ਬਠਿੰਡਾ (ਸੁਖਜੀਤ ਮਾਨ)। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ (Jalandhar Election Result) ਨੇ ਅਕਾਲੀ-ਭਾਜਪਾ ਦੇ ਮੁੜ ਗੱਠਜੋੜ ਦੀਆਂ ਚਰਚਾਵਾਂ ਦਾ ਮੱੁਢ ਬੰਨ੍ਹ ਦਿੱਤਾ ਹੈ। ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਸਿਆਸੀ ਧਿਰਾਂ ਮੁੜ ਘਿਓ-ਖਿਚੜੀ ਹੋ ਸਕਦੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਭਾਵੇਂ ਹੁਣ ਤੱਕ ਮੁੜ ਗੱਠਜੋੜ ਦੇ ਬਿਆਨਾਂ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਮਿਸ਼ਨ 2024 ਨੂੰ ਪੂਰਾ ਕਰਨ ਲਈ ਸੁਰ ਮੱਠੀ ਪੈ ਸਕਦੀ ਹੈ।
2019 ਦੇ ਮੁਕਾਬਲੇ ਅਕਾਲੀ ਉਮੀਦਵਾਰ ਨੂੰ ਘੱਟ ਮਿਲੀਆਂ 2 ਲੱਖ 7 ਹਜ਼ਾਰ 867 ਵੋਟਾਂ | Jalandhar Election Result
ਵੇਰਵਿਆਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ (ਬ) ਨੇ ਭਾਰਤੀ ਜਨਤਾ ਪਾਰਟੀ ਨਾਲੋਂ ਗੱਠਜੋੜ ਤੋੜ ਕੇ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਪਾਈ ਸੀ। ਇਸ ਸਾਂਝ ਦੇ ਬਾਵਜ਼ੂਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ 3 ਉਮੀਦਵਾਰ ਚੋਣ ਜਿੱਤ ਸਕੇ ਸੀ, ਜਦੋਂਕਿ ਭਾਜਪਾ ਨੇ ਇਕੱਲਿਆਂਾ ਪਹਿਲੀ ਵਾਰ ਚੋਣ ਲੜ ਕੇ 2 ਸੀਟਾਂ ਜਿੱਤੀਆਂ ਸੀ। ਲੋਕ ਸਭਾ ਲਈ ਭਾਵੇਂ ਇਹ ਜਲੰਧਰ ਦੀ ਜ਼ਿਮਨੀ ਚੋਣ ਸੀ ਤੇ ਭਾਜਪਾ ਨੇ ਪਹਿਲੀ ਵਾਰ ਲੋਕ ਸਭਾ ’ਚ ਬਿਨਾਂ ਗਠਜੋੜ ਤੋਂ ਚੋਣ ਲੜੀ ਪਰ ਪਾਰਟੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 1 ਲੱਖ 34 ਹਜ਼ਾਰ 706 ਵੋਟਾਂ ਹਾਸਿਲ ਕਰਨ ’ਚ ਸਫ਼ਲ ਰਹੇ।
ਮਿਸ਼ਨ 2024 ਲਈ ਅਕਾਲੀ ਦਲ ਤੇ ਭਾਜਪਾ ਦੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ | Jalandhar Election Result
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ 1 ਲੱਖ 58 ਹਜ਼ਾਰ 354 ਵੋਟਾਂ ਲੈ ਗਏ। ਇਸ ਚੋਣ ਨਤੀਜੇ ਮਗਰੋਂ ਸਿਆਸੀ ਮਾਹਿਰਾਂ ’ਚ ਇਹ ਚਰਚਾ ਚੱਲ ਰਹੀ ਹੈ ਕਿ ਜੇਕਰ ਅਕਾਲੀ-ਭਾਜਪਾ ਗਠਜੋੜ ਵਜੋਂ ਇਹ ਚੋਣ ਲੜਦਾ ਤਾਂ ਜਿੱਤ ਦੇ ਕਾਫੀ ਕਰੀਬ ਹੁੰਦੇ ਕਿਉਂਕਿ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ 58647 ਵੋਟਾਂ ਦੇ ਫਰਕ ਨਾਲ ਚੋਣ ਹਾਰੇ ਹਨ, ਜਦੋਂਕਿ ਅਕਾਲੀ ਤੇ ਭਾਜਪਾ ਦੋਵਾਂ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਮਿਲਾ ਕੇ ਜਿੱਤ ਨਾਲੋਂ ਫਾਸਲਾ ਸਿਰਫ 9037 ਵੋਟਾਂ ਦਾ ਹੀ ਰਹਿ ਗਿਆ ਸੀ। ਸਾਲ 2019 ਦੀਆਂ ਆਮ ਲੋਕ ਸਭਾ ਚੋਣਾਂ ਮੌਕੇ ਜਲੰਧਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਚੋਣ ਮੈਦਾਨ ’ਚ ਸੀ, ਜੋ 3 ਲੱਖ 66 ਹਜ਼ਾਰ 221 ਵੋਟਾਂ ਹਾਸਿਲ ਕਰਕੇ ਦੂਜੇ ਸਥਾਨ ’ਤੇ ਰਹੇ ਸੀ।
ਇਹ ਵੀ ਪੜ੍ਹੋ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਉਹ ਜੇਤੂ ਉਮੀਦਵਾਰ ਸੰਤੋਖ ਸਿੰਘ ਚੌਧਰੀ ਨਾਲੋਂ 19491 ਵੋਟਾਂ ਪਿੱਛੇ ਰਹੇ ਸੀ, ਜਦੋਂਕਿ ਇਸ ਜ਼ਿਮਨੀ ਚੋਣ ’ਚ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ, ਆਪ ਦੇ ਜੇਤੂ ਉਮੀਦਵਾਰ ਸੁਸ਼ੀਲ ਰਿੰਕੂ ਤੋਂ 1 ਲੱਖ 43 ਹਜ਼ਾਰ 743 ਵੋਟਾਂ ਪਿੱਛੇ ਰਹਿ ਗਏ।
ਔਕੜਾਂ ਦੇ ਬਾਵਜ਼ੂਦ ਦਲੇਰੀ ਨਾਲ ਲੜੀ ਲੜਾਈ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਲੋਕ ਸਭਾ ਚੋਣ ਦੇ ਨਤੀਜੇ ਮਗਰੋਂ ਸੋਸ਼ਲ ਮੀਡੀਆ ਜ਼ਰੀਏ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਨਿਮਰਤਾ ਨਾਲ ਇਹ ਫਤਵਾ ਸਵੀਕਾਰ ਕਰਦੇ ਹਨ। ਉਨ੍ਹਾਂ ਚੋਣ ਜਿੱਤਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਉਹ ਵੋਟਰਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਰੇ ਆਗੂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਦੀਆਂ ਸ਼ਕਤੀਆਂ ਸਮੇਤ ਸਾਰੀਆਂ ਔਕੜਾਂ ਦੇ ਵਿਰੁੱਧ ਸਖ਼ਤ ਮਿਹਨਤ ਕਰਕੇ ਦਲੇਰੀ ਨਾਲ ਲੜਾਈ ਲੜੇ।