ਪਿੰਡਾਂ ਵਾਲਿਆਂ ਨੇ ਕਿਸਾਨਾਂ ਦੇ ਜੋਸ਼ੀਲੇ ਸਵਾਗਤ ਲਈ ਬਾਹਾਂ ਖੋਲੀਆਂ
ਸੰਗਰੂਰ,(ਗੁਰਪ੍ਰੀਤ ਸਿੰਘ)। ਕੇਂਦਰ ਵੱਲੋਂ ਬਣਾਏ ਤਿੰਨ ਕਾਨੂੰਨਾਂ ਵਿਰੁੱਧ ਬੀਤੇ ਦਿਨਾਂ ਤੋਂ ਆਰੰਭ ਕੀਤੇ ਜ਼ੋਰਦਾਰ ਪ੍ਰਦਰਸ਼ਨਾਂ ਦੇ ਦੌਰਾਨ
ਅੱਜ ਖਨੌਰੀ ਦੇ ਦਾਤਾ ਸਿੰਘ ਵਾਲਾ ਪਿੰਡ ਦੇ ਹਰਿਆਣਾ ਬਾਰਡਰ ਤੋਂ ਕਿਸਾਨਾਂ ਦਾ ਲਾ ਮਿਸਾਲ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ, ਕਿਸਾਨਾਂ ਵੱਲੋਂ ਕੱਲ੍ਹ ਬਾਰਡਰ ਦੀਆਂ ਰੋਕਾਂ ਤੋੜਨ ਕਾਰਨ ਅੱਜ ਕਿਸਾਨਾਂ ਨੂੰ ਦਿੱਲੀ ਜਾਣ ਵਾਲੇ ਰਾਹ ਵਿੱਚ ਕੋਈ ਦਿੱਕਤਾਂ ਨਹੀਂ ਆਈਆਂ। ਇਹ ਕਾਫ਼ਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਧੜੇ ਦਾ ਜ਼ਿਆਦਾ ਸੀ ਕਿਉਂਕਿ ਉਗਰਾਹਾਂ ਧੜੇ ਵੱਲੋਂ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਪ੍ਰਦਰਸ਼ਨ ਵਿੱਚ ਵੱਖਰੀ ਪਹੁੰਚ ਅਪਣਾਈ ਹੋਈ ਸੀ, ਉਨ੍ਹਾਂ ਦਾ ਪਹਿਲਾਂ ਐਲਾਨ ਸੀ ਕਿ ਉਹ ਖਨੌਰੀ ਤੇ ਡੱਬਵਾਲੀ ਬਾਰਡਰ ਵਿਖੇ 7 ਦਿਨ ਧਰਨਾ ਪ੍ਰਦਰਸ਼ਨ ਕਰਨਗੇ ਪਰ ਬੀਤੀ ਦੇਰ ਰਾਤ ਜਥੇਬੰਦੀ ਵੱਲੋਂ ਆਪਣੇ ‘ਐਕਸ਼ਨ ਪਲਾਨ’ ਵਿੱਚ ਫੌਰੀ ਤਬਦੀਲੀ ਕਰਦਿਆਂ ਖਨੌਰੀ ਤੇ ਡੱਬਵਾਲੀ ਬਾਰਡਰ ਟੱਪ ਕੇ ਦਿੱਲੀ ਦਾ ਰਾਹ ਫੜਨ ਦਾ ਐਲਾਨ ਕੀਤਾ ਸੀ।
ਉਗਰਾਹਾਂ ਧੜੇ ਦੇ ਐਲਾਨ ਤੋਂ ਬਾਅਦ ਕਿਸਾਨ ਪ੍ਰਦਰਸ਼ਨ ਵਿੱਚ ਇਕਦਮ ਵੱਖਰਾ ਰੰਗ ਚੜ੍ਹ ਗਿਆ ਅਤੇ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫਰੀਦਕੋਟ ਆਦਿ ਜ਼ਿਲ੍ਹਿਆਂ ਵਿੱਚੋਂ ਕਿਸਾਨਾਂ ਦੀਆਂ ਟਰਾਲੀਆਂ ਭਰ-ਭਰ ਕੇ ਖਨੌਰੀ ਬਾਰਡਰ ਵੱਲ ਨੂੰ ਆਉਣੀਆਂ ਆਰੰਭ ਹੋ ਗਈਆਂ। ਦਿਨ ਚੜ੍ਹਦੇ ਹੀ ਖਨੌਰੀ ਬਾਰਡਰ ‘ਤੇ ਟਰੈਕਟਰ, ਟਰਾਲੀਆਂ, ਬੱਸਾਂ, ਟਰੱਕਾਂ, ਟੈਂਪੂਆਂ ਦੀਆਂ ਕਤਾਰਾਂ ਲੱਗਣੀਆਂ ਆਰੰਭ ਹੋ ਗਈਆਂ ਸਨ ਜਿਹੜੀਆਂ ਦਿਨ ਚੜਦੇ ਹੀ ਹੋਰ ਲੰਮੀਆਂ ਹੁੰਦੀਆਂ ਗਈਆਂ। ਹੌਲੀ-ਹੌਲੀ ਇਹ ਕਾਫ਼ਲਾ 25 ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ,
ਕਾਫ਼ਲੇ ਦੇ ਪਿਛਲਾ ਹਿੱਸਾ ਖਨੌਰੀ ਵਿਖੇ ਸੀ ਅਤੇ ਅਗਲਾ ਹਿੱਸਾ ਹਰਿਆਣੇ ਦੇ ਸ਼ਹਿਰ ਨਰਵਾਣੇ ਤੱਕ ਪਹੁੰਚ ਗਿਆ ਸੀ। ਕਾਫ਼ਲੇ ਵਿੱਚ ਮੌਜ਼ੂਦ ਕਿਸਾਨਾਂ ਵਿੱਚ ਹੌਂਸਲਾ ਸੱਤਵੇਂ ਅਸਮਾਨ ‘ਤੇ ਪਹੁੰਚਿਆ ਹੋਇਆ ਸੀ। ਕਾਫ਼ਲੇ ਵਿੱਚ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਸੀ।
ਟਰੈਕਟਰ ਟਰਾਲੀ ਵਿੱਚ ਮੌਜ਼ੂਦ ਨੌਜਵਾਨ ਅਮਨਦੀਪ ਸਿੰਘ, ਰਾਜਿੰਦਰ ਸਿੰਘ ਤੇ ਮਨਵੀਰ ਸਿੰਘ ਨੇ ਦੱਸਿਆ ਕਿ ਉਹ ਬੀ.ਟੈਕ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਕਿਸਾਨੀ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਇਨ੍ਹਾਂ ਸੰਘਰਸ਼ਾਂ ਵਿੱਚ ਨਹੀਂ ਨਿੱਤਰੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਅੰਧਕਾਰ ਭਰਿਆ ਹੈ। ਉਨ੍ਹਾਂ ਕਿਹਾ ਸਾਡੇ ਬਜੁਰਗਾਂ ਨੇ ਸਾਰੀ ਕਮਾਈ ਕਰਕੇ ਦਿੱਤੀ ਹੈ ਅਤੇ ਹੁਣ ਸਾਡਾ ਫਰਜ਼ ਬਣਦਾ ਹੈ, ਉਸ ਨੂੰ ਅੱਗੇ ਹੋਰ ਤੋਰੀਏ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਕੇਂਦਰ ਨੂੰ ਇਹ ਗਰੂਰ ਹੈ ਕਿ ਕਿਸਾਨ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਪੰਜਾਬੀ ਜਿਹੜੇ ਕੰਮ ਵਿੱਚ ਲੱਗ ਜਾਣ, ਕਦੇ ਵੀ ਪਿੱਛੇ ਨਹੀਂ ਹਟਦੇ।
ਟਰੈਕਟਰਾਂ ‘ਤੇ ਸਵਾਰ ਹੋਏ ਕਿਸਾਨ ਆਗੂਆਂ ਨਛੱਤਰ ਸਿੰਘ, ਭਗਵਾਨ ਸਿੰਘ ਨੇ ਦੱਸਿਆ ਕਿ ਉਹ ਘਰੇ ਇਹ ਆਖ ਕੇ ਤੁਰੇ ਹਨ ਕਿ ਉਹ ਹੁਣ ਲੜਾਈ ਪੂਰੀ ਹੋਣ ਤੋਂ ਬਾਅਦ ਹੀ ਘਰਾਂ ਨੂੰ ਪਰਤਣਗੇ। ਉਨ੍ਹਾਂ ਕਿਹਾ ਕਿ ਰਾਸ਼ਨ, ਪਾਣੀ, ਬਾਲਣ ਆਦਿ ਦਾ ਭੰਡਾਰ ਲੈ ਕੇ ਤੁਰੇ ਹਾਂ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਖਾਣ ਪੀਣ ਤੇ ਰਾਸ਼ਨ ਆਦਿ ਦੀ ਕੋਈ ਵੀ ਦਿੱਕਤ ਨਹੀਂ ਆ ਰਹੀ ਕਿਉਂਕਿ ਜਿਹੜੇ ਪਿੰਡ ‘ਚ ਜਾਂਦੇ ਹਾਂ ਪਿੰਡਾਂ ਦੇ ਲੋਕ ਆਪ ਮੁਹਾਰੇ, ਦਾਲ, ਰੋਟੀ, ਦੁੱਧ, ਰਾਸ਼ਨ ਆਦਿ ਲੈ ਕੇ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਾਪਸ ਮੋੜਨਾ ਪੈਂਦਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਸਾਨਾਂ ਸੁਣਾਈਆਂ ਖਰੀਆਂ-ਖਰੀਆਂ
