ਹੋਮਗਾਰਡਾਂ ਵਿਧਾਨ ਸਭਾ ‘ਚ ਆਵਾਜ਼ ਉਠਾਉਣ ਲਈ ਵਿਧਾਇਕ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ
ਬਰਨਾਲਾ, (ਜਸਵੀਰ ਸਿੰਘ ਗਹਿਲ) ਹੋਮਗਾਰਡਜ਼ ਵੈਲਫੇਅਰ ਐਸੋਸੀਏਸ਼ਨ (ਰਿਟਾ:) ਪੰਜਾਬ ਦੇ ਜ਼ਿਲ੍ਹਾ ਆਗੂ ਕੇਵਲ ਕ੍ਰਿਸ਼ਨ ਸੇਖਾ ਦੀ ਅਗਵਾਈ ਹੇਠ ਐਸੋਸੀਏਸ਼ਨ ਵਫ਼ਦ ਨੇ ਆਪਣੀਆਂ ਮੰਗਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਹਿੱਤ ਹਲਕਾ ਬਰਨਾਲਾ ਦੇ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਹੋਮਗਾਰਡਜ਼ ਨੇ ਰੋਸ ਜਤਾਇਆ ਕਿ ਵਿਭਾਗ ‘ਚ ਕੰਮ ਕਰਦੇ ਸਮੇਂ ‘ਮੁਲਾਜ਼ਮ’ ਪਰ ਹੱਕ ਦੇਣ ਸਮੇਂ ‘ਵਲੰਟੀਅਰ’ ਕਹਿ ਕੇ ਪਾਸਾ ਵੱਟ ਲਿਆ ਜਾਂਦਾ ਹੈ।
ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਬਠਿੰਡਾ ਨੇ ਦੱਸਿਆ ਪੰਜਾਬ ਹੋਮਗਾਰਡਜ਼ ਅਸਲਾ ਟਰੇਂਡ ਜਵਾਨ ਹਨ ਜਿਨ੍ਹਾਂ ਨੂੰ 30-32 ਸਾਲ ਡੇਲੀਵੇਜ਼ ਵਜੋਂ ਕੰਮ ਲੈ ਕੇ ਬਿਨਾਂ ਕਿਸੇ ਪੈਨਸ਼ਨ ਤੇ ਵਿੱਤੀ ਲਾਭ ਦੇ ਖਾਲੀ ਹੱਥ ਘਰ ਤੋਰ ਦਿੱਤਾ ਜਾਂਦਾ ਹੈ। ਬੇਇੱਜ਼ਤ ਤੇ ਬੇਸਹਾਰਾ ਬੁਢਾਪਾ ਹੰਢਾਉਣ ਲਈ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੱਕੀ ਪੈਨਸ਼ਨ ਤੇ ਹੋਰ ਵਿੱਤੀ ਲਾਭ ਲੈਣ ਲਈ ਜ਼ਿਲ੍ਹਾ ਰੋਪੜ ਵਿਖੇ ਚੰਡੀਗੜ- ਅਨੰਦਪੁਰ ਸਾਹਿਬ (ਐਨ.ਐਚ. 205) ਤੇ ਸੋਲਖੀਆਂ ਟੌਲ ਪਲਾਜ਼ੇ ਨੇੜੇ 26 ਮਹੀਨਿਆਂ ਤੋਂ ਲਗਾਤਾਰ ਧਰਨੇ ‘ਤੇ ਹਨ, 6 ਜਵਾਨ ਜਹਾਨੋਂ ਤੁਰ ਵੀ ਗਏ ਪਰ ਕਿਸੇ ਡਾਢੇ ਨੇ ਨਹੀਂ ਸੁਣੀ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਕੋਰਾ ਜਵਾਬ ਦੇ ਗਏ। ਜਦੋਂਕਿ ਵਿਰੋਧੀ ਵਿਧਾਇਕ ਕੰਵਰ ਸੰਧੂ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰਫ਼ ਭਰੋਸੇ ਤੋਂ ਅੱਗੇ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਵਿਭਾਗ ‘ਚ ਕੰਮ ਕਰਦੇ ਸਮੇਂ ‘ਮੁਲਾਜ਼ਮ’ ਪਰ ਹੱਕ ਦੇਣ ਸਮੇਂ ‘ਵਲੰਟੀਅਰ’ ਕਹਿ ਕੇ ਪਾਸਾ ਵੱਟਿਆ ਜਾ ਰਿਹਾ ਹੈ ਉਹਨਾਂ ਸਵਾਲ ਉਠਾਇਆ ਕਿ ਸਾਰੇ ਸਿਆਸੀ ਵਿਧਾਇਕ/ਮੰਤਰੀ ਵੀ ਵਲੰਟੀਅਰ ਹੀ ਹਨ ਜੋ ਕਈ-ਕਈ ਪੈਨਸ਼ਨਾਂ ਲੈਂਦੇ ਹਨ,
