‘ਜਿੱਤਾਂ ਭਾਵੇਂ ਹਾਰ ਜਾਵਾਂ ਪਰ ਰਾਜਪੁਰੇ ਮੈਂ ਕਰਾਂਗਾ ਗੁੰਡਿਆਂ ਦੀ ਗੁੰਡਾਗਰਦੀ ਬੰਦ’

Rajputs, GoofUp, Goons

ਅਕਾਲੀ-ਭਾਜਪਾ ਉਮੀਦਵਾਰ ਸੁਰਜੀਤ ਰੱਖੜਾ ਨੇ ਰਾਜਪੁਰਾ ਵਿਖੇ ਦਿੱਤੀ ਸਿੱਧੀ ਚਿਤਾਵਨੀ

ਕਿਹਾ, ਰਾਜਪੁਰਾ ਵਿਖੇ ਕਾਂਗਰਸੀ ਕਰ ਰਹੇ ਹਨ ਗੁੰਡਾਗਰਦੀ

ਇੱਕ ਇੱਕ ਝੂਠਾ ਮਾਮਲਾ ਦਰਜ਼ ਹੋਏਗਾ ਰੱਦ, ਮੈਂ ਖ਼ੁਦ ਦਿਆਂਗਾ ਸਾਥ ਭਾਵੇਂ ਹੋ ਜਾਏ ਕੁਝ: ਰੱਖੜਾ

ਰਾਜਪੁਰਾ, ਅਸ਼ਵਨੀ ਚਾਵਲਾ

ਮੈਂ ਜਿੱਤਾਂ ਭਾਵੇਂ ਹਾਰ ਜਾਵਾਂ ਪਰ ਇੰਨਾ ਜਰੂਰ ਵਾਅਦਾ ਕਰਦਾ ਹਾਂ ਕਿ ਰਾਜਪੁਰਾ ਵਿਖੇ ਕੁਝ ਗੁੰਡਿਆਂ ਵੱਲੋਂ ਕੀਤੀ ਜਾ ਰਹੀਂ ਗੁੰਡਾਗਰਦੀ 23 ਮਈ ਤੋਂ ਬਾਅਦ ਬੰਦ ਕਰਵਾ ਦਿੱਤੀ ਜਾਏਗੀ। ਰਾਜਪੁਰਾ ਵਿਖੇ ਕੁਝ ਕਾਂਗਰਸੀ ਲੀਡਰ ਨਾ ਸਿਰਫ਼ ਗੁੰਡਾਗਰਦੀ ਕਰਨ ‘ਚ ਲੱਗੇ ਹੋਏ ਹਨ, ਸਗੋਂ ਨਿਰਦੋਸ਼ਾਂ ‘ਤੇ ਝੂਠੇ ਮਾਮਲੇ ਤੱਕ ਦਰਜ ਕਰਵਾ ਰਹੇ ਹਨ। ਇਨ੍ਹਾਂ ਗੁੰਡਿਆਂ ਨੂੰ ਸਬਕ ਸਿਖਾਉਣ ਦੇ ਨਾਲ ਹੀ ਹਰ ਝੂਠਾ ਮਾਮਲਾ ਰੱਦ ਕਰਵਾਇਆ ਜਾਏਗਾ, ਭਾਵੇਂ ਮੈਨੂੰ ਕਿਸੇ ਵੀ ਹੱਦ ਤੱਕ ਅੰਦੋਲਨ ਕਰਨਾ ਪਵੇ ਜਾਂ ਫਿਰ ਕਿਸੇ ਖ਼ਿਲਾਫ਼ ਸੜਕ ‘ਤੇ ਉਤਰਨਾ ਪਵੇ।

