ਅੰਮ੍ਰਿਤਸਰ | ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਅੱਜ ਸਟੇਜ ਤੋਂ ਆਪਣੇ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਦੇ ਹੋਏ ਕਿਹਾ ਕਿ ”ਜੇ ਕੈਪਟਨ ‘ਚ ਦਮ ਹੈ ਤਾਂ ਉਹ ਉਨ੍ਹਾਂ ਨੂੰ ਅੰਦਰ ਕਰਕੇ ਦਿਖਾਉਣ।”। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਬੇਹੱਦ ਝੂਠ ਬੋਲੇ ਹਨ। ਸਾਡੇ ‘ਤੇ ਡਰਗੱਜ਼ ਸਮੇਤ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕੈਪਟਨ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਹੁਣ ਤਾਂ ਉਨਾਂ ਦੀ ਸਰਕਾਰ ਹੈ, ਪੁਲਸ ਵੀ ਉਨ੍ਹਾਂ ਦੀ ਹੈ, ਦੱਸਣ ਹੁਣ ਜਿਹੜਾ ਵੀ ਲੀਡਰ ਡਰੱਗਜ਼ ਦਾ ਕਾਰੋਬਾਰ ਕਰਦਾ ਹੈ, ਉਸ ਨੂੰ ਅੰਦਰ ਕਰਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿਆਸਤ ਦਾਨ ਉਹੀ ਕਾਮਯਾਬ ਹੁੰਦਾ ਹੈ, ਜੋ ਆਪਣੀ ਜ਼ੁਬਾਨ ਦਾ ਪੱਕਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜੋ ਆਪਣੀ ਜੁਬਾਨ ਦਾ ਪੱਕਾ ਨਹੀਂ ਉਹ ਇਕ ਵਾਰੀ ਠੱਗੀ ਮਾਰ ਸਕਦਾ ਹੈ, ਦੂਜੀ ਵਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਏ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਇਹ ਕਾਰਵਾਈ ਕੀਤੀ ਜਾਵੇਗੀ ਕਿ ਕਿਹੜੇ ਅਫਸਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਹਨ, ਜਾਂਚ ਕਰਨ ਤੋਂ ਬਾਅਦ ਜੇ ਪਤਾ ਲੱਗ ਗਿਆ ਕਿ ਕਿਸੇ ਵੀ ਅਫਸਰ ਨੇ ਝੂਠੇ ਪਰਚੇ ਦਰਜ ਕੀਤੇ ਹਨ, ਭਾਵੇਂ ਉਹ ਡੀ. ਐੱਸ. ਪੀ. ਹੋਵੇ ਜਾਂ ਫਿਰ ਐੱਚ. ਐੱਚ. ਓ. ਸਾਰੇ ਅਧਿਕਾਰੀ ਡਿਸਮਿਸ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਫਸਰ ਝੂਠੇ ਪਰਚੇ ਦਰਜ ਕਰਦੇ ਹਨ, ਉਹ ਪਾਪ ਅਤੇ ਗੁਨਾਹ ਕਰ ਰਹੇ ਹਨ। ਉਹ ਕਾਨੂੰਨ ਨੂੰ ਤੋੜ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।