ਮਾਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਨੂੰ ਹਟਾਉਣ ਦੇ ਆਦੇਸ਼ ਜਾਰੀ
ਪਿਛਲੇ ਕਈ ਦਿਨਾਂ ਤੋਂ ਬਿਆਨਾਂ ਦੇ ਚਲਦੇ ਵਿਵਾਦਾਂ ‘ਚ ਚਲ ਰਹੇ ਹਨ ਇਹ ਦੋਹੇ ਸਲਾਹਕਾਰ
ਚੰਡੀਗੜ, (ਅਸ਼ਵਨੀ ਚਾਵਲਾ)। ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਲੈ ਕੇ ਹੁਣ ਕਾਂਗਰਸ ਹਾਈ ਕਮਾਨ ਕਾਰਵਾਈ ਕਰਨ ਦੇ ਮੂਡ ਵਿੱਚ ਆ ਗਈ ਹੈ। ਜਿਸ ਕਾਰਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਨਵਜੋਤ ਸਿੱਧੂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਤੁਰੰਤ ਆਪਣੇ ਸਲਾਹਕਾਰਾਂ ਦੀ ਛੁੱਟੀ ਕਰਕੇ ਤੁਰਦਾ ਕਰ ਦੇਣ ਨਹੀਂ ਤਾਂ ਉਨਾਂ ਨੂੰ ਅੱਗੇ ਆ ਕੇ ਕੋਈ ਫੈਸਲਾ ਕਰਨਾ ਪਏਗਾ ਅਤੇ ਉਨਾਂ ਵਲੋਂ ਇਨਾਂ ਸਲਾਹਕਾਰਾਂ ਦੀ ਛੁੱਟੀ ਕਰਨ ਤੱਕ ਦੇ ਆਦੇਸ਼ ਜਾਰੀ ਕੀਤੇ ਜਾ ਸਕਦੇ ਹਨ।
ਨਵਜੋਤ ਸਿੱਧੂ ਨੂੰ ਜਾਰੀ ਕੀਤੀ ਗਈ ਇਸ ਚਿਤਾਵਨੀ ਵਿੱਚ ਨਵਜੋਤ ਸਿੱਧੂ ਵਲੋਂ ਹਾਲੇ ਤੱਕ ਕੋਈ ਵੀ ਪ੍ਰਤੀਿਆ ਨਹੀਂ ਦਿੱਤੀ ਹੈ, ਜਦੋਂ ਕਿ ਹੁਣ ਸਿੱਧੂ ਦੇ ਦੋਵੇਂ ਸਲਾਹਕਾਰ ਕੁਝ ਢਿੱਲੇ ਪੈਂਦੇ ਨਜ਼ਰ ਆ ਰਹੇ ਹਨ। ਸਿੱਧੂ ਦੇ ਸਲਾਹਕਾਰਾਂ ਵਿੱਚ ਡਾ. ਪਿਆਰੇ ਲਾਲ ਗਰਗ ਵਲੋਂ ਦਿੱਤੇ ਗਏ ਇੱਕ ਦੋ ਬਿਆਨ ਕਰਕੇ ਵਿਵਾਦ ਹੋਇਆ ਸੀ, ਜਦੋਂ ਕਿ ਮਾਲਵਿੰਦਰ ਮਾਲੀ ਦੇ ਹਰ ਦਿਨ ਜਾਰੀ ਹੋਣ ਵਾਲੇ ਬਿਆਨ ’ਤੇ ਵਿਵਾਦ ਹੋ ਰਿਹਾ ਹੈ।
ਮਾਲਵਿੰਦਰ ਮਾਲੀ ਵਲੋਂ ਆਪਣੇ ਬਿਆਨਾਂ ਰਾਹੀਂ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਜਿਸ ਕਾਰਨ ਕਾਂਗਰਸ ਹਾਈ ਕਮਾਨ ਮਾਲਵਿੰਦਰ ਮਾਲੀ ਦੇ ਇਨਾਂ ਬਿਆਨਾਂ ਤੋਂ ਕਾਫ਼ੀ ਜਿਆਦਾ ਨਰਾਜ਼ ਹੈ। ਮਾਲੀ ਵਲੋਂ ਦਿੱਤੇ ਗਏ ਕਸ਼ਮੀਰ ਸਬੰਧੀ ਬਿਆਨ ਤੋਂ ਬਾਅਦ ਇਹ ਮੁੱਦਾ ਕੌਮੀ ਬਣ ਗਿਆ ਹੈ ਅਤੇ ਹੁਣ ਵਿਰੋਧੀ ਧਿਰਾਂ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਵੀ ਸੁਆਲ ਪੁੱਛਣ ਲੱਗ ਪਈਆਂ ਹਨ।
ਜਿਸ ਕਾਰਨ ਹਰੀਸ ਰਾਵਤ ਨੇ ਨਵਜੋਤ ਸਿੱਧੂ ਨੂੰ ਕਈ ਫੋਨ ਕਰਦੇ ਹੋਏ ਮਾਲਵਿੰਦਰ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਮਾਲਵਿੰਦਰ ਮਾਲੀ ਦੇ ਮਾਮਲੇ ਵਿੱਚ ਜਾਰੀ ਆਦੇਸ਼ਾ ਦੇ ਦੌਰਾਨ ਹੀ ਮਾਲਵਿੰਦਰ ਮਾਲੀ ਵਲੋਂ ਮੁੱਖ ਮੰਤਰੀ ਦੇ ਕੈਬਨਿਟ ਮੰਤਰੀਆਂ ਨੂੰ ਵੀ ਚੋਰਾਂ ਦਾ ਦਰਜ਼ਾ ਦੇ ਦਿੱਤਾ ਹੈ। ਇਸ ਵਿੱਚ ਵਿਜੈ ਇੰਦਰ ਸਿੰਗਲਾ ਨੂੰ ਸਾਰਿਆਂ ਨਾਲੋਂ ਜਿਆਦਾ ਘੇਰਿਆ ਗਿਆ ਹੈ ਅਤੇ ਉਨਾਂ ਨੂੰ ਤਾਂ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਂਦੇ ਹੋਏ ਲੋਟੂ ਟੋਲਾ ਤੱਕ ਕਹਿ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸਰਕਾਰ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਮਾਲਵਿੰਦਰ ਮਾਲੀ ਵਲੋਂ ਲਗਾਤਾਰ ਅਮਰਿੰਦਰ ਸਿੰਘ ਅਤੇ ਉਨਾਂ ਦੇ ਕੈਬਨਿਟ ਮੰਤਰੀਆਂ ’ਤੇ ਹਮਲੇ ਜਾਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