ਮਾਲਵੇ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ

Hundreds, Crores, Rupees, Crushed, Farmers, Malwa

ਕਿਸਾਨ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ‘ਚ

ਅਸ਼ੋਕ ਵਰਮਾ, ਬਠਿੰਡਾ

ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਮਾਲਵੇ ਵਿੱਚ ਸਿੰਚਾਈ ਲਈ ਬਣੇ ਸੂਏ ਕੱਸੀਆਂ ਆਦਿ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ ਲੱਗ ਗਿਆ ਹੈ ਜਦੋਂਕਿ ਕਿਸਾਨ ਧਿਰਾਂ ਇਸ ਨੁਕਸਾਨ ਨੂੰ ਕਿਤੇ ਜਿਆਦਾ ਦੱਸ ਰਹੀਆਂ ਹਨ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਮਸਲੇ ਨਾਲ ਕਿਸ ਤਰ੍ਹਾਂ ਨਜਿੱਠਣ ਕਈ ਇਲਾਕਿਆਂ ‘ਚ ਤਾਂ ਨਰਮੇ ਕਪਾਹ ਦੀ ਫਸਲ ਹਾਲੇ ਵੀ ਪਾਣੀ ‘ਚ ਡੁੱਬੀ ਹੋਈ ਹੈ ਮਾਲਵੇ ‘ਚ ਸਭ ਤੋਂ ਵੱਡਾ ਨੁਕਸਾਨ ਘੱਗਰ ਨੇ ਕੀਤਾ ਹੈ, ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ ਪਿਛਲੇ ਇੱਕ ਹਫਤੇ ਦੌਰਾਨ ਰਜਬਾਹਿਆਂ ‘ਚ ਪਏ ਪਾੜਾਂ ਕਾਰਨ ਸੈਂਕੜੇ ਏਕੜ ਨਰਮਾ ਤੇ ਝੋਨਾ ਨੁਕਸਾਨਿਆ ਗਿਆ ਹੈ

ਮਾਲਵੇ ਦਾ ਕੋਈ ਇੱਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪਾਣੀ ਕਾਰਨ ਫਸਲ ਨੂੰ ਮਾਰ ਨਾ ਪਈ ਹੋਵੇ ਕਿਸਾਨ ਸਰਕਾਰ ਵੱਲੋਂ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਿਨ੍ਹਾਂ ਸੂਏ ਕੱਸੀਆਂ ‘ਚ ਐਤਕੀਂ ਪਾੜ ਪਿਆ ਹੈ ਉਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੇ ਹਨ, ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਉਨ੍ਹਾਂ ਆਖਿਆ ਕਿ ਪਾੜ ਪੈਣ ਨਾਲ ਫਸਲਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ ਅਤੇ ਪਾੜ ਵੀ ਕਿਸਾਨਾਂ ਨੂੰ ਆਪਣੇ ਪੱਧਰ ‘ਤੇ ਪੂਰਨੇ ਪੈਂਦੇ ਹਨ

ਆਪਣੇ ਪੱਧਰ ‘ਤੇ ਪੂਰਦਾ ਮਹਿਕਮਾ ਪਾੜ

ਮਾਲਵੇ ਦੇ ਸੱਤ ਜ਼ਿਲ੍ਹਿਆਂ ਲਈ ਸਿੰਚਾਈ ਮਾਮਲਿਆਂ ਨੂੰ ਦੇਖਣ ਵਾਲੇ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਨਾਨ ਪਲਾਨ ਫੰਡ ਸਾਲ 1999 ‘ਚ ਬੰਦ ਹੋ ਗਏ ਸਨ ਅਤੇ ਹੁਣ ਪਾੜ ਪੂਰਨ ‘ਤੇ ਆਉਣ ਵਾਲਾ ਖਰਚ ਸਰਕਾਰ ਮੰਗ ਦੇ ਅਧਾਰ ‘ਤੇ ਭੇਜਦੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਾੜ ਪੂਰਨ ਦੇ ਤੱਥ ਸਹੀ ਨਹੀਂ ਹਨ ਤੇ ਹਮੇਸ਼ਾ ਹੀ ਇਹ ਕੰਮ ਮਹਿਕਮਾ ਆਪਣੇ ਪੱਧਰ ‘ਤੇ ਕਰਦਾ ਹੈ ਉਨ੍ਹਾਂ ਕਿਹਾ ਕਿ ਕਈ ਰਜਬਾਹਿਆਂ ਦੀ ਲਾਈਨਿੰਗ ਕਾਫੀ ਪੁਰਾਣੀ ਹੋਣ ਕਰਕੇ ਟੁੱਟਣ ਦੀ ਸਮੱਸਿਆ ਆਉਂਦੀ ਹੈ ਫਿਰ ਵੀ ਨਹਿਰੀ ਵਿਭਾਗ ਵੱਲੋਂ ਮੁਰੰਮਤ ਦੇ ਯਤਨ ਜਾਰੀ ਹਨ

