀ ਕੀਤਾ। ਜਗਤ ਗੁਰੂ ਪੰਚਾ ਨੰਦ ਗਿਰੀ ਨੇ ਉਨ੍ਹਾਂ ਨਾਲ ਮੰਦਿਰ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਅਤੇ ਆਈ.ਜੀ. ਛੀਨਾ ਦਾ ਸਨਮਾਨ ਵੀ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