ਖਨੌਰੀ ਤੋਂ ਕਿਸਾਨਾਂ ਦੇ ਕਾਫ਼ਲੇ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਸਾਨਾਂ ਦੀਆਂ ਖਰੀਆਂ ਖਰੀਆਂ ਗੱਲਾਂ ਸੁਣਨੀਆਂ ਪਈਆਂ। ਇੱਕ ਟਰੈਕਟਰ ‘ਤੇ ਸਵਾਰ ਬੀਬੀ ਸਰਬਜੀਤ ਕੌਰ ਮਾਣੂਕੇ ਵਿਧਾਇਕਾ ਜਗਰਾਓਂ ਅਤੇ ਯੂਥ ਆਗੂ ਤੇ ਗਾਇਕ ਅਨਮੋਲ ਗਗਨ ਮਾਨ ਨੂੰ ਕਿਸਾਨਾਂ ਨੇ ਕਿਹਾ ਕਿ ਉਹ ਟਰੈਕਟਰ ‘ਤੇ ਸਵਾਰ ਤਾਂ ਹੋ ਗਏ ਹਨ ਪਰ ਉਹ ਫੋਟੋਆਂ ਖਿਚਵਾਉਣ ਤੱਕ ਸੀਮਤ ਨਾ ਰਹਿਣ। ਕਿਸਾਨਾਂ ਦਾ ਰਾਜਸੀ ਲੋਕਾਂ ਪ੍ਰਤੀ ਗੁੱਸਾ ਸੱਤਵੇਂ ਅਸਮਾਨ ‘ਤੇ ਸੀ। ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੱਕ ਕਿਸਾਨਾਂ ਦੇ ਧਰਨੇ ਵਿੱਚ ਕੋਈ ਵੀ ਕਾਂਗਰਸੀ, ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਦਾ ਆਗੂ ਨਹੀਂ ਬਹੁੜਿਆ। ਹੁਣ ਵੋਟਾਂ ਸਮੇਂ ਜਦੋਂ ਉਹ ਪਿੰਡਾਂ ਵਿੱਚ ਆਉਣਗੇ ਤਾਂ ਉਨ੍ਹਾਂ ਤੋਂ ਜਵਾਬ ਮੰਗਾਂਗੇ।
ਮੋਰਚਾ ਫਤਹਿ ਹੋਣ ਤੱਕ ਜਾਰੀ ਰੱਖਾਂਗੇ ਸੰਘਰਸ਼ : ਜੋਗਿੰਦਰ ਸਿੰਘ ਉਗਰਾਹਾਂ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿੱਲੀ ਦੇ ਰਸਤੇ ਵਿੱਚ ਆਉਣ ਵਾਲੀ ਹਰ ਇੱਕ ਔਕੜ ਦਾ ਉਨ੍ਹਾਂ ਦੀ ਜਥੇਬੰਦੀ ਜਾਬਤੇ ਵਿੱਚ ਰਹਿ ਕੇ ਵਿਰੋਧ ਕਰੇਗੀ ਅਤੇ ਉਸ ਨੂੰ ਸਾਫ਼ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖਿਲਾਫ਼ ਕਿਸਾਨੀ ਸੰਘਰਸ਼ ਸਫ਼ਲ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸੇ ਇੱਕ ਦੀ ਜਾਗੀਰ ਨਹੀਂ, ਅਸੀਂ ਜੋ ਵੀ ਫੈਸਲਾ ਲੈਂਦੇ ਹਾਂ ਇਕਮੁਠ ਹੋ ਕੇ ਲੈਂਦੇ ਹਾਂ ਅਤੇ ਉਨ੍ਹਾਂ ਨੇ ਹਮੇਸ਼ਾ ਕਿਸਾਨ ਹਿਤੈਸ਼ੀ ਗੱਲ ਕੀਤੀ ਹੈ ਤੇ ਵੱਡੇ-ਵੱਡੇ ਘੋਲਾਂ ਵਿੱਚ ਜਿੱਤ ਹਾਸਲ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.