ਝੋਨੇ ਦੇ ਕੀੜੇ-ਮਕੌੜਿਆਂ ਦੀ ਪਛਾਣ ਅਤੇ ਸਰਵਪੱਖੀ ਰੋਕਥਾਮ

ਝੋਨੇ ਦੇ ਕੀੜੇ-ਮਕੌੜਿਆਂ ਦੀ ਪਛਾਣ ਅਤੇ ਸਰਵਪੱਖੀ ਰੋਕਥਾਮ

ਪੰਜਾਬ ਵਿੱਚ ਝੋਨਾ ਸਾਉਣੀ ਦੀ ਮੁੱਖ ਫਸਲ ਹੈ, ਇਸ ਫਸਲ ’ਤੇ ਆਮ ਕਰਕੇ ਦਰਜਨ ਤੋਂ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ ਇਨ੍ਹਾਂ ’ਚੋਂ ਬਹੁਤਾ ਮਹੱਤਵ ਰੱਖਣ ਵਾਲੇ ਕੀੜੇ ਹਨ:-

ਤਣੇ ਦੇ ਗੜੂੰਏ: ਇਸ ਕੀੜੇ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ ਪੰਜਾਬ ਵਿੱਚ ਤਣੇ ਦੇ ਗੜੂੰਏ ਦੀਆਂ ਤਿੰਨ ਕਿਸਮਾਂ ਜਿਵੇਂ ਕਿ ਪੀਲਾ, ਚਿੱਟਾ ਤੇ ਗੁਲਾਬੀ ਗੜੂੰਆਂ ਮਿਲਦੀਆਂ ਹਨ ਇਨ੍ਹਾਂ ਦਾ ਹਮਲਾ ਜੁਲਾਈ ਤੋਂ ਅਕਤੂਬਰ ਵਿੱਚ ਹੁੰਦਾ ਹੈ

ਪੀਲਾ ਗੜੂੰਆਂ: ਇਸ ਦੀ ਮਾਦਾ ਬਾਲਗ ਹਲਕੇ ਸੰਤਰੀ ਵਾਲਾਂ ਨਾਲ ਅੰਡੇ ਪੱਤਿਆਂ ਦੇ ਸਿਰਿਆਂ ਦੇ ਨੇੜੇ ਝੁੰਡਾ ’ਚ ਦਿੰਦੀ ਹੈ ਸੁੰਡੀ ਇੱਕ ਅਹਾਰੀ, ਪਤਲੀ, ਹਰੀ-ਪੀਲੀ ਤੋਂ ਘਸਮੈਲੇ ਰੰਗ ਦੀ ਹੁੰਦੀ ਹੈ ਵੱਡੀਆਂ ਸੁੰਡੀਆਂ ਸਰਦੀਆਂ ਵਿਚ ਪੌਦੇ ਦੇ ਮੁੱਢਾਂ/ਪਰਾਲੀ (ਰਹਿੰਦ-ਖੂੰਹਦ) ਵਿੱਚ ਨਵੰਬਰ ਤੋਂ ਮਾਰਚ ਤੱਕ ਰਹਿੰਦੀਆਂ ਹਨ ਕੋਆ (ਪਿਊਪਾ) ਚਿੱਟੇ-ਪੀਲੇ ਰੰਗ ਦਾ ਹੁੰਦਾ ਹੈ ਤੇ ਹਰੇ ਰੰਗ ਦੀ ਭਾਅ ਮਾਰਦਾ ਹੈ ਮਾਦਾ ਪਤੰਗੇ ਦਾ ਰੰਗ ਪੀਲਾ-ਚਿੱਟਾ ਹੁੰਦਾ ਹੈ ਜਿਸ ਦੇ ਅਗਲੇ ਖੰਭ ਸੰਤਰੀ ਪੀਲੇ ਹੁੰਦੇ ਹਨ ਤੇ ਹਰੇਕ ਅਗਲੇ ਖੰਭ ਦੇ ਵਿਚਕਾਰ ਕਾਲਾ ਧੱਬਾ ਹੁੰਦਾ ਹੈ ਮਾਦਾ ਪਤੰਗੇ ਦਾ ਧੜ ਸ਼ੁਰੂ ਤੋਂ ਜ਼ਿਆਦਾ ਫੈਲਿਆ ਹੁੰਦਾ ਹੈ ਤੇ ਪੀਲੇ-ਭੂਰੇ ਰੰਗ ਦੀ ਵਾਲਾਂ ਦੀ ਝਾਲਰ ਨਾਲ ਖਤਮ ਹੁੰਦਾ ਹੈ ਨਰ ਬਾਲਗ ਹਲਕੇ ਭੂਰੇ ਰੰਗ ਦਾ ਹੁੰਦਾ ਹੈ ਜਿਸਦੇ ਅਗਲੇ ਖੰਭਾਂ ’ਤੇ ਬਹੁਤ ਛੋਟੇ-ਛੋਟੇ ਧੱਬੇ ਹੁੰਦੇ ਹਨ

ਚਿੱਟਾ ਗੜੂੰਆ: ਇਸ ਦੀ ਮਾਦਾ ਪਤੰਗਾ ਪੀਲੇ ਤੇ ਭੂਰੇ ਰੇਸ਼ਮੀ ਵਾਲਾਂ ਨਾਲ ਢੱਕੇ ਤੇ ਝੁੰਡਾਂ ਵਿਚ ਆਂਡੇ ਦਿੰਦੀ ਹੈ ਸੁੰਡੀਆਂ ਚਿੱਟੇ ਤੋਂ ਹਲਕੀਆਂ ਪੀਲੀਆਂ ਹੁੰਦੀਆਂ ਹਨ ਇਸ ਦਾ ਕੋਆ ਨਰਮ ਸਰੀਰ ਦਾ ਤੇ ਪੀਲੇ ਰੰਗ ਦਾ ਹੁੰਦਾ ਹੈ ਤੇ ਇਸ ਦੀ ਲੰਬਾਈ 12-15 ਮਿਲੀਮੀਟਰ ਹੁੰਦੀ ਹੈ ਕੋਆ, ਸੁੰਡੀ ਦੁਆਰਾ ਬਣਾਈ ਹੋਈ ਸੁਰੰਗ ਵਿੱਚ ਹੁੰਦਾ ਹੈ ਜੋ ਤਣੇ ਦੇ ਮੁੱਢ ’ਤੇ ਹੀ ਪਿਆ ਹੁੰਦਾ ਹੈ ਇਸਦੇ ਨਰ ਤੇ ਮਾਦਾ ਪਤੰਗੇ ਪਤਲੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਨਰ ਪਤੰਗੇ ਮਾਦਾ ਪਤੰਗਿਆਂ ਤੋਂ ਛੋਟੇ ਹੁੰਦੇ ਹਨ ਮਾਦਾ ਪਤੰਗੇ ਵਿੱਚ ਭੂਰੇ ਰੰਗ ਦੀ ਝਾਲਰ ਧੜ ਦੇ ਅਖੀਰ ’ਤੇ ਹੁੰਦੀ ਹੈ

ਗੁਲਾਬੀ ਗੜੂੰਆ: ਮਾਦਾ ਪਤੰਗਾ ਮਣਕਿਆਂ ਵਰਗੇ ਅੰਡੇ ਕਤਾਰਾਂ ਵਿੱਚ ਤਣੇ ਤੇ ਪੱਤੇ ਦੀ ਡੰਡੀ ਦੇ ਵਿੱਚ ਦਿੰਦੀ ਹੈ ਸੁੰਡੀਆਂ ਦੇ ਸਰੀਰ ਦਾ ਉੱਪਰਲਾ ਹਿੱਸਾ ਗੁਲਾਬੀ ਤੇ ਹੇਠਲਾ ਹਿੱਸਾ ਸਫੈਦ ਰੰਗ ਦਾ ਹੁੰਦਾ ਹੈ ਇਸ ਦਾ ਕੋਆ ਗੂੜੇ੍ਹ ਭੂਰੇ ਰੰਗ ਦਾ ਹੁੰਦਾ ਹੈ ਪਤੰਗੇ ਦੇ ਸਰੀਰ ’ਤੇ ਗੂੜੇ੍ਹ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਸਰੀਰ ’ਤੇ ਵਾਲ ਹੁੰਦੇ ਹਨ ਇਨ੍ਹਾਂ ਦੇ ਅਗਲੇ ਖਭਾਂ ਦੇ ਵਿਚਕਾਰ ਤੋਂ ਇੱਕ ਵੱਖਰੀ ਤਰ੍ਹਾਂ ਦੀ ਕਾਲੀ ਸਲੇਟੀ ਕਿਰਨ ਖੰਭ ਦੇ ਸਿਰੇ ਵੱਲ ਵਧਦੀ ਹੈ ਤੇ ਗੂੜ੍ਹੇ ਧੱਬਿਆਂ ਦੀ ਪਤਲੀ ਕਤਾਰ ਦੇ ਰੂਪ ’ਚ ਖਤਮ ਹੋ ਜਾਂਦੀ ਹੈ

