ਮੌਜੂਦਾ ਸਮੇਂ ਦੇ ਸੰਦਰਭ ’ਚ ਪੰਜਾਬੀ ਸੱਭਿਆਚਾਰ ਦੀ ਹਾਸਰਸ ਵਿਧਾ ਤੋਂ ਅਨਜਾਣ ਨਰੜ ਅਤੇ ਕਲਾਕਾਰਾਂ ਦੀ ਬਦੌਲਤ ਪੰਜਾਬੀਆਂ ਨੇ ਆਪਣਾ ਮੱੁਖ ਲੱਚਰ ਅਤੇ ਅਸੱਭਿਅਕ ਦਿਸ਼ਾਵਾਂ ਵੱਲ ਹੀ ਨਹੀਂ ਮੋੜਿਆ ਬਲਕਿ ਦਿਨ-ਬ-ਦਿਨ ਅਜੀਬੋ-ਗਰੀਬ ਭੱਦੀਆਂ ਹਰਕਤਾਂ ਤੇ ਪਹਿਰਾਵੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਨਿੱਤ ਨਵੇਂ ਤੋਂ ਨਵੇਂ ਲੋਕ ਸੋਸ਼ਲ ਮੀਡੀਆ ਰਾਹੀਂ ਪ੍ਰਸਿੱਧੀ ਬਟੋਰਨ ਦੇ ਵਹਾਅ ਨੇ ਪੰਜਾਬੀ ਸੱਭਿਆਚਾਰਕ ਰਹੁ-ਰੀਤਾਂ ਨੂੰ ਲੀਹ ਤੋਂ ਭਟਕਾਇਆ ਹੈ।
ਪੰਜਾਬੀ ਗਾਇਕੀ ਜਾਂ ਦੋਗਾਣਿਆਂ ਦੇ ਟੋਟਕਿਆਂ ਦੇ ਅਜੀਬੋ-ਗਰੀਬ ਫਿਲਮਾਂਕਣ ਸਾਡੇ ਪੰਜਾਬੀ ਸੱਭਿਆਚਾਰ ਦੇ ਅਨੁਕੂਲ ਨਾ ਹੋਣ ਕਰਕੇ ਅਸੱਭਿਅਕ ਸਿੱਧ ਹੋ ਰਹੇ ਹਨ। ਇੰਨ੍ਹਾਂ ਲੋਕਾਂ ਦੀਆਂ ਮੂਰਖਤਾਈਆਂ, ਵਿਅੰਗ ਅਤੇ ਸੁਹਜ ਭਰੀਆਂ ਹਰਕਤਾਂ ਤੋਂ ਦੂਰੀ ਸਦਕਾ ਪੰਜਾਬੀਆਂ ਪ੍ਰਤੀ ਲੋਕਾਂ ਦੀ ਚੰਗੀ ਰਾਇ ਦਾ ਬਣਨਾ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਅਜਿਹੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਸਮਾਜ ਵਾਸਤੇ ਸਾਰਥਿਕ ਨਹੀਂ ਹੋ ਸਕਦੀਆਂ। ਜਦਕਿ ਵਾਸਤਵਿਕ ਰੂਪ ਵਿੱਚ ਹਾਸਾ, ਚੁਟਕਲੇ ਤੇ ਵਿਅੰਗਾਂ ਦੀ ਪੇਸ਼ਕਾਰੀ ਨੂੰ ਚੰਗੇ ਢੰਗਾਂ ਰਾਹੀਂ ਪੇਸ਼ ਕਰਨਾ ਵੀ ਇੱਕ ਕਲਾ ਹੈ ਜੋ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ, ਇਸ ਵਾਸਤੇ ਨਿਰੰਤਰ ਤੇ ਲੰਮਾ ਅਭਿਆਸ, ਮਿਹਨਤ, ਲਗਨ ਤੇ ਐਕਟਿੰਗ ਦਾ ਡੂੰਘਾ ਗਿਆਨ ਜ਼ਰੂਰੀ ਹੈ।
ਮਨੋਰੰਜਨ ਭਰਪੂਰ ਇਸ ਕਲਾ ਨੂੰ ਕਿੱਤੇ ਵਜੋਂ ਅਪਣਾਉਣ ਅਤੇ ਰਾਤੋ-ਰਾਤ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਸੁਫਨੇ ਪਾਲੀ ਬੈਠੇ ਬਹੁਤੇ ਲੋਕ ਤਾਂ ਆਪਣੇ ਹੇਅਰ ਸਟਾਈਲ, ਮੁੱਛਾਂ ਦੀ ਬਣਾਵਟ ਅਤੇ ਕੱਪੜਿਆਂ ਦੇ ਅਜੀਬੋ-ਗਰੀਬ ਡਰੈਸ ਕੋਡ ਬਣਾਉਣ ਨੂੰ ਹੀ ਇਸ ਕਲਾ ਦੀ ਨਿਪੁੰਨਤਾ ਦਾ ਭਰਮ ਪਾਲੀ ਬੈਠੇ ਹਨ। ਅਜਿਹੇ ਦੌਰ ਵਿੱਚ ਤਾਂ ਕਈ ਸ਼ਰਾਰਤੀ ਅਤੇ ਕਦਾਚਾਰੀ ਬੁੱਧੀ ਨੌਜਵਾਨਾਂ ਨੇ ਭੋਲੇ-ਭਾਲੇ ਤੇ ਸਧਾਰਨ ਬੁੱਧੀ ਵਾਲੇ ਨੌਜਵਾਨਾਂ ਨੂੰ ਮਨੋਰੰਜਨ ਵਜੋਂ ਫੇਸਬੁੱਕ, ਵਟਸਐਪ, ਯੂ-ਟਿਊਬ ਆਦਿ ਸੋਸ਼ਲ ਸਾਈਟਾਂ ’ਤੇ ਗੀਤਾਂ ਦੇ ਟੋਟਕਿਆ ਨਾਲ ਵਿਅੰਗਮਈ ਚਿਹਰਿਆਂ ਵਜੋਂ ਪੇਸ਼ ਕਰਨ ਦੀ ਨਿੰਦਣਯੋਗ ਪ੍ਰਥਾ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਹ ਚਿਹਰੇ ਪੰਜਾਬੀ ਹਾਸ ਕਲਾ, ਗਾਇਕੀ, ਸੱਭਿਆਚਾਰ ਅਤੇ ਮਜਾਕੀਆ ਕਲਾ ਤੋਂ ਕੋਹਾਂ ਦੂਰ ਹੁੰਦਿਆਂ ਕੁਝ ਕੁ ਬੇਢੰਗੀਆਂ ਪੁਸ਼ਾਕਾਂ ਅਤੇ ਦਿੱਖ ਰਾਹੀਂ ਭਾਂਤ-ਭਾਂਤ ਦੇ ਟੋਟਕੇ ਗਾ ਕੇ ਸੋਸ਼ਲ ਸਾਈਟਾਂ ’ਤੇ ਖੂਬ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਦਾ ਸਬੱਬ ਬਣੇ ਹੋਏ ਹਨ। ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੈ ਪੰਜਾਬੀਆਂ ਦੇ ਸਹੀ, ਗਲਤ ਤੇ ਅਸ਼ਲੀਲ ਕੁਮੈਂਟ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦਾ ਮਾਹੌਲ ਗੰਧਲਾ ਕਰ ਰਹੇ ਹਨ। ਕੁਝ ਪਲਾਂ ਦੀਆਂ ਇਹ ਵੀਡੀਓਜ਼ ਲੋਕਾਂ ਦੇ ਮਨਾਂ ਉੱਪਰ ਚੰਗਾ ਪ੍ਰਭਾਵ ਨਹੀਂ ਪਾਉਂਦੀਆਂ। ਅਜਿਹੀਆਂ ਵੀਡੀਓਜ ਅੱਪਲੋਡ ਕਰਨ ਦੀਆਂ ਹਰਕਤਾਂ, ਹਰੇਕ ਸੂਝਵਾਨ ਇਨਸਾਨ ਨੂੰ ਅਜੋਕੀ ਨੌਜਵਾਨੀ ਦੇ ਸੋਚਣ ਪੱਧਰਾਂ ਬਾਰੇ ਸੋਚਣ ਲਈ ਮਜ਼ਬੂਰ ਕਰਦੀਆਂ ਹਨ।
ਕਈ ਨੌਜਵਾਨ ਤਾਂ ਮੰਦਬੁੱਧੀ ਲੋਕਾਂ ਨੂੰ ਕੈਮਰੇ ਸਾਹਮਣੇ ਵੱਖ-ਵੱਖ ਚੀਜਾਂ ਖੁਆਉਂਦੇ,ਉਨ੍ਹਾਂ ਪ੍ਰਤੀ ਵਿਅੰਗਮਈ ਹਾਸੇ ਹੱਸਦੇ, ਬੋਲ-ਕੁਬੋਲ ਬੋਲਦੇ ਹੋਏ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ਤੋਂ ਹੇਠਾਂ ਡਿੱਗਦੇ ਹੋਏ ਇਨ੍ਹਾਂ ਸਧਾਰਨ ਵਿਅਕਤੀਆਂ ਤੋਂ ਗਾਣੇ, ਬੋਲ ਜਾਂ ਵਿਅੰਗਮਈ ਬੋਲ ਗਵਾ ਕੇ ਭਾਵੇਂ ਪਲ ਦੋ ਪਲ ਵਾਸਤੇ ਲੋਕਾਂ ਨੂੰ ਹਸਾਉਣ ਵਿੱਚ ਕਾਮਯਾਬ ਹੋ ਜਾਂਦੇ, ਪਰ ਸੂਝ-ਬੂਝ ਦੇ ਨਜ਼ਰੀਏ ਤੋਂ ਭੋਲੇ-ਭਾਲੇ, ਗਰੀਬ ਵਿਅਕਤੀਆਂ ਪ੍ਰਤੀ ਅਜਿਹਾ ਵਰਤਾਰਾ ਅਪਣਾਉਣਾ ਨੌਜਵਾਨੀ ਦੀ ਸੋਚ ਦੇ ਡਿੱਗਦੇ ਮਿਆਰ ਦੀ ਨਿਸ਼ਾਨੀ ਹੈ। ਜ਼ਰੂਰਤ ਹੈ ਮੌਜੂਦਾ ਪੰਜਾਬੀ ਹਾਸਰਸ ਕਲਾ, ਗਾਇਕੀ, ਗੀਤਕਾਰੀ ਜਾਂ ਗੀਤਾਂ ਦੇ ਫਿਲਮਾਂਕਣ ਵਿੱਚ ਆਏ ਨਾਂਹ-ਪੱਖੀ ਬਦਲਾਅ ਬਾਰੇ ਮਨੋ ਵਿਸ਼ਲੇਸਣ ਕਰੀਏ ਅਤੇ ਅਜਿਹੀਆਂ ਵੀਡੀਓਜ਼ ਅਤੇ ਕਲਾਕਾਰਾਂ ਨੂੰ ਨਕਾਰੀਏ।
ਮਾ. ਹਰਭਿੰਦਰ ਮੁੱਲਾਂਪੁਰ
ਮੋ. 95308-20106
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