ਪੂਰੀ ਦੁਨੀਆਂ ਦਾ ਜੀਵਨ ਕਿਵੇਂ ਖੁਸ਼ਹਾਲ ਹੋਵੇ?
ਉਸ ਪਰਮਾਤਮਾ ਨੇ ਬਹੁਤ ਸੋਹਣੀ ਦੁਨੀਆਂ ਸਾਜੀ ਹੈ। ਇਸ ਵਿੱਚ ਆਉਣ ਵਾਲਾ ਹਰ ਪ੍ਰਾਣੀ, ਜੀਵ-ਜੰਤੂ, ਬਨਸਪਤੀ ਨੂੰ ਆਪਣਾ ਜੀਵਨ ਬਸਰ ਕਰਨ ਦਾ ਜਿੱਥੇ ਪੂਰਾ-ਪੂਰਾ ਅਧਿਕਾਰ ਪਰਮਾਤਮਾ ਨੇ ਦਿੱਤਾ ਹੈ, ਉੱਥੇ ਉਸ ਕਾਦਰ ਨੇ ਮਨੁੱਖ ਦੀਆਂ ਕੁੱਝ ਕੁ ਡਿਊਟੀਆਂ ਵੀ ਲਾਈਆਂ ਹੋਈਆਂ ਹਨ, ਕਿਉਂਕਿ ਮਨੁੱਖ ਜਾਤੀ ਹੀ ਇਸ ਦੀ ਸੋਝੀ ਰੱਖਦੀ ਹੈ, ਜਿਸ ਤੋਂ ਅਜੋਕਾ ਮਨੁੱਖ ਭੱਜ ਰਿਹਾ ਹੈ ਆਪਣੀ ਡਿਊਟੀ ਵਿੱਚ ਕੁਤਾਹੀ ਕਰਕੇ ਹੀ ਅੱਜ ਦਾ ਪ੍ਰਾਣੀ ਬਹੁਤ ਜ਼ਿਆਦਾ ਦੁੱਖਾਂ ਵਿੱਚ ਗ੍ਰਸਤ ਹੋਇਆ ਪਿਆ ਹੈ।
ਮਨੁੱਖ ਦਾ ਸੱਭ ਤੋਂ ਪਹਿਲਾ ਫਰਜ਼ ਹੈ ਕਿ ਕਾਦਰ ਦੀ ਬਣਾਈ ਹੋਈ ਕੁਦਰਤ ਨੂੰ ਜਾਨ ਤੋਂ ਵੀ ਵੱਧ ਪਿਆਰ ਕਰੇ ਉਸ ਦੀਆਂ ਨਿਆਮਤਾਂ ਦਾ ਲੁਤਫ ਲੈਣ ਲਈ ਉਨ੍ਹਾਂ ਦੀ ਸਾਂਭ-ਸੰਭਾਲ ਵੀ ਮਨੁੱਖ ਨੇ ਹੀ ਕਰਨੀ ਹੈ। ਜਲਵਾਯੂ, ਪਾਣੀ, ਰੁੱਖ ਅਤੇ ਵਾਤਾਵਰਨ ਨੂੰ ਸੰਭਾਲਣਾ ਇਹ ਮਨੁੱਖ ਦੇ ਹਿਸੇ ਦੇ ਕਾਰਜ ਵਿੱਚ ਆਉਂਦਾ ਹੈ। ਹਵਾ ਲਈ ਦਰੱਖਤਾਂ ਦੀ ਲੋੜ ਹੈ ਜੇ ਅਸੀਂ ਪੁਰਾਣੇ ਜਾਂ ਬੁੱਢੇ ਦਰੱਖਤਾਂ ਨੂੰ ਕੱਟਦੇ ਹਾਂ ਤਾਂ ਉਸ ਤੋਂ ਵੱਧ ਲਾਈਏ ਵੀ ਤੇ ਸੇਵਾ-ਸੰਭਾਲ ਵੀ ਕਰੀਏ।
ਇਹ ਪਾਣੀ ਆਪਣੇ ਜੀਵਨ ਵਿੱਚ ਅਹਿਮ ਸਥਾਨ ਰੱਖਦਾ ਹੈ ਇਸ ਨੂੰ ਲੋੜ ਮੁਤਾਬਿਕ ਵਰਤੀਏ ਜੇ ਕੋਈ ਫਾਲਤੂ ਡੋਲਦਾ ਹੈ ਤਾਂ ਉਸ ਨੂੰ ਪਿਆਰ ਨਾਲ ਵਰਜੀਏ। ਪਹਾੜ ਵੀ ਸਾਡੀ ਇਸ ਧਰਤੀ ਮਾਂ ਦਾ ਸ਼ਿੰਗਾਰ ਅਤੇ ਸੁਹੱਪਣ ਹਨ, ਬੇਮਤਲਬ ਉਨ੍ਹਾਂ ਨੂੰ ਉਨ੍ਹਾਂ ਦੇ ਆਕਾਰ ਤੋਂ ਛੋਟੇ ਕਰਨਾ ਵੀ ਸਾਡੀ ਮਨੁੱਖਤਾ ਦੀ ਬਹੁਤ ਵੱਡੀ ਭੁੱਲ ਹੋਵੇਗੀ। ਜੇਕਰ ਆਪਾਂ ਕਾਦਰ ਦੀ ਬਣਾਈ ਹੋਈ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਇਸ ਦੇ ਨਤੀਜੇ ਕੁੱਲ ਕਾਇਨਾਤ ਨੂੰ ਭੁਗਤਣੇ ਵੀ ਪੈਂਦੇ ਹਨ। ਪ੍ਰਤੱਖ ਨੂੰ ਪ੍ਰਮਾਣ ਦੀ ਕਦੇ ਕੋਈ ਲੋੜ ਨਹੀਂ ਹੁੰਦੀ ਕੇਦਾਰ ਨਾਥ, ਬਦਰੀ ਨਾਥ ਵਾਲੀ ਪਰਲੋ ਹਾਲੇ ਆਪਾਂ ਭੁੱਲੇ ਨਹੀਂ ਹਾਂ, ਜੋ ਸਿਰਫ ਮਨੁੱਖਤਾ ਦੀ ਗਲਤੀ ਦਾ ਹੀ ਪ੍ਰਮਾਣ ਹੈ।
ਇਸੇ ਤਰ੍ਹਾਂ ਭਰੂਣ ਨੂੰ ਕੁੱਖ ਵਿਚ ਕਤਲ ਕਰਨਾ ਵੀ ਸਾਡੀ ਫਿਤਰਤ ਬਣ ਚੁੱਕੀ ਹੈ ਇਹ ਵੀ ਉਸ ਪਰਮਾਤਮਾ ਦੇ ਕੰਮ ਵਿੱਚ ਵਿਘਨ ਪਾਉਣਾ ਹੀ ਹੈ। ਕੀ ਆਪਾਂ ਸਾਰੇ ਪ੍ਰਾਣੀ (ਮਨੁੱਖ) ਸਭਨਾਂ ਨੂੰ ਪਿਆਰ-ਸਤਿਕਾਰ ਦਿੰਦੇ ਹਾਂ? ਗੁਰਬਾਣੀ ਵਿਚ ਦੱਸਿਆ ਗਿਐ ਕਿ ਜੇਕਰ ਇਨਸਾਨ ਇਨਸਾਨੀਅਤ ਨਾਲ ਪਿਆਰ-ਮੁਹੱਬਤ ਕਰਦਾ ਹੈ ਤਾਂ ਹੀ ਵਾਹਿਗੁਰੂ ਰਹਿਮਤਾਂ ਨਾਲ ਝੋਲੀਆਂ ਭਰਦਾ ਹੈ।
ਪਸ਼ੂ-ਪੰਛੀਆਂ ਦੀ ਆਪਣੀ ਜੀਭ ਦੇ ਸਵਾਦ ਲਈ ਹੱਤਿਆ ਨਾ ਕਰੀਏ ਉਨ੍ਹਾਂ ਨੂੰ ਵੀ ਜਿਉਣ ਦਾ ਅਧਿਕਾਰ ਹੈ। ਆਪਣੀ ਜਿੰਦਗੀ ਵਿੱਚ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ, ਸੋਚ-ਸਮਝ ਕੇ ਮਿੱਤਰ ਬਣਾਓ ਤੇ ਰਿਸ਼ਤੇ ਨਿਭਾਓ। ਇਹੀ ਸੱਚੀ ਮਨੁੱਖਤਾ ਦੀ ਨਿਸ਼ਾਨੀ ਹੈ। ਆਪਣੀ ਜੀਵਨ ਯਾਤਰਾ ਸੁਖਦ ਬਣਾਉਣ ਲਈ ਸੁਬ੍ਹਾ-ਸ਼ਾਮ ਸੈਰ ਕਰੀਏ ਦੁਖੀ ਜੀਵਾਂ ਦੀ ਮੱਦਦ ਕਰੀਏ, ਮਨੁੱਖਤਾ ਨੂੰ ਪਿਆਰ ਕਰੀਏ ਅਤੇ ਉਸ ਪਰਮਾਤਮਾ ਦੇ ਕੰਮਾਂ ਵਿਚ ਵਿਘਨ ਨਾ ਪਾਈਏ। ਇਹ ਫਰਜ ਜੇਕਰ ਸਾਰੀ ਦੁਨੀਆਂ ਦੇ ਇਨਸਾਨ ਸੱਚੇ ਦਿਲੋਂ ਨਿਭਾਉਣ ਤਾਂ ਸਾਰੀ ਕਾਇਨਾਤ ਕੁੱਲ ਦੁਨੀਆਂ ਦਾ ਜੀਵਨ ਸੁਖਦਾਈ ਗੁਜ਼ਰ ਸਕਦਾ ਹੈ। ਸਾਰੀ ਮਨੁੱਖਤਾ ਨੂੰ ਇਹੀ ਬੇਨਤੀ ਹੈ ਕਿ ਆਓ! ਇਨ੍ਹਾਂ ਗੱਲਾਂ ’ਤੇ ਪਹਿਰਾ ਦੇਈਏ, ਆਪ ਅਤੇ ਸਭਨਾਂ ਨੂੰ ਇਸ ਸੰਸਾਰ ਵਿੱਚ ਜਿਉਣ ਲਈ ਸਹਾਈ ਹੋਈਏ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।