ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬ ਸਿਹੁੰ ਦੀ ਜ਼ਰੂਰਤ ਸੀ ਤਾਂ ਇਸ ਨੂੰ ਮੁੰਦਰੀ ਦੇ ਨਗ ਦਾ ਦਰਜ਼ਾ ਦਿੱਤਾ ਗਿਆ। ਮੁਲਕ ਦੇ ਅਨਾਜ ਭੰਡਾਰ ਭਰਨ ਲਈ ਪੰਜਾਬ ਦੀ ਭੂਮੀ ਤੇ ਪਾਣੀ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਅਜਿਹਾ ਇਸਤੇਮਾਲ ਕਿ ਭੂਮੀ, ਪਾਣੀ ਅਤੇ ਇੱਥੋਂ ਤੱਕ ਕਿ ਹਵਾ ਵੀ ਪਲੀਤ ਕਰ ਦਿੱਤੀ। ਪੰਜਾਬ ਦੇ ਸਿਰ ਦੋਸ਼ਾਂ ਦੀ ਪੰਡ ਟਿਕ ਗਈ ਹੈ ਕਿ ਰਾਜਧਾਨੀ ਦਿੱਲੀ ਦੀ ਆਬੋ ਹਵਾ ਇਹ ਖਰਾਬ ਕਰ ਰਿਹਾ ਹੈ। ਪੰਜਾਬ ਸਿਹੁੰ ਨੂੰ ਮੁਲਕ ਦੀ ਰੱਖਿਆ ਅਤੇ ਮੁਲਕ ਨੂੰ ਅੰਨ ਖੇਤਰ ‘ਚ ਆਤਮ-ਨਿਰਭਰ ਬਣਾਉਣ ਜਿਹੇ ਕੀਤੇ ਚੰਗੇ ਕਾਰਜਾਂ ਦੀ ਇੰਨੀ ਸ਼ਾਬਾਸ਼ ਸ਼ਾਇਦ ਸਾਰੀ ਉਮਰ ‘ਚ ਨਹੀਂ ਮਿਲੀ ਹੋਣੀ ਜਿੰਨੀ ਝਿੜਕ ਹਵਾ ਪ੍ਰਦੂਸ਼ਣ ਦੇ ਬਹਾਨੇ ਮਹਿਜ਼ ਦੋ-ਤਿੰਨ ਵਰ੍ਹਿਆਂ ‘ਚ ਮਾਰੀ ਗਈ ਹੈ।
ਪੰਜਾਬ ਸਿਹੁੰ ਵਿਲਕ ਰਿਹਾ ਹੈ ਕਿ ਮੈਂ ਇਕੱਲਾ ਪ੍ਰਦੂਸ਼ਣ ਲਈ ਦੋਸ਼ੀ ਨਹੀਂ ਹਾਂ, ਪਰ ਸੁਣਦਾ ਕੌਣ ਹੈ ਇਸ ਵਿਚਾਰੇ ਦੀ? ਪੰਜਾਬ ਸਿੰਹਾਂ ਹੁਣ ਤੇਰੇ ਇਸਤੇਮਾਲ ਦੀ ਜਰੂਰਤ ਨਹੀਂ ਰਹੀਂ ਹਕੂਮਤਾਂ ਨੂੰ, ਤਾਂ ਹੀ ਤਾਂ ਆਨੇ-ਬਹਾਨੇ ਤੈਨੂੰ ਜਲੀਲ ਕੀਤਾ ਜਾ ਰਿਹਾ ਹੈ। ਹਾਲੇ ਰਾਜਧਾਨੀ ਨੂੰ ਪ੍ਰਦੂਸ਼ਿਤ ਕਰਨ ਦੀਆਂ ਝਿੜਕਾਂ ਤੋਂ ਰਾਹਤ ਨਹੀਂ ਸੀ ਮਿਲੀ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਹੋਣ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਹੋਰ ਸੂਬਿਆਂ ਦੇ ਲੋਕਾਂ ਨੂੰ ਅਮਰੀਕਾ, ਕੈਨੇਡਾ ਅਤੇ ਅਸਟਰੇਲੀਆ ਜਿਹਾ ਸਵਾਦ ਦੇਣ ਵਾਲਾ ਪੰਜਾਬ ਸਿੰਹੁ ਕਹਿੰਦੇ ਖੁਦ ਹੀ ਕੰਗਾਲ ਹੋ ਗਿਆ। ਕੰਗਾਲੀ ਵੀ ਅਜਿਹੀ ਕਿ ਖੀਸਾ ਜਮ੍ਹਾ ਈ ਖਾਲੀ ਹੋਇਆ ਪਿਐ। ਪੰਜਾਬ ਸਿੰਹੁ ਦੇ ਪੁੱਤ ਧੀਆਂ ਤਾਂ ਪਹਿਲਾਂ ਈ ਕੰਗਾਲ ਹੋਏ ਪਏ ਸਨ। ਜੇ ਕੰਗਾਲ ਨਾ ਹੁੰਦੇ ਤਾਂ ਕਿਸ ਦਾ ਜੀਅ ਕਰਦੈ ਸਲਫਾਸ ਖਾ ਕੇ ਜਿੰਦਗੀ ਗੁਆਉਣ ਨੂੰ? ਦੁਨੀਆਂ ਦਾ ਮੇਲਾ ਛੱਡਣਾ ਸੌਖਾ ਨਹੀਂ। ਆਪਣੀ ਜਾਨ ਗੁਆ ਕੇ ਆਪਣਿਆਂ ਨੂੰ ਵਿਲਕਣ ਲਾਉਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਮੁਲਕ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ ਸਿੰਹੁ ਦੇ ਲਾਡਲੇ ਪੁੱਤਰ ਅਤੇ ਉਸ ਦੇ ਸਾਂਝੀ ਨਿੱਤ ਦਿਨ ਮਰ ਰਹੇ ਹਨ। ਪਰ ਕਿਸੇ ਨੂੰ ਕੋਈ ਪਰਵਾਹ ਨਹੀਂ। ਹਾਲਾਤ ਪੰਜਾਬ ਸਿੰਹੁ ਦੇ ਬਾਕੀ ਪੁੱਤ-ਧੀਆਂ ਦੇ ਵੀ ਕੋਈ ਬਹੁਤ ਸੁਖਾਵੇਂ ਨਹੀਂ ਹਨ। ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਅਤੇ ਤਨਖਾਹਾਂ ਤੋਂ ਸੱਖਣੇ ਮੁਲਾਜ਼ਮ ਨਿੱਤ ਵਿਲਕਦੇ ਨੇ ਪਰ ਕੋਈ ਸੁਣਵਾਈ ਨਹੀਂ।
ਪੜ੍ਹੇ-ਲਿਖੇ ਨੌਜਵਾਨ ਪਹਿਲਾਂ ਤਾਂ ਚੌਦਾਂ-ਚੌਦਾਂ ਪੰਦਰਾਂ-ਪੰਦਰਾਂ ਵਰ੍ਹੇ ਮਹਿੰਗੀਆਂ ਪੜ੍ਹਾਈਆਂ ਪੜ੍ਹਦੇ ਨੇ ਅਤੇ ਫਿਰ ਕਈ-ਕਈ ਵਰ੍ਹੇ ਪੁਲਿਸ ਦੀਆਂ ਡਾਂਗਾਂ ਖਾਂਦੇ ਨੇ ਤਾਂ ਕਿਤੇ ਜਾ ਕੇ ਪਾਪੀ ਪੇਟ ਦਾ ਮਸਲਾ ਹੱਲ ਹੁੰਦੈ। ਉਹ ਵੀ ਕਰਮਾਂ ਵਾਲਿਆਂ ਦਾ। ਬਹੁਤੇ ਤਾਂ ਡਾਂਗਾਂ ਖਾਂਦੇ ਈ ਉਮਰ ਲੰਘਾ ਬੈਠਦੇ ਨੇ। ਪੰਜਾਬ ਸਿੰਹੁ ਦਾ ਖੀਸਾ ਖਾਲੀ ਹੀ ਨਹੀਂ ਹੋਇਆ, ਸਗੋਂ ਕਹਿੰਦੇ ਪੰਜਾਬ ਸਿੰਹੁ ਦਾ ਕਰਜ਼ਾ ਤਾਂ ਨਿੱਤ ਦਿਨ ਵਧੀ ਜਾਂਦੈ। ਅਖਬਾਰੀ ਰਿਪੋਰਟਾਂ ਦੱਸਦੀਆਂ ਨੇ ਕਿ ਵਿੱਤੀ ਸਾਲ ਦੋ ਹਜ਼ਾਰ ਵੀਹ ਦੇ ਅੰਤ ਤੱਕ ਇਸ ਦਾ ਕਰਜ਼ਾ ਦੋ ਲੱਖ ਉਨੱਤੀ ਹਜ਼ਾਰ ਛੇ ਸੌ ਗਿਆਰਾਂ ਕਰੋੜ ਰੁਪਏ ਹੋ ਜਾਵੇਗਾ। ਪੰਜਾਬ ਸਿੰਹੁ ਦੇ ਸਾਊ ਪੁੱਤਰਾਂ ਧੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਵਿੱਚ ਅੰਕ ਕਿੰਨੇ ਆਉਣਗੇ? ਪੰਜਾਬ ਸਿੰਹੁ ਨੂੰ ਹਰ ਵਰ੍ਹੇ ਤੀਹ ਹਜ਼ਾਰ ਤਿੰਨ ਸੌ ਨੌਂ ਕਰੋੜ ਰੁਪਏ ਦਾ ਤਾਂ ਵਿਆਜ਼ ਹੀ ਭਰਨਾ ਪੈ ਰਿਹੈ। ਅਖਬਾਰੀ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਪੰਜਾਬ ਸਿੰਹੁ ਦੇ ਖੀਸੇ ‘ਚ ਬਰਕਤ ਪਾਉਣ ਲਈ ਮਾਰਕੀਟ ਫੀਸ, ਦਿਹਾਤੀ ਵਿਕਾਸ ਫੰਡ ਅਤੇ ਪੇਸ਼ੇਵਰ ਟੈਕਸ ਆਦਿ ਲਾ ਕੇ ਉਸਦੇ ਪੁੱਤਰਾਂ ਦੀ ਜੇਬ੍ਹ ‘ਤੇ ਕੱਟ ਲਾਇਆ ਗਿਆ। ਪਰ ਪੰਜਾਬ ਸਿੰਹੁ ਦੇ ਖੀਸੇ ਦੀ ਬਰਕਤ ਖਲਾਸ ਹੁੰਦੀ-ਹੁੰਦੀ ਹੁਣ ਜਮ੍ਹਾ ਕੰਗਾਲੀ ‘ਤੇ ਆ ਗਈ ਹੈ। ਖਬਰ ਤਾਂ ਇਹ ਵੀ ਹੈ ਕਿ ਪੰਜਾਬ ਸਿੰਹੁ ਦੇ ਖੀਸੇ ‘ਚ ਹੁਣ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜਾਂ ਹੋਰ ਖਰਚੇ ਕਰਨ ਜੋਗੇ ਪੈਸੇ ਵੀ ਨਹੀਂ ਰਹੇ ਹਨ। ਵਿਕਾਸ ਲਈ ਪੈਸਾ ਖਰਚਣ ਦੀ ਤਾਂ ਗੱਲ ਹੀ ਛੱਡੋ, ਹੁਣ ਸਵਾਲ ਤਾਂ ਇਹ ਹੈ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਕੀਤਾ ਕਿਸ ਨੇ ਹੈ? ਮੈਂ ਜਾਂ ਤੁਸੀਂ ਤਾਂ ਕੀਤਾ ਹੀ ਨਹੀਂ। ਨਾਲੇ ਆਪਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਸਿੰਹੁ ਦੀ ਜੇਬ੍ਹ ‘ਚ ਪਹਿਲਾਂ ਕਿੰਨੇ ਪੈਸੇ ਸਨ ਅਤੇ ਹੁਣ ਕਿੰਨੇ ਹਨ? ਆਪਾਂ ਨੂੰ ਤਾਂ ਜਿਵੇਂ ਦੱਸਦੇ ਨੇ ਮੰਨਣਾ ਪੈਂਦੈ। ਰੌਲਾ ਤਾਂ ਕਾਫੀ ਸਮੇਂ ਤੋਂ ਪੈ ਰਿਹੈ ਕਿ ਪੰਜਾਬ ਸਿੰਹੁ ਦੀ ਜੇਬ੍ਹ ‘ਚ ਪੈਸੇ ਘੱਟ ਹਨ। ਜੇਬ੍ਹ ‘ਚ ਘੱਟ ਪੈਸਿਆਂ ਕਾਰਨ ਹੀ ਮੁਲਾਜ਼ਮਾਂ ਨੂੰ ਕਿੰਨੇ ਵਰ੍ਹਿਆਂ ਤੋਂ ਮਹਿੰਗਾਈ ਭੱਤਾ ਨਹੀਂ ਮਿਲਿਆ।
ਤਨਖਾਹ ਕਮਿਸ਼ਨ ਦੀ ਤਾਂ ਗੱਲ ਹੀ ਛੱਡੋ। ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਬੋਨਸ ਮਿਲੇ ਨੂੰ ਸਦੀਆਂ ਹੀ ਬੀਤ ਚੱਲੀਆਂ ਨੇ। ਮਜ਼ਦੂਰ ਦੀ ਤਾਂ ਹਾਲਤ ਪੁੱਛੋ ਹੀ ਨਾ। ਵਪਾਰੀ ਦੇ ਗਲ ‘ਤੇ ਵੀ ‘ਗੂਠਾ ਚੰਗੀ ਤਰ੍ਹਾਂ ਧਰਿਆ ਹੋਇਐ। ਆਪਾਂ ਤਾਂ ਸਾਰੇ ਜਣੇ ਟੈਕਸ ਵੀ ਸਮੇਂ ਸਿਰ ਭਰਦੇ ਹਾਂ। ਮੁਲਾਜ਼ਮਾਂ ਤੇ ਵਪਾਰੀਆਂ ਤੋਂ ਹਰ ਤਿਮਾਹੀ ਟੈਕਸ ਵਸੂਲ ਲਿਆ ਜਾਂਦੈ। ਇਨ੍ਹਾਂ ਨੂੰ ਤਾਂ ਇਹ ਵੀ ਛੋਟ ਨਹੀਂ ਕਿ ਚੱਲੋ ਸਾਲ ਦਾ ਟੈਕਸ ਇਕੱਠਾ ਭਰ ਦਿਓ। ਆਪਾਂ ਤਾਂ ਜਿਹੜੀ ਵਸਤੂ ਖਰੀਦਦੇ ਹਾਂ ਉਸ ‘ਤੇ ਵੀ ਪਹਿਲਾਂ ਹੀ ਟੈਕਸ ਵਸੂਲ ਲਿਆ ਜਾਂਦਾ ਹੈ।
ਜੀ. ਐਸ. ਟੀ. ਹੋਵੇ ਜਾਂ ਡੀਜ਼ਲ-ਪੈਟਰੋਲ ਦਾ ਵੈਟ ਆਪਾਂ ਤਾਂ ਕਦੇ ਉਧਾਰ ਨਹੀਂ ਕੀਤਾ। ਆਪਾਂ ਤਾਂ ਕਦੇ ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਕੋਈ ਗੇੜੀ-ਫੇੜੀ ਨਹੀਂ ਲਾਉਂਦੇ। ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਬਣੀਆਂ ਮਹਿੰਗੀਆਂ ਸਟੇਜਾਂ ‘ਤੇ ਕਦੇ ਬੈਠ ਕੇ ਨਹੀਂ ਵੇਖਿਆ। ਆਪਾਂ ਤਾਂ ਥੱਲੇ ਵਿਛੀਆਂ ਦਰੀਆਂ ‘ਤੇ ਬੈਠਦੇ ਹਾਂ। ਫਿਰ ਵੀ ਪੰਜਾਬ ਸਿੰਹੁ ਵਿਚਾਰਾ ਕੰਗਾਲ ਹੋ ਗਿਐ। ਆਪਾਂ ਨੂੰ ਆਮ ਜਨਤਾ ਨੂੰ ਤਾਂ ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਲੈਣ-ਦੇਣ ਕਰਨ ਦੀ ਵੀ ਕਦੇ ਕੋਈ ਭਿਣਕ ਨਹੀਂ ਪਈ। ਅਖਬਾਰੀ ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਸਿੰਹੁ ਦੇ ਖੀਸੇ ‘ਚੋਂ ਹਰ ਵਰ੍ਹੇ ਛੱਬੀ ਹਜ਼ਾਰ ਨੌਂ ਸੌ ਅਠੱਤਰ ਕਰੋੜ ਰੁਪਏ ਤਾਂ ਤਨਖਾਹਾਂ ‘ਤੇ ਲੱਗ ਜਾਂਦੇ ਹਨ। ਕਿਸ ਦੀਆਂ ਤਨਖਾਹਾਂ ‘ਤੇ ਇਹ ਨਹੀਂ ਪਤਾ? ਦਸ ਹਜ਼ਾਰ ਅੱਠ ਸੌ ਪਜੱਤਰ ਕਰੋੜ ਰੁਪਏ ਪੈਨਸ਼ਨਾਂ ‘ਤੇ ਖਰਚੇ ਜਾਂਦੇ ਹਨ। ਕਿਸ ਦੀਆਂ ਪੈਨਸ਼ਨਾਂ ‘ਤੇ ਇਹ ਫਿਰ ਨਹੀਂ ਪਤਾ? ਮੁਲਾਜ਼ਮਾਂ ਦਾ ਵੱਡਾ ਵਰਗ ਪੈਨਸ਼ਨਾਂ ਤੋਂ ਮਹਿਰੂਮ ਕਰ ਰੱਖਿਐ। ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਹਨ ਹੀ ਨਾ-ਮਾਤਰ ਤੇ ਉਹ ਵੀ ਆਉਂਦੀਆਂ ਲੰਙੇ ਡੰਗ ਹਨ। ਜਨਾਬ ਇਹ ਤਨਖਾਹਾਂ ਤੇ ਪੈਨਸ਼ਨਾਂ ਤਾਂ ਕਿਸੇ ਹੋਰ ਦੀਆਂ ਹਨ। ਮੈਂ ਨਾਂਅ ਕਿਉਂ ਦੱਸਾਂ, ਤੁਹਾਨੂੰ ਕਿਹੜਾ ਪਤਾ ਨਹੀਂ। ਸਭ ਪਤੈ ਤੁਹਾਨੂੰ ਵੀ ਪੰਜਾਬ ਸਿੰਹੁ ਦੇ ਲਾਡਲਿਓ! ਤੁਸੀਂ ਸਭ ਜਾਣਦੇ ਓ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਕਿਉਂ ਹੋਇਐ? ਪਰ ਬੋਲਣ ਦੀ ਹਿੰੰਮਤ ਨਹੀਂ ਥੋਡੇ ਵਿੱਚ। ਜਦੋਂ ਤੁਸੀ ਬੋਲਣਾ ਅਤੇ ਗਰਜਣਾ ਸਿੱਖ ਗਏ ਤਾਂ ਨਾ ਰਾਜਨੀਤੀ ਵਪਾਰ ਰਹੇਗੀ ਅਤੇ ਨਾ ਪੰਜਾਬ ਸਿੰਹੁ ਤਰਸੇਗਾ ਪਾਈ-ਪਾਈ ਨੂੰ।
ਸ਼ਕਤੀ ਨਗਰ, ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।