ਧਰਨਾ ਦੇਣਾ ਹੀ ਐ ਤਾਂ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦੇ ਖ਼ਿਲਾਫ ਦਿੱਤਾ ਜਾਵੇ : ਡਾ. ਚੀਮਾ
ਚੰਡੀਗੜ, (ਅਸ਼ਵਨੀ ਚਾਵਲਾ)। ਰਾਸ਼ਟਰਪਤੀ ਨਾਲ ਮੀਟਿੰਗ ਤੈਅ ਹੋਏ ਬਿਨਾਂ ਵਿਧਾਇਕਾਂ ਨੂੰ ਸੱਦਾ ਦੇਣ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਤਿੱਖਾ ਵਾਰ ਕਰਦੇ ਹੋਏ ਪੁੱਛਿਆ ਹੈ ਕਿ ਜੇਕਰ ਮੀਟਿੰਗ ਤੈਅ ਹੀ ਨਹੀਂ ਹੋਈ ਸੀ ਤਾਂ ਵਿਧਾਇਕਾਂ ਨੂੰ ਕਿਉਂ ਗੁਮਰਾਹ ਕਰਦੇ ਹੋਏ ਅਮਰਿੰਦਰ ਸਿੰਘ ਸੱਦਾ ਪੱਤਰ ਦੇਣ ਵਿੱਚ ਲਗੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੋਰ ਢੋਂਗ ਹੈ ਹੋਰ ਕੁਝ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਕੇਂਦਰ ਸਰਕਾਰ ਕੋਲ ਪਹੁੰਚ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਬਜਾਏ ਰੇਲ ਮੰਤਰੀ ਜਾਂ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨ ਦੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੂੰ ਪੱਤਰ ਲਿਖਿਆ ਸੀ। ਹੁਣ ਵੀ ਬਜਾਏ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੇ ਮਾਲ ਗੱਡੀਆਂ ਤੁਰੰਤ ਬਹਾਲ ਕਰਵਾਉਣ ਦੇ, ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਉਹ ਵਿਧਾਇਕਾਂ ਦੇ ਵਫਦ ਦੀ ਅਗਵਾਈ ਕਰਦਿਆਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।
ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਰਾਸ਼ਟਰਪਤੀ ਨੇ ਤਾਂ ਉਹਨਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਵਿਧਾਇਕਾਂ ਨੂੰ ਗੁੰਮਰਾਹ ਕਿਉਂ ਕੀਤਾ ਤੇ ਉਹ ਕੱਲ ਤੋਂ ਦਿੱਲੀ ਵਿਚ ਰੋਸ ਧਰਨਾ ਦੇਣ ਦਾ ਐਲਾਨ ਕਰ ਕੇ ਆਪਣੀਆਂ ਨਾਕਾਮੀਆਂ ‘ਤੇ ਪਰਦਾ ਕਿਉਂ ਪਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.