ਨਹਿਰੀ ਵਿਭਾਗ ਦਾ ਖੀਸਾ ਖਾਲੀ

ਪਾੜਾਂ ਨੂੰ ਬੰਦ ਕਰਨ ਦੇ ਮਾਮਲੇ ‘ਚ ਨਹਿਰੀ ਵਿਭਾਗ ਦਾ ਖੀਸਾ ਖਾਲੀ ਹੈ ਪਾੜ ਪੈਣ ‘ਤੇ ਅਫਸਰ ਡੰਗ ਟਪਾਉਣ ਨੂੰ ਤਰਜੀਹ ਦਿੰਦੇ ਹਨ ਸੂਤਰ ਦੱਸਦੇ ਹਨ ਕਈ ਵਰ੍ਹੇ ਪਹਿਲਾਂ ਮਹਿਕਮੇ ਕੋਲ ਜੋ ਸਮਾਨ ਹੁੰਦਾ ਸੀ, ਉਹ ਖਤਮ ਹੋ ਗਿਆ ਹੈ ਖਾਲ੍ਹੀ ਗੱਟੇ ਹੀ ਆਪਣੇ ਪੱਧਰ ‘ਤੇ ਖਰੀਦਣੇ ਵਿੱਤੋਂ ਬਾਹਰ ਹਨ ਹੁਣ ਤਾਂ ਨਹਿਰੀ ਵਿਭਾਗ ਕੋਲ ਕਹੀਆਂ ਤੇ ਰੱਸੇ ਵੀ ਨਹੀਂ ਹਨ, ਸਗੋਂ ਇਹ ਸਮਾਨ ‘ਵਗਾਰ’ ‘ਚ ਹੀ ਲੈਣਾ ਪੈਂਦਾ ਹੈ ਸੂਤਰਾਂ ਨੇ ਦੱਸਿਆ ਕਿ ਪਾੜਾਂ ਲਈ ਸਰਕਾਰ ਕੋਈ ਫੰਡ ਨਹੀਂ ਜਾਰੀ ਕਰਦੀ ਹੈ ਇੱਕ ਪਾੜ ਭਰਨ ਲਈ ਦਸ ਹਜ਼ਾਰ ਤੋਂ ਲੱਖ ਰੁਪਏ ਤੱਕ ਖਰਚ ਹੋ ਜਾਂਦੇ ਹਨ ਜੋ ਵੱਡੇ ਪਾੜ ਹੁੰਦੇ ਹਨ, ਉਨ੍ਹਾਂ ਲਈ ਜੇਸੀਬੀ ਮਸ਼ੀਨਾਂ ਮੰਗਵਾਉਣੀਆਂ ਪੈਂਦੀਆਂ ਹਨ, ਜਿਸ ਨਾਲ ਖਰਚਾ ਵਧ ਜਾਂਦਾ ਹੈ ਮਹਿਕਮੇ ਕੋਲ ਕਰੀਬ 10 ਸਾਲ ਪਹਿਲਾਂ ਨਾਨ ਪਲਾਨ ਦੇ ਫੰਡ ਹੁੰਦੇ ਸਨ, ਜਿਨ੍ਹਾਂ ਦੀ ਪਾੜ ਲੋੜ ਪੈਣ ‘ਤੇ ਵਰਤੋਂ ਕਰ ਲਈ ਜਾਂਦੀ ਸੀ ਸਰਕਾਰ ਨੇ ਇਹ ਫੰਡ ਹੀ ਬੰਦ ਕਰ ਦਿੱਤੇ ਹਨ, ਜਿਸ ਕਰਕੇ ਮਹਿਕਮਾ ਬਿਨਾਂ ਹਥਿਆਰਾਂ ਤੋਂ ਜੰਗ ਲੜਦਾ ਹੈ

ਪੰਜ ਸੌ ਕਰੋੜ ਤੋਂ ਵੀ ਵੱਧ ਦਾ ਨੁਕਸਾਨ : ਕੋਕਰੀ ਕਲਾਂ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਿਲੀਆਂ ਸੂਚਨਾਵਾਂ ਮੁਤਾਬਕ ਨੁਕਸਾਨ ਪੰਜ ਸੌ ਕਰੋੜ ਤੋਂ ਵੱਧ ਦਾ ਹੈ ਕਿਉਂਕਿ ਲੱਖਾਂ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਸੂਏ ਕੱਸੀਆਂ ਟੁੱਟਣਾ ਨਹਿਰੀ ਵਿਭਾਗ ਦੀ ਮੁਜਰਮਾਨਾ ਅਣਗਹਿਲੀ ਹੈ ਜਿਸ ਦਾ ਕਿਸਾਨਾਂ ਨੂੰ ਫੌਰੀ ਤੌਰ ‘ਤੇ ਮੁਆਵਜ਼ਾ ਦੇਣਾ ਚਾਹੀਦਾ ਹੈ

ਰਿਪੋਰਟ ਆਉਣ ਤੇ ਫੌਰੀ ਮੁਆਵਜ਼ਾ

ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਗਿਰਦਾਵਰੀ ਲਈ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰਨ ਲਈ ਵੀ ਆਖ ਦਿੱਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here