ਉਮਰਾਂ ਦੀ ਹੱਦ ਵੀ ਕੋਈ ਨਹੀਂ ਤਾਂ ਹੋਮਗਾਰਡਜ਼ ਨੂੰ ਪੈਨਸ਼ਨ ਤੇ ਹੋਰ ਵਿੱਤੀ ਲਾਭ ਕਿਉਂ ਨਹੀਂ ਦਿੱਤਾ ਜਾ ਰਿਹਾ ਪੁਲਿਸ ਮੁਲਾਜ਼ਮ ਦੇ ਬਰਾਬਰ ਤਨਖਾਹ ਤੇ ਸਹੂਲਤਾਂ ਦੇ ਸੁਪਰੀਮ ਕੋਰਟ ਦੇ ਸੰਨ 2015 ਦੇ ਨਿਰਦੇਸ਼ਾਂ ਨੂੰ ਵੀ ਨਹੀਂ ਗੌਲਿਆ ਜਾ ਰਿਹਾ। ਉਹਨਾਂ ਕਿਹਾ ਕਿਮਤਰੇਈ ਮਾਂ ਜਿਹਾ ਸਲੂਕ ਬਰਦਾਸ਼ਤ ਯੋਗ ਨਹੀਂ ਹੈ। 58 ਸਾਲ ‘ਤੇ ਸੇਵਾ ਮੁਕਤੀ ਉਪਰੰਤ ਖਾਲੀ ਹੱਥ ਘਰੇ ਜਾਣ ‘ਤੇ ਬੱਚੇ ਵੀ ਕਦਰ ਨਹੀਂ ਕਰਦੇ। ਉਪਰੋਂ ਵਡੇਰੀ ਉਮਰ ਦੀਆਂ ਬਿਮਾਰੀਆਂ ‘ਚ ਘਿਰਿਆ ਬੁਢਾਪਾ ਆਪਣਿਆਂ ਹੱਥੋਂ ਜਲਾਲਤ ਹੰਢਾਉਣ ਲਈ ਮਜ਼ਬੂਰ ਹੈ।
ਦੱਸਣਯੋਗ ਹੈ ਕਿ ਅੱਤਵਾਦ ਦੇ ਦੌਰ ਦੌਰਾਨ 368 ਹੋਮਗਾਰਡ ਜਵਾਨ ਸ਼ਹੀਦ ਹੋਏ। ਦੀਨਾਨਗਰ ਪਾਕਿਸਤਾਨੀ ਅੱਤਵਾਦੀ ਹਮਲੇ ‘ਚ ਵੀ ਤਿੰਨ ਹੋਮਗਾਰਡਜ਼ ਨੇ ਸ਼ਹਾਦਤਾਂ ਦੇ ਕੇ ਪੁਲੀਸ ਪਰਿਵਾਰਾਂਂ ਨੂੰ ਬਚਾਇਆ। ਕੋਰੋਨਾ ਸੰਕਟ ਦੌਰਾਨ ਵੀ ਹਸਪਤਾਲਾਂ ‘ਚ ਫਰੰਟ ਲਾਈਨ ‘ਤੇ ਡਟੇ ਹੋਏ ਹਨ ਇਸ ਮੌਕੇ ਪੂਰੇ ਸੂਬੇ ਅੰਦਰ ਕਰੀਬ 13500 ਗਾਰਡਜ਼ ਡਿਊਟੀ ਨਿਭਾਅ ਰਹੇ ਹਨ। ਜਦੋਂਕਿ 34 ਸੌ ਸੇਵਾ ਮੁਕਤ ਹੋ ਚੁੱਕੇ ਹਨ। ਵਿਧਾਇਕ ਮੀਤ ਹੇਅਰ ਨੇ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ ‘ਚ ਲਾਜ਼ਮੀ ਉਠਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਫ਼ਦ ਵਿੱਚ ਚਰਨਜੀਤ ਸਿੰਘ ਧੌਲਾ, ਲਾਲਜੀਤ ਸਿੰਘ ਬਰਨਾਲਾ, ਮਹਿੰਦਰ ਸਿੰਘ ਘੁੰਨਸ, ਪਿਆਰਾ ਸਿੰਘ ਪੰਡੋਰੀ, ਨਛੱਤਰ ਸਿੰਘ ਤਾਜੋਕੇ ਤੇ ਹੰਸਰਾਜ ਸੰਘੇੜਾ ਆਦਿ ਆਗੂ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