ਨੁਕਸਾਨ ਚਿੰਨ੍ਹ: ਤਿੰਨੇ ਤਰ੍ਹਾਂ ਦੇ ਕੀੜਿਆਂ ਦੀਆਂ ਸੁੰਡੀਆਂ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ ਸੁੰਡੀਆਂ ਮੁੰਜਰਾਂ ਨਿੱਕਲਣ ਤੋਂ ਪਹਿਲਾਂ ਤਣੇ ’ਚ ਵੜ ਜਾਂਦੀਆਂ ਹਨ ਤੇ ਗੋਭ ਨੂੰ ਅੰਦਰੋ-ਅੰਦਰ ਖਾਈ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ ਤੇ ਇਸ ਸੁੱੱਕੀ ਗੋਭ ਨੂੰ ‘ਡੈੱਡ ਹਾਰਟ’ ਆਖਦੇ ਹਨ ਇਹ ਅਸਾਨੀ ਨਾਲ ਬੂਟੇ ’ਚੋਂ ਖਿੱਚੀ ਜਾਂਦੀ ਹੈ ਜੇਕਰ ਹਮਲਾ ਮੁੰਜਰਾਂ ਨਿੱਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਅਤੇ ਇਸ ਵਿਚ ਦਾਣੇ ਨਹੀਂ ਬਣਦੇ ਇਹ ਮੁੰਜਰਾਂ ਸਫੈਦ ਰੰਗ ਦੀਆਂ ਦਿਸਦੀਆਂ ਹਨ ਜੋ ਕਿ ਸਿੱਧੀਆਂ ਖੜ੍ਹੀਆਂ ਰਹਿੰਦੀਆਂ ਹਨ ਤੇ ਖੇਤ ਵਿੱਚ ਦੂਰੋਂ ਹੀ ਪਛਾਣੀਆਂ ਜਾਂਦੀਆਂ ਹਨ

ਸਰਵਪੱਖੀ ਰੋਕਥਾਮ:

ਕਾਸ਼ਤਕਾਰੀ ਢੰਗ (ਸਮੇਂ ਸਿਰ ਬਿਜਾਈ): ਸੁੰਡੀਆਂ ਦਾ ਹਮਲਾ ਸਿਫਾਰਸ਼ ਕੀਤੇ ਸਮੇਂ ’ਤੇ ਝੋਨਾ ਬੀਜਣ ਨਾਲ ਘਟਾਇਆ ਜਾ ਸਕਦਾ ਹੈ ਇਸ ਤਰ੍ਹਾਂ ਸੁੰਡੀਆਂ ਨੂੰ ਵਧਣ-ਫੁੱਲਣ ਦਾ ਘੱਟ ਸਮਾਂ ਮਿਲਦਾ ਹੈ

ਕੀਟਨਾਸ਼ਕ: ਫਸਲ ਵਿਚ ਲਗਾਤਾਰ ਸੁੰਡੀਆਂ ਦੇ ਨੁਕਸਾਨ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਤੇ ਜਦੋਂ ਸੁੱਕੀਆਂ ਗੋਭਾਂ 5 ਫੀਸਦੀ ਤੋਂ ਵੱਧ ਜਾਣ ਤਾਂ ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰੋ ਦੁਬਾਰਾ ਲੋਣ ਪੈਣ ’ਤੇ ਦਵਾਈਆਂ ਅਦਲ-ਬਦਲ ਕੇ ਵਰਤੋਂ

ਪੱਤਾ ਲਪੇਟ ਸੁੰਡੀ: ਮਾਦਾ ਪਤੰਗਾ ਪੱਤਿਆਂ ਦੀਆਂ ਨਾੜਾਂ ਦੇ ਨੇੜੇ ਇੱਕੋ-ਇੱਕ ਜਾਂ ਦੋ-ਦੋ ਕਰਕੇ 120-140 ਅੰਡੇ ਦਿੰਦੀ ਹੈ ਇਹ ਅੰਡੇ ਚੌੜੇ, ਚਿੱਟੇ, ਪੀਲੇ ਰੰਗ ਤੇ ਪਾਰਦਰਸ਼ੀ ਹੁੰਦੇ ਹਨ ਛੋਟੀ ਸੁੰਡੀ ਹਲਕੇ ਚਿੱਟੇ ਜਾਂ ਹਲਕੇ ਪੀਲੇ ਰੰਗ ਦੀ ਤੇ ਵੱਡੀ ਸੁੰਡੀ ਲੰਮੀ, ਪਤਲੀ ਤੇ ਹਰੇ-ਚਿੱਟੇ ਰੰਗ ਤੇ ਪਾਰਦਰਸ਼ੀ ਸਰੀਰ ਵਾਲੀ ਹੁੰਦੀ ਹੈ ਇਸ ਦਾ ਕੋਆ ਹਲਕੇ ਤੋਂ ਗੂੜ੍ਹੇ ਭੂਰੇ ਰੰਗ ਦਾ ਤੇ ਲੰਮਾ ਹੁੰਦਾ ਹੈ ਇਹ ਲਪੇਟੇ ਹੋਏ ਪੱਤਿਆਂ ਦੇ ਅੰਦਰ ਮਿਲਦਾ ਹੈ ਪੱਤਾ ਲਪੇਟ ਸੁੰਡੀ ਦੇ ਪਤੰਗੇ ਦੇ ਅਗਲੇ ਖੰਭ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਉੱਤੇ ਤਿੰਨ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ

ਨੁਕਸਾਨ ਚਿੰਨ੍ਹ: ਇਸ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾ ਲਪੇਟੇ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਕਰਕੇ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ

ਸਰਵਪੱਖੀ ਰੋਕਥਾਮ:

ਕਾਸ਼ਤਕਾਰੀ ਢੰਗ (ਛਾਂ ਦਾ ਅਸਰ): ਪੱਤਾ ਲਪੇਟ ਸੁੰਡੀ ਦਾ ਹਮਲਾ ਦਰੱਖਤਾਂ ਹੇਠਾਂ ਛਾਂ ਵਾਲੀ ਥਾਂ ’ਤੇ ਜ਼ਿਆਦਾ ਹੁੰਦਾ ਹੈ ਇੱਥੋਂ ਹੀ ਇਨ੍ਹਾਂ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ

ਮਕੈਨੀਕਲ ਢੰਗ: ਜੇਕਰ ਕੀੜੇ ਦਾ ਹਮਲਾ ਨਿੱਸਰਣ ਤੋਂ ਪਹਿਲਾਂ ਹੋਵੇ ਤਾਂ 20-30 ਮੀਟਰ ਲੰਮੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਫੇਰੋ ਪਹਿਲਾਂ ਕਿਆਰੇ ਦੇ ਇੱਕ ਸਿਰੇ ਤੋਂ ਦੂਜੇ ਤੱਕ ਰੱਸੀ ਫੇਰੋ ਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ ਇਹ ਧਿਆਨ ਵਿੱਚ ਰੱਖੋ ਕਿ ਰੱਸੀ ਫੇਰਨ ਸਮੇਂ ਫਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ

ਕੀਟਨਾਸ਼ਕ: ਜਦੋਂ ਖਾਧੇ ਪੱਤਿਆਂ ਦੀ ਗਿਣਤੀ 10 ਫੀਸਦੀ ਜਾਂ ਵਧੇਰੇ ਹੋਵੇ ਤਾਂ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰੋ ਦੁਬਾਰਾ ਲੋੜ ਪੈਣ ਤੇ ਦਵਾਈਆਂ ਅਦਲ-ਬਦਲ ਕੇ ਵਰਤੋ

