ਭਾਗਲਪੁਰ ਵਿੱਚ ਧਮਾਕੇ ਕਾਰਨ ਮਕਾਨ ਢਹਿ ਢੇਰੀ, 6 ਲੋਕਾਂ ਦੀ ਦਰਦਨਾਕ ਮੌਤ
ਭਾਗਲਪੁਰ (ਏਜੰਸੀ)। ਬਿਹਾਰ ਵਿੱਚ ਭਾਗਲਪੁਰ ਸ਼ਹਿਰ ਦੇ ਤਾਤਾਰਪੁਰ ਇਲਾਕੇ ‘ਚ ਵੀਰਵਾਰ ਦੇਰ ਰਾਤ ਜ਼ੋਰਦਾਰ ਧਮਾਕਾ ਹੋਣ ਕਾਰਨ ਇਕ ਘਰ ਦੇ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਭਾਗਲਪੁਰ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਸੁਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਵੀਰਵਾਰ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਕਾਰਨ ਕਾਜਵਲੀਚੱਕ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ ਅਤੇ ਉਸ ਦੇ ਮਲਬੇ ਹੇਠਾਂ ਦੱਬ ਕੇ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਹੋ ਗਏ।
ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਭਾਗਲਪੁਰ ਦੇ ਸਦਰ ਹਸਪਤਾਲ ਅਤੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਮਾਰ ਨੇ ਦੱਸਿਆ ਕਿ ਜ਼ੋਰਦਾਰ ਧਮਾਕੇ ਕਾਰਨ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਸਾਫ ਕਰਨ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਮਲਬਾ ਹਟਾਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ‘ਚ ਢਹਿ-ਢੇਰੀ ਹੋਏ ਘਰ ਦੇ ਨਜ਼ਦੀਕ ਦੋ ਹੋਰ ਮਕਾਨ ਵੀ ਨੁਕਸਾਨੇ ਗਏ ਹਨ।
ਗੈਰ-ਕਾਨੂੰਨੀ ਪਟਾਕਿਆਂ ਅਤੇ ਦੇਸੀ ਬੰਬ ਬਣਾਉਣ ਦੀ ਗੱਲ ਸਾਹਮਣੇ ਆਈ: ਪੁਲਿਸ
ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਇਸ ਘਟਨਾ ਦੀ ਮੁੱਢਲੀ ਜਾਂਚ ਵਿੱਚ ਉਕਤ ਘਰ ‘ਚੋਂ ਗੈਰ-ਕਾਨੂੰਨੀ ਪਟਾਕਿਆਂ ਅਤੇ ਦੇਸੀ ਬੰਬ ਬਣਾਉਣ ਦੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਫੋਰੈਂਸਿਕ ਸਾਇੰਸ ਲੈਬਾਰਟਰੀ (SFL) ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ, ਸੀਨੀਅਰ ਪੁਲਿਸ ਸੁਪਰਡੈਂਟ ਸਮੇਤ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