ਮਾੱਬ ਲਿੰਚਿੰਗ ਦਾ ਤਾਂਡਵ ਕਦੋਂ ਤੱਕ? 

Mob, Lynching

ਲਲਿਤ ਗਰਗ

ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜਿਲ੍ਹੇ ਦੇ ਇੱਕ ਪਿੰਡ ‘ਚ ਚੋਰੀ ਦੇ ਦੋਸ਼ ‘ਚ ਫੜ੍ਹੇ ਗਏ ਨੌਜਵਾਨ ਦੀ ਭੀੜ ਹੱਥੋਂ ਕੁੱਟਮਾਰ ਅਤੇ ਮਾੱਬ ਲਿੰਚਿੰਗ ਤੋਂ ਬਾਦ ਪੁਲਿਸ ਹਿਰਾਸਤ ‘ਚ ਮੌਤ ਦੇ ਮਾਮਲੇ ਨੇ ਇੱਕ ਵਾਰ ਫਿਰ ਸਮੁੱੱਚੇ ਰਾਸ਼ਟਰ ਨੂੰ ਸ਼ਰਮਸਾਰ ਕੀਤਾ ਹੈ, ਇਸ ਮਾਮਲੇ ਦਾ ਤੂਲ ਫੜ੍ਹਨਾ ਸੁਭਾਵਿਕ ਹੈ ਅਜਿਹੇ ਗੁੱਸਾਈ ਭੀੜ ਦੀ ਹਿੰਸਾ ਦੇ ਮਾਮਲਿਆਂ ਨੂੰ ਤੂਲ ਫੜ੍ਹਨਾ ਹੀ ਚਾਹੀਦਾ ਹੈ, ਕਿਉਂਕਿ ਉਹ ਰਾਸ਼ਟਰੀ ਮਾਣ-ਮਰਿਆਦਾ ਨੂੰ ਨੀਵਾਂ ਦਿਖਾਉਣ ਦੇ ਨਾਲ ਹੀ ਹਿੰਸਕ ਮਾਹੌਲ ਨੂੰ ਵੀ ਬਿਆਨ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਪਰ ਇਸਦੇ ਲਈ ਪੂਰੇ ਝਾਰਖੰਡ ਸੂਬੇ ਨੂੰ ਦੋਸ਼ੀ ਦੱਸਣ ਨੂੰ ਮੰਦਭਾਗਾ ਮੰਨਿਆ ਗੱਲ ਇੱਥੇ ਵਿਅਕਤੀ ਜਾਂ ਕਿਸੇ ਸੂਬੇ ਦੀ ਨਹੀਂ, ਸਗੋਂ ਹਿੰਸਕ ਅਤੇ ਅਰਾਜਕ ਹੁੰਦੀ ਮਾਨਸਿਕਤਾ ਦੀ ਹੈ, ਜਿਸਨੂੰ ਕਿਸੇ ਵੀ ਨਜ਼ਰੀਏ ਤੋਂ ਉੱਚਿਤ ਨਹੀਂ ਮੰਨਿਆ ਜਾ ਸਕਦਾ ।

ਮਾਬ ਲਿੰਚਿੰਗ ਦੀਆਂ ਇਹ ਘਟਨਾਵਾਂ ਹੁਣ ਨਾ ਸਿਰਫ਼ ਚਿੰਤਾ ਦਾ ਵਿਸ਼ਾ ਹੈ ਸਗੋਂ ਦਰਦਨਾਕ ਅਤੇ ਸ਼ਰਮਨਾਕ ਹੈ ਸੁਪਰੀਮ ਕੋਰਟ ਨੇ ਵੀ ਪਹਿਲਾਂ ਅਜਿਹੀਆਂ ਘਟਨਾਵਾਂ ‘ਤੇ ਫਟਕਾਰਿਆ ਹੈ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸਰਾਏਕੇਲਾ-ਖਰਸਾਵਾਂ ਦੀ ਘਟਨਾ ਨੂੰ ਘੋਰ ਅਪਰਾਧ ਦੱਸਦੇ ਹੋਏ ਇਹ ਸਹੀ ਕਿਹਾ ਕਿ ਲੋਕਾਂ ਨੂੰ ਕੁੱਟਮਾਰ ਕੇ ਨਹੀਂ, ਸਗੋਂ ਗਲੇ ਲਾ ਕੇ ਹੀ ਸ੍ਰੀਰਾਮ ਦਾ ਜੈਘੋਸ਼ ਕਰਾਇਆ ਜਾ ਸਕਦਾ ਹੈ ਭੀੜ ਨੇ ਚੋਰੀ ਕਰ ਰਹੇ ਨੌਜਵਾਨ ਨੂੰ ਫੜ੍ਹਿਆ, ਇਹ ਤਾਂ ਠੀਕ ਕੀਤਾ, ਪਰ ਇਹ ਕਿਸਨੇ ਅਧਿਕਾਰ ਦਿੱਤਾ ਕਿ ਉਸਨੂੰ ਕੁੱਟ-ਕੁੱਟ ਕੇ ਅਧਮਰਿਆ ਕਰ ਦਿੱਤਾ ਜਾਵੇ ਤੇ ਉਸਨੂੰ ਜੈ ਸ੍ਰੀਰਾਮ ਬੋਲਣ ਲਈ ਮਜ਼ਬੂਰ ਕੀਤਾ ਜਾਵੇ ਇਹ ਅਰਾਜਕਤਾ ਦੇ ਨੰਗੇ ਨਾਚ ਤੋਂ ਇਲਾਵਾ ਹੋਰ ਕੁਝ ਨਹੀਂ ਆਮ ਜਨਜੀਵਨ ਦੀਆਂ ਆਮ ਗੱਲਾਂ ਨੂੰ ਲੈ ਕੇ ਹੋਣ ਵਾਲੀ ਹਿੰਸਾ ਅਤੇ ਅਸ਼ਾਂਤੀ ਦੀਆਂ ਘਟਨਾਵਾਂ ਦਾ ਹੋਣਾ ਗੰਭੀਰ ਚਿੰਤਾ ਵਿਸ਼ਾ ਹੈ ਮਹਾਂਵੀਰ, ਬੁੱਧ, ਗਾਂਧੀ ਦੇ ਅਹਿੰਸਕ ਦੇਸ਼ ‘ਚ ਹਿੰਸਾ ਦਾ ਵਧਣਾ ਨਾ ਸਿਰਫ਼ ਚਿੰਤਾ ਦਾ ਵਿਸ਼ਾ ਹੈ ਸਗੋਂ ਗੰਭੀਰ ਸੋਚਣ ਵਾਲੀ ਸਥਿਤੀ ਨੂੰ ਦਰਸ਼ਾਉਂਦਾ ਹੈ ਭੀੜ ਵੱਲੋਂ ਲੋਕਾਂ ਨੂੰ ਫੜ੍ਹ ਕੇ ਮਾਰ ਦੇਣ ਦੀਆਂ ਘਟਨਾਵਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਸੱਭਿਆ ਸਮਾਜ ‘ਚ ਕਿਸੇ ਦੀ ਵੀ ਹੱਤਿਆ ਕੀਤੀ ਜਾਣੀ ਦਰਦਨਾਕ ਹੈ ਪਰ ਇਸ ਤਰ੍ਹਾਂ ਨਾਲ ਭੀੜਤੰਤਰ ਵੱਲੋਂ ਕਾਨੂੰਨ ਨੂੰ ਹੱਥ ‘ਚ ਲੈ ਕੇ ਕਿਸੇ ਨੂੰ ਵੀ ਕੁੱਟ-ਮਾਰ ਕਰਕੇ ਮਾਰ ਦੇਣਾ ਦਰਦਨਾਕ ਅਤੇ ਕਰੂਰਤਾ ਦੀ ਹੱਦ ਹੈ ਆਮ ਆਦਮੀ ਹੀ ਨਹੀਂ, ਹੁਣ ਤਾਂ ਪੁਲਿਸ, ਡਾਕਟਰ ਅਤੇ ਹੋਰ ਸਰਕਾਰੀ-ਗੈਰ ਸਰਕਾਰੀ ਲੋਕ ਵੀ ਭੀੜ ਦੀ ਹਿੰਸਾ ਸ਼ਿਕਾਰ ਬਣਨ ਲੱਗੇ ਹਨ ਇਹ ਇੱਕ ਖਤਰਨਾਕ ਸੰਕੇਤ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਇਹੀ ਦੱਸਦੀਆਂ ਹਨ ਕਿ ਕਾਨੂੰਨ ਦੇ ਸ਼ਾਸਨ ਨੂੰ ਉਮੀਦ ਅਨੁਸਾਰ ਮਹੱਤਵ ਨਹੀਂ ਮਿਲ ਰਿਹਾ ਹੈ ਕਾਨੂੰਨ ਹੱਥ ‘ਚ ਲੈ ਕੇ ਅਰਾਜਕ ਵਿਵਹਾਰ ਕਰਨ ਦੀ ਇਜਾਜਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਜਿਹਾ ਵਿਵਹਾਰ ਸ਼ਾਂਤੀ ਵਿਵਸਥਾ ਨੂੰ ਚੁਣੌਤੀ ਦੇਣ ਦੇ ਨਾਲ ਹੀ ਦੇਸ਼ ਦੀ ਅੰਤਰਰਾਸ਼ਟਰੀ ਛਵੀ ਨੂੰ ਖਰਾਬ ਅਤੇ ਕਲੰਕਿਤ ਕਰਨ ਵਾਲਾ ਹੈ ।

ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸਦੇ ਪ੍ਰਤੀ ਜਾਗਰੂਕ ਹੋਣਾ ਹੀ ਹੋਵੇਗਾ ਤਾਂ ਕਿ ਭੀੜ ਦੀ ਹਿੰਸਾ ਦੇ ਮਾਮਲੇ ਰੁਕਣ ਇਸ ਲਈ ਪੁਲਿਸ ਸੁਧਾਰਾਂ ‘ਤੇ ਧਿਆਨ ਦੇਣਾ ਹੋਵੇਗਾ ਸਾਰੇ ਦੇਸ਼ ਦਾ ਧਿਆਨ ਖਿੱਚਣ ਵਾਲੀ ਝਾਰਖੰਡ ਦੀ ਘਟਨਾ ‘ਚ ਇੱਕ ਅਣਮਨੁੱਖੀ ਗੱਲ ਇਹ ਵੀ ਹੋਈ ਕਿ ਪੁਲਿਸ ਨੇ ਚੋਰੀ ਦੇ ਦੋਸ਼ ‘ਚ ਬੁਰੀ ਤਰ੍ਹਾਂ ਕੁੱਟੇ ਤਬਰੇਜ਼ ਅੰਸਾਰੀ ਨੂੰ ਸਮੇਂ ‘ਤੇ ਹਸਪਤਾਲ ਲਿਜਾਣ ਦੀ ਸਾਰ ਨਹੀਂ ਲਈ ਆਖ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਪਹਿਲ ਹੁਣ ਦਿਖਾਈ ਜਾ ਰਹੀ ਹੈ ਉਹ ਸਮਾਂ ਰਹਿੰਦੇ ਕਿਉਂ ਨਹੀਂ ਦਿਖਾਈ ਗਈ? ਭੀੜ ਦੀ ਅਰਾਜਕਤਾ ‘ਤੇ ਰੋਕ ਲਾਉਣ ਦੇ ਨਾਲ ਹੀ ਉਸ ਰੁਝਾਨ ‘ਤੇ ਰੋਕ ਲਾਉਣੀ ਹੋਵੇਗੀ ਜਿਸਦੇ ਤਹਿਤ ਹਿੰਸਕ ਘਟਨਾਵਾਂ ਨੂੰ ਰੋਕਣ ਦੀ ਬਜਾਇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰਨਾ ਬਿਹਤਰ ਸਮਝਿਆ ਜਾਂਦਾ ਹੈ ਅਜਿਹੀਆਂ ਵੀਡੀਓਜ਼ ਮਾਹੌਲ ਖਰਾਬ ਕਰਨ ਦਾ ਹੀ ਕੰਮ ਕਰਦੀਆਂ ਹਨ
ਮਾਬ ਲਿੰਚਿੰਗ ਦੀਆਂ ਘਟਨਾਵਾਂ ਦਾ ਲੰਮਾ ਸਿਲਸਿਲਾ ਹੈ, ਕਦੇ ਸੋਸ਼ਲ ਮੀਡੀਆ ‘ਤੇ ਫੈਲਾਏ ਜਾ ਰਹੇ ਫਰਜੀ ਮੈਸੇਜ ‘ਤੇ ਯਕੀਨ ਕਰਕੇ ਭੀੜ ਵੱਲੋਂ ਦੋ ਲੋਕਾਂ ਨੂੰ ਕੁੱਟ-ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਬੱਚਾ ਚੋਰੀ ਦੇ ਸ਼ੱਕ ‘ਚ ਪੇਸ਼ੇ ‘ਚ ਸਾਊੁਂਡ ਇੰਜੀਨੀਅਰ ਨੀਲੋਤਪਲ ਦਾਸ ਅਤੇ ਗੁਹਾਟੀ ਦੇ ਵਪਾਰੀ ਅਭਿਜੀਤ ਨੂੰ ਮਾਰ ਦਿੱਤਾ ਜਾਂਦਾ ਹੈ ਕਦੇ ਗਊ ਮਾਸ ਖਾਣ ਦੇ ਕਥਿਤ ਦੋਸ਼ੀ ਨੂੰ ਮਾਰ ਦਿੱਤਾ ਜਾਂਦਾ ਹੈ, ਕਦੇ ਕਿਸੇ ਦੀ ਗਊਆਂ ਨੂੰ ਬੁੱਚੜਖਾਨੇ ਲਿਜਾਣ ਦੇ ਸ਼ੱਕ ‘ਚ ਕੁੱਟ-ਮਾਰ ਕਰਕੇ ਹੱਤਿਆ ਕਰ ਦਿੱਤੀ ਜਾਂਦੀ ਹੈ।

ਕਾਸ਼ ਕਿ ਅਜਿਹੀ ਕੋਈ ਸਖਤ ਕਾਰਵਾਈ ਪਹਿਲਾਂ ਹੀ ਕੀਤੀ ਗਈ ਹੁੰਦੀ, ਤਾਂ ਸ਼ਾਇਦ ਹੋਰ ਘਟਨਾਵਾਂ ਦੀ ਲੜੀ ‘ਚ ਸਰਾਏਕੇਲਾ-ਖਰਸਾਵਾਂ ਜਿਲ੍ਹੇ ਦਾ 20 ਸਾਲਾ ਤਬਰੇਜ਼ ਅੰਸਾਰੀ ਮਰਨ ਤੋਂ ਬਚ ਜਾਂਦਾ ਸੱਚ ਇਹ ਵੀ ਹੈ ਕਿ ਅਜਿਹੇ ਮਾਮਲੇ ਨਾ ਅਦਾਲਤਾਂ ਦੀ ਸਖ਼ਤੀ ਨਾਲ ਰੁਕਣ ਵਾਲੇ, ਨਾ ਸਰਕਾਰੀ ਕਮੇਟੀਆਂ ਨਾਲ ਜਾਂ ਨਵੇਂ ਕਾਨੂੰਨ ਬਣਾਉਣ ਨਾਲ ਅਜਿਹੀਆਂ ਘਟਨਾਵਾਂ ਉਸ ਦ੍ਰਿੜ ਸਿਆਸੀ ਇੱਛਾ-ਸ਼ਕਤੀ ਨਾਲ ਹੀ ਰੁਕ ਸਕਦੀਆਂ ਹਨ, ਜਿੱਥੇ ਪੁਲਿਸ ਤੰਤਰ ਨੂੰ ਸਰਕਾਰੀ ਮਸ਼ੀਨਰੀ ਦੇ ਰੂਪ ‘ਚ ਨਹੀਂ, ਅਜ਼ਾਦ ਅਤੇ ਨਿਰਪੱਖ ਹੋ ਕੇ ਨਾਲ ਕੰਮ ਕਰਨ ਦੀ ਸਹਿਮਤੀ ਹੋਵੇਗੀ ਤੇ ਸੱਤਾ ਦੇ ਇਸ਼ਾਰੇ ‘ਤੇ ਉਸਦਾ ਨੱਚਣਾ ਬੰਦ ਹੋਵੇਗਾ ਮਾਬ ਲਿੰਚਿੰਗ ਦੇ ਹਰੇਕ ਮਾਮਲੇ ਦੀ ਬਿਨਾਂ ਕਿਸੇ ਕਿੰਤੂ-ਪਰੰਤੂ ਨਿੰਦਾ ਅਤੇ ਅਲੋਚਨਾ ਹੋਣੀ ਵੀ ਜ਼ਰੂਰੀ ਹੈ ਪੀੜਤ ਅਤੇ ਹਮਲਾਵਰ ਦੀ ਜਾਤੀ ਜਾਂ ਫਿਰ ਉਸਦਾ ਮਜਹਬ ਦੇਖ ਕੇ ਸੋਚਣਾ ਠੀਕ ਨਹੀਂ ਤਬਰੇਜ਼ ਅੰਸਾਰੀ ਦੇ ਪਰਿਵਾਰ ਨੂੰ ਨਿਆਂ ਮਿਲੇ, ਇਸਦੀ ਚਿੰਤਾ ਕਰਦੇ ਸਮੇਂ ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦੈ ਕਿ ਨਿਆਂ ਦੀ ਦਰਕਾਰ ਮਥੁਰਾ ਦੇ ਉਸ ਲੱਸੀ ਵੇਚਣ ਵਾਲੇ ਦੇ ਪਰਿਵਾਰ ਨੂੰ ਵੀ ਹੈ ਜੋ ਕੁਝ ਦਿਨ ਪਹਿਲਾਂ ਭੀੜ ਦੀ ਹਿੰਸਾ ਦਾ ਸ਼ਿਕਾਰ ਬਣਿਆ ਹੈ ਹਿੰਸਾ-ਹੱਤਿਆ ਦੇ ਮਾਮਲੇ ‘ਚ ਫਿਰਕੂਵਾਦ ਜਾਂ ਜਾਤੀਵਾਦ ਦਾ ਚਸ਼ਮਾ ਪਹਿਨ ਕੇ ਪ੍ਰਤੀਕਿਰਿਆ ਪ੍ਰਗਟ ਕਰਨ ਦੀ ਆਦਤ ਉਨੀ ਹੀ ਖਰਾਬ ਹੈ ਜਿੰਨੀ ਕਿ ਜੇਕਰ ਘਟਨਾ ਭਾਜਪਾ ਸੱਤਾ ਸੁਬੇ ‘ਚ ਹੋਵੇ ਤਾਂ ਸਿੱਧੇ ਪ੍ਰਧਾਨ ਮੰਤਰੀ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇ ਅਤੇ ਗੈਰ-ਭਾਜਪਾ ਸੱਤਾ ਸੂਬੇ ‘ਚ ਹੋਵੇ ਤਾਂ ਫਿਰ ਸਥਾਨਕ ਪ੍ਰਸ਼ਾਸਨ ਤੋਂ ਵੀ ਸਵਾਲ ਪੁੱਛਣ ਦੀ ਖੇਚਲ ਨਾ ਕੀਤੀ ਜਾਵੇ ਰਾਜਨੀਤੀ ਦੇ ਸਾਏ ਹੇਠ ਹੋਣ ਵਾਲੀਆਂ ਭੀੜਤੰਤਰ ਦੀਆਂ ਵਾਰਦਾਤਾਂ ਹਿੰਸਕ ਖੂਨੀ ਕ੍ਰਾਂਤੀ ਦਾ ਕਲੰਕ ਦੇਸ਼ ਦੇ ਮੱਥੇ ‘ਤੇ ਲਾ ਰਹੀਆਂ ਹਨ ਚਾਹੇ ਉਹ ਐਂਟੀ ਰੋਮੀਓ ਸਕਵਾਇਡ ਦੇ ਨਾਂਅ ‘ਤੇ ਹੋਣ ਜਾਂ ਗਊ ਰੱਖਿਆ ਦੇ ਨਾਂਅ ‘ਤੇ ਕਹਿੰਦੇ ਹਨ ਭੀੜ ‘ਤੇ ਕਿਸੇ ਦਾ ਕੰਟਰੋਲ ਨਹੀਂ ਹੁੰਦਾ ਉਹ ਅਜ਼ਾਦ ਹੈ, ਉਸਨੂੰ ਚਾਹੇ ਜਦੋਂ ਭੜਕਾ ਕੇ ਹਿੰਸਕ ਵਾਰਦਾਤ ਖੜ੍ਹੀ ਕੀਤੀ ਜਾ ਸਕਦੀ ਹੈ ਉਸਨੂੰ ਸਿਆਸੀ ਸੁਰੱਖਿਆ ਮਿਲੀ ਹੋਈ ਹੈ ਜਿਸ ਕਾਰਨ ਉਹ ਕਿਤੇ ਵੀ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਮਨਮਰਜ਼ੀ ਕਰਦੀ ਹੈ ।

ਭੀੜਤੰਤਰ ਦਾ ਹਿੰਸਕ, ਅਰਾਜਕ ਤੇ ਹਮਲਾਵਰ ਹੋਣਾ ਅਣਉੱਚਿਤ ਤੇ ਅਪਰਾਧਿਕ ਕਾਰਾ ਹੈ ਭੀੜ ਕਦੇ ਵੀ ਦੋਸ਼ੀ ਨੂੰ ਪੱਖ ਦੱਸਣ ਦਾ ਮੌਕਾ ਹੀ ਨਹੀਂ ਦਿੰਦੀ ਅਤੇ ਭੀੜ ‘ਚ ਸਾਰੇ ਲੋਕ ਬਿਨਾ ਤਰਕ ਹਿੰਸਾ ਕਰਦੇ ਹਨ ਕਦੇ-ਕਦੇ ਅਜਿਹੀਆਂ ਘਟਨਾਵਾਂ ਹਿੰਸਕ ਘਟਨਾਵਾਂ ਕਥਿਤ ਸਿਆਸੀ, ਧਾਰਮਿਕ ਅਤੇ ਸਮਾਜਿਕ ਲੋਕਾਂ ਦੇ ਉਕਸਾਉਣ ‘ਤੇ ਕਰ ਦਿੱਤੀਆਂ ਜਾਂਦੀਆਂ ਹਨ ਅਜਿਹੇ ਕਾਰਨਾਮੇ ਨਾਲ ਕਾਨੂੰਨ ਦੀ ਉਲੰਘਣਾ ਤਾਂ ਹੁੰਦੀ ਹੀ ਹੈ ਭਾਰਤ ਦੀ ਅਹਿੰਸਾ ਅਤੇ ਵਿਸ਼ਵਭਾਈਚਾਰੇ ਦੀ ਭਾਵਨਾ ਵੀ ਖ਼ਤਮ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਨੇ ਕੋਈ ਅਪਰਾਧ ਕੀਤਾ ਹੈ ਤਾਂ ਉਸਨੂੰ ਸਜ਼ਾ ਦੇਣ ਦਾ ਹੱਕ ਕਾਨੂੰਨ ਨੂੰ ਹੈ, ਨਾ ਕਿ ਜਨਤਾ ਉਸਨੂੰ ਤੈਅ ਕਰੇਗੀ ਅਪਰਾਧੀ ਨੂੰ ਖੁਦ ਸਜਾ ਦੇਣਾ ਕਾਨੂੰਨੀ ਤੌਰ ‘ਤੇ ਗਲਤ ਹੈ ਹੀ, ਨੈਤਿਕ ਤੌਰ ‘ਤੇ ਵੀ ਅਣਉੱਚਿਤ ਹੈ ਅਤੇ ਇਹ ਘਟਨਾਵਾਂ ਸਮਾਜ ਦੇ ਅਰਾਜਕ ਹੋਣ ਦਾ ਸੰਕੇਤ ਹਨ ਪਰ ਇੱਥੇ ਸਵਾਲ ਇਹ ਵੀ ਹੈ ਕਿ ਵਿਅਕਤੀ ਹਿੰਸਕ ਅਤੇ ਕਰੂਰ ਕਿਉਂ ਹੋ ਰਿਹਾ ਹੈ? ਸਵਾਲ ਇਹ ਵੀ ਹੈ ਕਿ ਸਾਡੇ ਸਮਾਜ ‘ਚ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਜਾਗਰੂਕਤਾ ਦੀ ਐਨੀ ਘਾਟ ਕਿਉਂ ਹੈ? ਅਸਲ ਜਰੂਰਤ ਨਾ ਕਮੇਟੀ ਬਣਾਉਣ ਦੀ ਹੈ ਤੇ ਨਾ ਨਵੇਂ ਕਾਨੂੰਨ ਬਣਾਉਣ ਦੀ ਬਲਕਿ ਅਜਿਹਾ ਸਖਤ ਸੰਦੇਸ਼ ਦੇਣ ਦੀ ਹੈ ਕਿ ਫਿਰ ਨਾ ਕੋਈ ਅੰਸਾਰੀ ਮਾਰਿਆ ਜਾਵੇ ਤਾਂ ਕਿ ਕੋਈ ਆਗੂ ਫਿਰ ਜਹਿਰੀਲੇ ਬੋਲ ਨਾ ਬੋਲ ਸਕੇ ਜਰੂਰਤ ਕੌੜੇ ਅਤੇ ਭੜਕਾਊ ਬਿਆਨ ਦੇਣ ਵਾਲੇ ਆਗੂਆਂ ਤੇ ਨਿਠੱਲੇ ਤੇ ਉਦਾਸੀਨ ਬਣੇ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਹੈ, ਤਾਂ ਕਿ ਡਰਾਉਣੀਆਂ ਤੇ ਤ੍ਰਾਸਦੀਪੂਰਨ ਘਟਨਾਵਾਂ ਫਿਰ ਨਾ ਵਾਪਰ ਸਕਣ  ਭੀੜ ਇਕੱਠੀ ਹੁੰਦੀ ਹੈ, ਕਿਸੇ ਨੂੰ ਮਾਰ ਦਿੰਦੀ ਹੈ, ਜਿਸ ਤਰ੍ਹਾਂ ਭੀੜਤੰਤਰ ਦਾ ਸਿਲਸਿਲਾ ਸ਼ੁਰੂ ਹੋਇਆ ਉਸ ਤੋਂ ਤਾਂ ਲੱਗਦਾ ਹੈ ਕਿ ਇੱਕ ਦਿਨ ਅਸੀਂ ਸਾਰੇ ਇਸਦੀ ਮਾਰ ‘ਚ ਹੋਵਾਂਗੇ ਦਰਅਸਲ ਇਹ ਹਤਿਆਰੀ ਮਾਨਸਿਕਤਾ ਨੂੰ ਜੋ ਉਤਸ਼ਾਹ ਮਿਲ ਰਿਹਾ ਹੈ ਉਸਦੇ ਪਿੱਛੇ ਇੱਕ ਨਫ਼ਰਤ, ਸੰਕੀਰਣਤਾ ਤੇ ਅਸਿਹਣਸ਼ੀਲਤਾ ਆਧਾਰਿਤ ਸੋਚ ਹੈ ਇਹ ਸਾਡੀ ਪ੍ਰਸ਼ਾਸਿਕ ਅਤੇ ਸਿਆਸੀ ਵਿਵਸਥਾ ਦੇ ਡੋਲਣ ਦਾ ਵੀ ਸੰਕੇਤ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here