ਰਸ ਚੂਸਣ ਵਾਲੇ ਕੀੜੇ: ਰਸ ਚੂਸਣ ਵਾਲੇ ਕੀੜੇ ਬੂਟਿਆਂ ਵਿੱਚੋਂ ਰਸ ਚੂਸ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰਸ ਚੂਸਣ ਵਾਲੇ ਕੀੜਿਆਂ ਵਿੱਚ ਮੁੱਖ ਤੌਰ ’ਤੇ ਬੂਟਿਆਂ ਦੇ ਟਿੱਡੇ ਆਉਂਦੇ ਹਨ ਇਨ੍ਹਾਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹਨ

ਭੂਰਾ ਟਿੱਡਾ: ਇਸ ਕੀੜੇ ਦੇ ਅੰਡੇ ਗੁੰਬਦ ਦੀ ਸ਼ਕਲ ਵਰਗੇ ਡੱਟ ਨਾਲ ਢੱਕੇ ਹੁੰਦੇ ਹਨ ਇਹ ਅੰਡੇ ਸਮੂਹ ਵਿੱਚ ਤੇ ਲੀਫ ਸ਼ੀਥ (ਤਣੇ ਦੇ ਦੁਆਲੇ ਪੱਤੇ ਦੇ ਖੋਲ) ਵਿੱਚ ਹੁੰਦੇ ਹਨ ਬੱਚੇ ਨਿੰਫ ਵਰਗੇ ਚਿੱਟੇ ਤੇ ਬਾਅਦ ਵਿੱਚ ਭੂਰੇ ਰੰਗ ਵਿੱਚ ਬਦਲ ਜਾਂਦੇ ਹਨ ਬਾਲਗ ਦਾ ਰੰਗ ਹਲਕੇ ਤੋਂ ਗੂੜ੍ਹਾ ਭੂਰਾ ਹੁੰਦਾ ਹੈ ਨਰ ਮਾਦਾ ਨਾਲੋਂ ਛੋਟੇ ਹੁੰਦੇ ਹਨ ਬਾਲਗ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲੀ ਤਰ੍ਹਾਂ ਦੇ ਬਾਲਗ ਦੇ ਖੰਭ ਬਹੁਤ ਵੱਡੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਦੂਸਰੇ ਤਰ੍ਹਾਂ ਦੇ ਬਾਲਗ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਇਹ ਇੱਕ ਤੋਂ ਦੂਜੀ ਥਾਂ ’ਤੇ ਜਾ ਸਕਦੇ ਹਨ

ਚਿੱਟੀ ਪਿੱਠ ਵਾਲਾ ਟਿੱਡਾ: ਇਸ ਕੀੜੇ ਦੇ ਅੰਡੇ ਪਹਿਲਾਂ ਸਫੈਦ ਹੁੰਦੇ ਹਨ ਜੋ ਬਾਅਦ ਵਿੱਚ ਲਾਲ ਹੋ ਜਾਂਦੇ ਹਨ ਇਸ ਦੇ ਅੰਡੇ 3-10 ਦੇ ਗਰੁੱਪ ਵਿੱਚ ਹੁੰਦੇ ਹਨ, ਜਿਹੜੇ ਕਿ ਕਤਾਰਾਂ ਵਿੱਚ ਹੁੰਦੇ ਹਨ ਨਿੰਫ (ਬੱਚੇ) ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ ਜਿਹੜੇ ਬਾਅਦ ਵਿੱਚ ਗੂੜ੍ਹੇ ਸਲੇਟੀ ਹੋ ਜਾਂਦੇ ਹਨ ਬਾਲਗ ਹਲਕੇ ਪੀਲੇ ਰੰਗ ਦੇ ਤੇ ਫਾਨੇ ਵਰਗੇ ਹੁੰਦੇ ਹਨ ਅਤੇ ਇਸ ਦਾ ਮੂੰਹ ਤਿੱਖਾ ਹੁੰਦਾ ਹੈ ਇੱਕ ਪਤਲੀ ਚਿੱਟੀ ਪੱਟੀ ਉਪਰਲੇ ਪਾਸੇ ਵਿਖਾਈ ਦਿੰਦੀ ਹੈ ਇੱਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ

ਨੁਕਸਾਨ ਚਿੰਨ੍ਹ: ਟਿੱਡਿਆਂ ਦੇ ਬੱਚੇ ਤੇ ਬਾਲਗ ਦੋਵੇਂ ਹੀ ਬੂਟੇ ਤੋਂ ਰਸ ਚੂਸਦੇ ਹਨ ਜਿਸ ਕਰਕੇ ਬੂਟੇ ਸੁੱਕ ਜਾਂਦੇ ਹਨ ਇਸ ਨੂੰ ‘ਟਿੱਡੇ ਦਾ ਸਾੜ’ ਜਾਂ ‘ਹਾਪਰ ਬਰਨ’ ਵੀ ਕਹਿੰਦੇ ਹਨ ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਫਿਰ ਨੇੜੇ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਕੁਝ ਦਿਨਾਂ ਵਿਚ ਹਮਲੇ ਵਾਲੇ ਥਾਵਾਂ ਵਿੱਚ ਵਾਧਾ ਹੋ ਜਾਂਦਾ ਹੈ

ਸਰਵਪੱਖੀ ਰੋਕਥਾਮ:

ਕਾਸ਼ਤਕਾਰੀ ਢੰਗ (ਪਾਣੀ ਦੀ ਸੁਚੱਜੀ ਵਰਤੋਂ): ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਲਈ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ ਬੂਟਿਆਂ ਦੇ ਟਿੱਡਿਆਂ ਦੇ ਹਮਲੇ ਦੇ ਸਮੇਂ ਖੇਤ ਵਿੱਚੋਂ 3-4 ਦਿਨਾਂ ਲਈ ਪਾਣੀ ਕੱਢ ਦਿਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ ਇਸ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਘਟ ਜਾਂਦਾ ਹੈ

ਕੀਟਨਾਸ਼ਕ:

ਸਰਵੇਖਣ: ਬੂਟਿਆਂ ਦੇ ਟਿੱਡੇ ਮੁੱਢਾਂ ਦਾ ਰਸ ਚੂਸਦੇ ਹਨ ਤੇ ਇਹ ਉਦੋਂ ਹੀ ਨਜ਼ਰ ਆਉਂਦੇ ਹਨ ਜਦੋਂ ਨੁਕਸਾਨ ‘ਟਿੱਡੇ ਦਾ ਸਾੜ ਜਾਂ ਹਾਪਰ ਬਰਨ’ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਇਸ ਕਰਕੇ ਇਸ ਕੀੜੇ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਪਨੀਰੀ ਪੁੱਟ ਕੇ ਖੇਤ ’ਚ ਲਾਉਣ ਤੋਂ ਇੱਕ ਮਹੀਨੇ ਬਾਅਦ ਖੇਤ ’ਚ ਕੁਝ ਬੂਟਿਆਂ ਨੂੰ ਥੋੜ੍ਹਾ ਜਿਹਾ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ ਹਰ ਹਫਤੇ ਦਰ ਹਫਤੇ ਇਸ ਤਰ੍ਹਾਂ ਕੀੜਿਆਂ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਮੌਜ਼ੂਦ ਹਨ ਜਾਂ ਨਹੀਂ

ਇਕਨਾਮਿਕ ਥਰੈਸ਼ਹੋਲਡ ਪੱਧਰ/ਆਰਥਿਕ ਥਰੈਸ਼ਹੋਲਡ ਪੱਧਰ: ਜੇਕਰ ਬੂਟਿਆਂ ਤੋਂ ਥੋੜ੍ਹਾ ਹੇਠਾਂ ਕਰਕੇ ਝਾੜਨ ਤੋਂ ਬਾਅਦ ਪ੍ਰਤੀ ਬੂਟਾ 5 ਟਿੱਡੇ ਜਾਂ ਵੱਧ ਟਿੱਡੇ ਪਾਣੀ ਉੱਤੇ ਤੈਰਦੇ ਵਿਖਾਈ ਦੇਣ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ ਚੰਗੇ ਨਤੀਜਿਆਂ ਲਈ ਕੀਟਨਾਸ਼ਕ ਦਾ ਛਿੜਕਾਅ ਬੂਟਿਆਂ ਦੇ ਮੁੱਢਆਂ ਵੱਲ ਕਰਕੇ ਕਰੋ, ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ ਇਹ ਟਿੱਡੇ ਮਾਰਨ ਲਈ ਹੱਲੇ ਵਾਲੀਆਂ ਧੌੜੀਆਂ/ਥਾਵਾਂ ਦੇ 3-4 ਮੀਟਰ ਆਲੇ-ਦੁਆਲੇ ਵੀ ਛਿੜਕਾਅ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ’ਤੇ ਹੀ ਹੁੰਦੀ ਹੈ

