ਪਤੀ ਪਤਨੀ ਤੇ ਨੌਕਰ ਨੂੰ ਬੰਧਕ ਬਣਾ ਕੀਤੀ ਲੱਖਾਂ ਦੀ ਲੁੱਟ

ਹਥਿਆਰਾਂ ਦੀ ਨੋਕ ‘ਤੇ ਦਿੱਤਾ ਘਟਨਾ ਨੂੰ ਅੰਜਾਮ

ਨਾਭਾ, (ਤਰੁਣ ਕੁਮਾਰ ਸ਼ਰਮਾ) ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹਥਿਆਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਘਟਨਾ ਸਮੇਂ ਘਰ ਵਿੱਚ ਪੀੜਤ ਵਿਅਕਤੀ, ਉਸ ਦੀ ਪਤਨੀ ਅਤੇ ਨੌਕਰ ਮੌਜੂਦ ਸਨ ਜਿਨ੍ਹਾਂ ਨੂੰ ਹਥਿਆਰਬੰਦ ਲੁਟੇਰਿਆਂ ਨੇ ਬੰਧਕ ਬਣਾ ਲਿਆ ਅਤੇ ਘਰ ‘ਚੋਂ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ।

ਘਟਨਾ ਦੀ ਪੁਸ਼ਟੀ ਕਰਦਿਆਂ ਪਿੰਡ ਚੱਠੇ ਦੇ ਬਲਵੰਤ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਸਦਾ ਨੌਕਰ ਉਸਦੀ ਦੇਖਭਾਲ ਲਈ ਉਸ ਕੋਲ ਹੀ ਸੌਂਦਾ ਹੈ। ਅੱਜ ਸਵੇਰੇ ਜਦੋਂ ਉਸ ਨੇ ਪੰਜ ਕੁ ਵਜੇ ਨੌਕਰ ਨੂੰ ਕਿਹਾ ਕਿ ਡੰਗਰਾਂ ਨੂੰ ਹਰਾ ਚਾਰਾ ਪਾ ਦੇਵੇ। ਇਸ ਦੌਰਾਨ ਉਸ ਦਾ ਰੌਲਾ ਸੁਣ ਉਸ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਨੌਕਰ ਨੂੰ ਡੰਗਰ ਨੇ ਮਾਰ ਦਿੱਤਾ ਹੋਵੇਗਾ, ਤੂੰ ਦੇਖ ਕੇ ਆ। ਬਾਹਰ ਜਾਣ ‘ਤੇ ਲੁਟੇਰਿਆਂ ਨੇ ਉਸਦੀ ਘਰਵਾਲੀ ਨੂੰ ਬੰਧਕ ਬਣਾ ਲਿਆ ਅਤੇ ਉਸ ਕੋਲ ਕਮਰੇ ਵਿੱਚ ਲਿਆਂਦਾ। ਇੱਕ ਲੁਟੇਰੇ ਨੇ ਉਸ ‘ਤੇ ਰਿਵਾਲਵਰ ਤਾਣ ਲਈ ਅਤੇ ਉਸਦੀ ਗਰਦਨ ਦੱਬ ਲਈ।

ਬਾਕੀ ਲੁਟੇਰਿਆਂ ਨੇ ਉਸਦੇ 02 ਮੋਬਾਇਲ, ਘਰ ਦੀ ਨਗਦੀ, ਗਹਿਣੇ ਆਦਿ ਸਾਰੇ ਲੁੱਟ ਲਏ। ਪੀੜਤ ਨੇ ਦੱਸਿਆ ਕਿ ਘਰ ‘ਚ ਉਸ ਦੀ ਆਪਣੀ ਅਤੇ ਉਸ ਦੀ ਬੇਟੀ (ਜੋ ਕਿ ਬਾਹਰ ਗਈ ਹੋਈ ਹੈ) ਦੇ 40 ਤੋਲੇ ਗਹਿਣੇ ਵੀ ਪਏ ਸਨ। ਪੀੜਤ ਨੇ ਦੱਸਿਆ ਕਿ ਅੰਦਾਜੇ ਮੁਤਾਬਿਕ ਉਸ ਦਾ 20 ਕੁ ਲੱਖ ਦਾ ਨੁਕਸਾਨ ਹੋ ਗਿਆ ਹੈ। ਨੌਕਰ ਨੇ ਦੱਸਿਆ ਕਿ ਡੰਗਰਾਂ ਨੂੰ ਪੱਠੇ ਪਾਉਣ ਸਮੇਂ ਲੁਟੇਰਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਹੱਥ ਬੰਨਣ ਲੱਗੇ, ਜਿਸ ਕਾਰਨ ਉਸ ਨੇ ਰੌਲਾ ਪਾਇਆ। ਨੌਕਰ ਅਨੁਸਾਰ ਲੁਟੇਰੇ ਤੂੜੀ ਵਾਲੇ ਕਮਰੇ ਵਿੱਚ ਲੁਕੇ ਹੋਏ ਸਨ ਕਿਉਂਕਿ ਘਰ ਦੇ ਦਰਵਾਜੇ ਪਹਿਲਾਂ ਤੋਂ ਬੰਦ ਸਨ। ਉਸ ਅਨੁਸਾਰ ਲੁਟੇਰਿਆਂ ਦੇ ਫਰਾਰ ਹੋਣ ਬਾਦ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਆਜਾਦ ਕਰਵਾਇਆ ਹੈ। ਉਸ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ 4 ਸੀ ਜੋ ਕਿ ਹਥਿਆਰਬੰਦ ਸਨ।

ਘਟਨਾ ਸਬੰਧੀ ਡੀਐਸਪੀ ਰਾਜੇਸ ਛਿੱਬਰ ਨੇ ਦੱਸਿਆ ਕਿ ਸਵੇਰ ਸਮੇਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਕੋਤਵਾਲੀ, ਥਾਣਾ ਅਤੇ ਸੀਆਈਏ ਦੇ ਇੰਚਾਰਜਾਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਲੁਟੇਰੇ 20 ਤੋਂ 25 ਤੱਕ ਦੀ ਉਮਰ ਦੇ ਸਨ ਅਤੇ ਹਥਿਆਰਬੰਦ ਦੱਸੇ ਗਏ ਹਨ। ਪੀੜਤ ਦੇ ਦੱਸਣ ਮੁਤਾਬਿਕ ਤਕਰੀਬਨ 25 ਤੋਲੇ ਸੋਨਾ ਅਤੇ 02 ਲੱਖ ਦੀ ਨਕਦੀ ਲੁੱਟੀ ਗਈ ਹੈ। ਡੀਐਸਪੀ ਰਾਜੇਸ ਛਿੱਬਰ ਨੇ ਭਰੋਸਾ ਦਿੰਦਿਆਂ ਕਿਹਾ ਕਿ ਪੁਲਿਸ ਸਾਰੇ ਪੁਆਇੰਟਾਂ ਨੂੰ ਬਾਰੀਕੀ ਨਾਲ ਖੋਖ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲਿਸ ਦੇ ਕਾਬੂ ਵਿੱਚ ਹੋਣਗੇ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.