ਇਹ ਐਲਾਨ ਲੋਕ ਸਭਾ ਹਲਕਾ ਪਟਿਆਲਾ ਤੋਂ  ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਰਾਜਪੁਰਾ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਰਾਜਪੁਰਾ ਵਿਖੇ ਵੱਖ ਵੱਖ ਬਜ਼ਾਰਾਂ ‘ਚ ਇੱਕ-ਇੱਕ ਦੁਕਾਨਦਾਰ ਨੂੰ ਮਿਲ ਰਹੇ ਸਨ। ਦੁਕਾਨਦਾਰਾਂ ਨੇ ਸੁਰਜੀਤ ਸਿੰਘ ਰੱਖੜਾ ਕੋਲ ਆਪਣਾ ਦੁੱਖੜਾ ਵੀ ਰੋਇਆ ਤੇ ਸ਼ਿਕਾਇਤਾਂ ਦੱਸਦੇ ਹੋਏ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਕਾਂਗਰਸ ਦੀ ਲੀਡਰਸ਼ਿਪ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਏ।

ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਤੋਂ ਬਾਦ ਸੁਰਜੀਤ ਸਿੰਘ ਰੱਖੜਾ ਨੇ ਵਾਅਦਾ ਕੀਤਾ ਕਿ ਚੋਣਾਂ ਤੋਂ ਬਾਅਦ ਉਹ ਰਾਜਪੁਰਾ ਵਿਖੇ ਖ਼ੁਦ ਆਉਣਗੇ ਤੇ ਹਰ ਇੱਕ ਦੀ ਸ਼ਿਕਾਇਤ ਅਨੁਸਾਰ ਕਾਰਵਾਈ ਕੀਤੀ ਜਾਏਗੀ, ਭਾਵੇਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਕਰਦੇ ਹੋਏ ਕਿਸੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਹੀ ਕਿਉਂ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਰਾਜਪੁਰਾ ਦੇ ਲੋਕ ਕਾਂਗਰਸ ਤੋਂ ਦੁਖੀ ਹਨ, ਓਨਾਂ ਤਾਂ ਬ੍ਰਿਟਿਸ਼ ਰਾਜ ‘ਚ ਵੀ ਜਨਤਾ ਨੂੰ ਦੁਖੀ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਆਮ ਜਨਤਾ ਕੋਲ ਵੱਡੀ ਤਾਕਤ ਹੈ, ਜਿਸ ਦੀ ਵਰਤੋਂ ਕਰਦੇ ਹੋਏ ਜਨਤਾ ਅਕਾਲੀ-ਭਾਜਪਾ ਦੇ ਹੱਕ ‘ਚ ਵੋਟ ਭੁਗਤਾਉਣ ਤਾਂ ਕਿ ਸੰਸਦ ਮੈਂਬਰ ਦੀ ਤਾਕਤ ਉਨ੍ਹਾਂ ਦੇ ਹੱਥ ‘ਚ ਆਉਣ ਤੋਂ ਬਾਅਦ ਉਹ ਹਰ ਇੱਕ ਜ਼ੁਲਮ ਦਾ ਬਦਲਾ ਲੈ ਸਕਣ।

ਸ੍ਰ. ਰੱਖੜਾ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਕੋਲ ਬਹੁਤ ਹੀ ਜਿਆਦਾ ਤਾਕਤ ਹੁੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਪਰਨੀਤ ਕੌਰ ਵੱਲੋਂ ਅੱਜ ਤੱਕ ਸੰਸਦ ਮੈਂਬਰ ਦੀ ਤਾਕਤ ਦੀ ਵਰਤੋਂ ਨਹੀਂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਪਰਨੀਤ ਕੌਰ, ਕਾਂਗਰਸੀ ਵਿਧਾਇਕਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਤਾਕਤ ਦੀ ਗਲਤ ਵਰਤੋਂ ਕਰਦੇ ਹੋਏ ਆਮ ਲੋਕਾਂ ‘ਤੇ ਜ਼ੁਲਮ ਢਾਹਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ, ਕੁਝ ਦਿਨਾਂ ਬਾਅਦ ਹੀ ਰਾਜਪੁਰਾ ਦੇ ਲੋਕਾਂ ਨੂੰ ਇਸ ਜ਼ੁਲਮ ਤੋਂ ਨਿਜਾਤ ਮਿਲ ਜਾਏਗੀ।

ਐੱਸਐੱਸਪੀ ਰੱਦ ਕਰਨ ਝੂਠੇ ਮਾਮਲੇ ਨਹੀਂ ਤਾਂ ਹੋਏਗੀ ਸਖ਼ਤ ਕਾਰਵਾਈ

ਸੁਰਜੀਤ ਸਿੰਘ ਰੱਖੜਾ ਨੇ ਐੱਸਐੱਸਪੀ ਪਟਿਆਲਾ ਨੂੰ ਝੂਠੇ ਮਾਮਲਿਆਂ ‘ਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਖ਼ੁਦ ਆਪਣੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਝੂਠੇ ਮਾਮਲੇ ਰੱਦ ਕਰਵਾਉਣ, ਨਹੀਂ ਤਾਂ ਉਹ ਖ਼ੁਦ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਪੁਲਿਸ ਅਫ਼ਸਰ ਪਿਛਲੇ 2 ਸਾਲਾਂ ਤੋਂ ਕੁਝ ਕਾਂਗਰਸੀਆਂ ਦੇ ਇਸ਼ਾਰੇ ‘ਤੇ ਚੱਲ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਕਿਸੇ ਵੀ ਅਧਿਕਾਰੀ ਨੂੰ ਕਿਸੇ ਲੀਡਰ ਦੇ ਕਹਿਣ ‘ਤੇ ਝੂਠਾ ਮਾਮਲਾ ਦਰਜ ਕਰਵਾ ਕੇ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਨ।

ਪਿੰਡਾਂ ਦੇ ਪਿੰਡ ਪਰਨੀਤ ਕੌਰ ਖ਼ਿਲਾਫ਼, ਪਿੰਡਾਂ ਤੋਂ ਦੂਰ ਰਹਿਣ ਪਰਨੀਤ ਕੌਰ

ਸੁਰਜੀਤ ਸਿੰਘ ਰੱਖੜਾ ਨੇ ਬੀਤੇ ਦਿਨੀਂ ਕਾਂਗਰਸੀ ਉਮੀਦਵਾਰ ਦੀ ਮੀਟਿੰਗ ‘ਚ ਹੋਈ ਹਿੰਸਾ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਤੰਤਰ ‘ਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਤੇ ਆਮ ਜਨਤਾ ਨੂੰ ਵੀ ਕਿਸੇ ਵੀ ਨਰਾਜ਼ਗੀ ਨੂੰ ਲੈ ਕੇ ਹਿੰਸਾ ਨਹੀਂ ਕਰਨੀ ਚਾਹੀਦੀ ਹੈ। ਉਹ ਇਸ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਹਨ ਤੇ ਇੱਥੇ ਹੀ ਪਰਨੀਤ ਕੌਰ ਨੂੰ ਸਲਾਹ ਵੀ ਦੇਣਾ ਚਾਹੁੰਦੇ ਹਨ ਕਿ ਉਹ ਪਿੰਡਾਂ ਤੋਂ ਦੂਰੀ ਬਣਾ ਕੇ ਰੱਖਣ, ਕਿਉਂਕਿ ਪਿੰਡਾਂ ਦੇ ਪਿੰਡ ਪਰਨੀਤ ਕੌਰ ਤੇ ਖ਼ਾਸ ਕਰਕੇ ਕਾਂਗਰਸ ਖ਼ਿਲਾਫ਼ ਹੋਏ ਬੈਠੇ ਹਨ। ਇਸ ਲਈ ਜਿੱਥੇ ਵਿਰੋਧ ਹੋ ਰਿਹਾ ਹੋਵੇ, ਉਸ ਥਾਂ ਤੋਂ ਖ਼ੁਦ ਹੀ ਦੂਰੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਪੂਰਾ ਇੱਕ ਨਹੀਂ ਕੀਤਾ ਗਿਆ, ਜਿਸ ਕਾਰਨ ਆਮ ਜਨਤਾ ਕਾਂਗਰਸ ਖ਼ਿਲਾਫ਼ ਹੋਈ ਬੈਠੀ ਹੈ, ਜਿਸ ਦਾ ਖ਼ਮਿਆਜ਼ਾ ਪਰਨੀਤ ਕੌਰ ਨੂੰ ਜਨਤਾ ਦੇ ਗੁੱਸੇ ਨਾਲ ਕਰਨਾ ਪੈ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here