ਘਾਹ ਦੇ ਟਿੱਡੇ: ਇਹ ਟਿੱਡੇ ਝੋਨੇ ਦੀ ਪਨੀਰੀ ਅਤੇ ਫਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ ਇਨ੍ਹਾਂ ਦੀ ਰੋਕਥਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫਾਰਿਸ਼ ਕੀਤੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ

ਝੋਨੇ ਦਾ ਹਿਸਪਾ ਜਾਂ ਕੰਡਿਆਲੀ ਭੂੰਡੀ: ਇਹ ਕੀੜਾ ਪੰਜਾਬ ਵਿਚ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਬਹੁਤ ਹੁੰਦਾ ਹੈ ਅਤੇ ਹੁਣ ਇਸ ਦਾ ਹਮਲਾ ਪੰਜਾਬ ਦੇ ਦੂਜੇ ਇਲਾਕਿਆਂ ਵੱਲ ਵੀ ਵਧ ਰਿਹਾ ਹੈ ਇਸ ਦੇ ਬਾਲਗ ਕੀੜੇ ਦੇ ਸਰੀਰ ’ਤੇ ਕੰਡੇ ਹੁੰਦੇ ਹਨ ਇਸ ਨੂੰ ਕੰਡਿਆਲੀ ਭੂੰਡੀ ਵੀ ਕਹਿੰਦੇ ਹਨ ਇਸ ਦਾ ਮਾਦਾ ਬਾਲਗ ਪੱਤਿਆਂ ਦੇ ਸਿਰੇ ਦੇ ਤੰਤੂਆਂ ਵਿੱਚ ਅੰਡੇ ਦਿੰਦੀ ਹੈ ਗਰੱਬ/ਸੁੰਡੀ ਸਫੈਦ ਰੰਗ ਦੀ ਉੁਪਰੋਂ ਅਤੇ ਹੇਠਲੇ ਪਾਸੇ ਤੋਂ ਸਮਤਲ ਹੁੰਦੀ ਹੈ ਇਹ ਪੱਤਿਆਂ ਵਿੱਚ ਸੁਰੰਗਾਂ ਬਣਾਉਂਦੀ ਹੈ ਤੇ ਇਸਦੀਆਂ ਲੱਤਾਂ ਨਹੀਂ ਹੁੰਦੀਆਂ ਇਹ ਪੱਤਿਆਂ ਦੇ ਤੰਤੂਆਂ ਵਿਚ ਮਿਲਦੀ ਹੈ ਬਾਲਗ ਛੋਟੇ ਆਕਾਰ ਅਤੇ ਚਮਕੀਲਾ ਹਰੇ ਕਾਲੇ ਰੰਗ ਦਾ ਹੁੰਦਾ ਹੈ

ਨੁਕਸਾਨ ਚਿੰਨ੍ਹ: ਇਹ ਕੀੜਾ ਪਹਿਲਾ ਮਈ-ਜੂਨ ਤੇ ਫਿਰ ਅਗਸਤ-ਸਤੰਬਰ ਵਿੱਚ ਹਮਲਾ ਕਰਦਾ ਹੈ ਕੰਡਿਆਲੀ ਭੂੰਡੀ ਦੇ ਬੱਚੇ (ਗਰੱਬ) ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਹਰਾ ਮਾਦਾ ਖਾਂਦੇ ਹਨ, ਜਦ ਕਿ ਬਾਲਗ ਕੀੜੇ ਬਾਹਰੋਂ ਖੁਰਚ-ਖੁਰਚ ਕੇ ਹਰਾ ਮਾਦਾ ਖਾ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ ਇਸ ਨਾਲ ਪੱਤਿਆਂ ਉੱਤੇ ਚਿੱਟੀਆਂ ਛੋਟੀਆਂ ਇੱਕਸਾਰ ਧਾਰੀਆਂ ਪੈ ਜਾਂਦੀਆਂ ਹਨ ਜ਼ਿਆਦਾ ਹਮਲੇ ਵਾਲਾ ਖੇਤ ਦੂਰੋਂ ਹੀ ਚਿੱਟਾ ਦਿਸਦਾ ਹੈ

ਸਰਵਪੱਖੀ ਰੋਕਥਾਮ:

ਮਕੈਨੀਕਲ ਢੰਗ (ਪੱਤਿਆਂ ਨੂੰ ਲਾਪਰਨਾ): ਪਨੀਰੀ ਵਿਚ ਹਮਲਾ ਹੋਣ ’ਤੇ ਖੇਤ ਵਿੱਚੋਂ ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਦੇ ਪੱਤੇ ਕੱਟ ਕੇ ਨਸ਼ਟ ਕਰ ਦਿਓ

ਕੀਟਨਾਸ਼ਕ: ਹਿਸਪੇ ਦੀ ਰੋਕਥਾਮ ਲਈਕੀਟਨਾਸ਼ਕਾਂ ਵਿਚੋਂ ਦੀ ਵਰਤੋਂ ਕਰੋ

ਮਿੱਤਰ ਕੀੜੇ: ਝੋਨੇ ਵਿੱਚ ਕਈ ਤਰ੍ਹਾਂ ਦੇ ਮਿੱਤਰ ਕੀੜੇ ਹੁੰਦੇ ਹਨ ਜੋ ਕਿ ਝੋਨੇ ਦੇ ਕੀੜਿਆਂ ਦਾ ਸ਼ਿਕਾਰ ਕਰਦੇ ਹਨ ਤੇ ਉਨ੍ਹਾਂ ਦਾ ਹਮਲਾ ਘਟਾਉਂਦੇ ਹਨ ਮਿੱਤਰ ਕੀੜਿਆਂ ਨੂੰ ਵਧਣ-ਫੁੱਲਣ ਵਿੱਚ ਮੱਦਦ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਇਹ ਮਿੱਤਰ ਕੀੜੇ ਨਸ਼ਟ ਨਾ ਹੋ ਸਕਣ

ਸਾਵਧਾਨੀਆਂ:

ਫਸਲਾਂ ਦੇ ਸ਼ੁਰੂਆਤੀ ਸਮੇਂ ’ਤੇ ਕਦੇ ਵੀ ਬੇਲੋੜ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ ਖਾਸ ਕਰਕੇ ਸਿੰਥੈਟਿਕ ਪਰਿਥਰਾਇਡ ਦੀ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਕੀੜੇ-ਮਕੌੜੇ ਖਾਸ ਕਰਕੇ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਦੀ ਹੈ ਤੇ ਮਿੱਤਰ ਕੀੜੇ ਮਰਨ ਦੀ ਸੰਭਾਵਨਾ ਵਧ ਜਾਂਦੀ ਹੈ

ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰੋ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਖੋਖਲੀ ਤਿਕੋਨੀ ਨੋਜ਼ਲ ਵਾਲੇ ਨੈਪਸੇਕ ਸਪ੍ਰੇਅਰ ਨੂੰ ਵਰਤਿਆ ਜਾ ਸਕਦਾ ਹੈ ਕੀਟਨਾਸ਼ਕ ਨੂੰ 100 ਲੀਟਰ ਪਾਣੀ ਦੀ ਮਾਤਰਾ ਵਿੱਚ ਘੋਲ ਕੇ ਪ੍ਰਤੀ ਏਕੜ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ

ਨੋਟ: ਝੋਨੇ ਨੂੰ ਸਿਫਾਰਸ਼ ਕੀਤੀ ਹੋਈ ਖਾਦ ਹੀ ਪਾਓ ਸਿਫਾਰਸ਼ ਤੋਂ ਵੱਧ ਨਾਈਟ੍ਰੋਜਨ ਖਾਦ ਪਾਉਣ ਨਾਲ ਕੀੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਖਾਦਾਂ ਦੀ ਸੁਚੱਜੀ ਵਰਤੋਂ ਲਈ ਜ਼ਮੀਨ ਦੀ ਪਰਖ ਦੇ ਆਧਾਰ/ਪੱਤਾ ਰੰਗ ਚਾਰਟ/ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰਨੀ ਚਾਹੀਦੀ ਹੈ

ਧੰਨਵਾਦ ਸਹਿਤ, ਖੇਤੀਬਾੜੀ ’ਵਰਸਿਟੀ, ਲੁਧਿਆਣਾ