ਪਸ਼ੂਆਂ ਲਈ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਸੁੱਕੀ ਰਸਦ ਤੇ ਕੱਪੜੇ ਵੰਡੇ
ਹਰੀਕੇ ਪੱਤਣ (ਤਰਨ ਤਾਰਨ) (ਰਾਜਨ ਮਾਨ)। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅੰਮਿ੍ਰਤਸਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਅੱਗੇ ਆਈ ਹੈ ਅਤੇ ਤਰਨਤਾਰਨ ਜ਼ਿਲ੍ਹੇ ਦੇ ਦਰਿਆ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਕਾਰਨ ਫਸਲਾਂ ਬਰਬਾਦ ਹੋਣ ਅਤੇ ਘਰੋਂ ਬੇਘਰ ਹੋ ਜਾਣ ਕਾਰਨ ਇਹਨਾਂ ਪਿੰਡਾਂ ਵਿੱਚ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਰਾਸਨ ਅਤੇ ਕੱਪੜੇ ਵੰਡੇ ਗਏ ਹਨ। ਟਾਊਨਸ਼ਿਪਪ ਐਸੋਸੀਏਸ਼ਨ (Holy City Township Association) ਵੱਲੋਂ ਪਹਿਲਾਂ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ 400 ਕੁਇੰਟਲ ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਵੰਡਿਆ ਗਿਆ ਸੀ।
ਤਰਨ ਤਾਰਨ ਜ਼ਿਲ੍ਹੇ ਦੇ ਕਰੀਬ 60 ਪਿੰਡ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੇਠ ਆਏ ਹਨ। ਇਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਮਾਲ ਡੰਗਰ ਨਾਲ ਘਰਾਂ ਨੂੰ ਛੱਡ ਕੇ ਉੱਚੇ ਥਾਂ ਤੇ ਹਿਜਰਤ ਕਰਨੀ ਪਈ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਕਾਰਕੁਨਾਂ ਵੱਲੋਂ ਅੱਜ ਪਿੰਡਾਂ ਵਿੱਚ ਜਾ ਕੇ ਬੇਜੁਬਾਨ ਪਸ਼ੂਆਂ ਲਈ ਚਾਰਾ ਵੰਡਿਆ ਅਤੇ ਨਾਲ ਹੀ ਲੋਕਾਂ ਨੂੰ ਰਾਸਨ ਵੀ ਵੰਡਿਆ ਗਿਆ। ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਲੋੜਵੰਦ 100 ਪਰਿਵਾਰਾਂ ਨੂੰ ਖਾਣ ਲਈ ਸੁੱਕਾ ਰਾਸ਼ਨ ਜਿਸ ਵਿੱਚ ਆਟਾ, ਖੰਡ, ਦਾਲਾਂ, ਚਾਹ ਪੱਤੀ ਅਤੇ ਹੋਰ ਲੂਣ ਤੇਲ ਤੇ ਘਰੇਲੂ ਜ਼ਰੂਰਤ ਦੇ ਸਮਾਨ ਦੇ ਪੈਕਟ ਅਤੇ ਬੰਦਿਆਂ, ਔਰਤਾਂ ਅਤੇ ਬੱਚਿਆਂ ਦੇ ਕੱਪੜੇ ਵੰਡੇ ਗਏ ਤਾਂ ਜੋ ਔਖੀ ਘੜੀ ਵਿੱਚ ਉਹ ਆਪਣਾ ਪੇਟ ਭਰ ਸਕਣ ਅਤੇ ਬਹੁਤ ਸਾਰੇ ਲੋਕਾਂ ਦਾ ਖਾਣ ਪੀਣ ਦਾ ਸਮਾਨ ਅਤੇ ਕੱਪੜੇ ਵੀ ਪਾਣੀ ਵਿਚ ਡੁੱਬ ਗਏ ਹਨ। ਲੋਕਾਂ ਵਲੋਂ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਫਸਲਾਂ ਦਾ ਹੋਇਆ ਵੱਡਾ ਨੁਕਸਾਨ | Holy City Township Association
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਮਾਨ, ਸਕੱਤਰ ਵਿਜੇ ਕੁਮਾਰ, ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਰਟਾਇਰਡ ਜਨਰਲ ਮੈਨੇਜਰ, ਰਾਜਬੀਰ ਸਿੰਘ ਸੰਧੂ, ਪ੍ਰੋਫੈਸਰ ਰਾਜਕਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਐਸੋਸੀਏਸਨ ਨੇ ਇਹ ਮਹਿਸੂਸ ਕੀਤਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਜਿੱਥੇ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਉੱਥੇ ਕਿਸਾਨਾਂ ਦੇ ਪਸ਼ੂਧਨ ਲਈ ਹਰੇ ਚਾਰੇ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵੱਜੋਂ ਉੱਭਰ ਕੇ ਸਾਹਮਣੇ ਆਈ। ਉਹਨਾਂ ਕਿਹਾ ਕਿ ਸਾਡੇ ਵੱਲੋਂ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਰਾਸਨ ਅੱਜ ਦਰਿਆ ਨਾਲ ਲੱਗਦੇ ਪਿੰਡਾਂ ਘੜੁੰਮ, ਗਦਾਈ ਏ, ਘੁੱਲੇਵਾਲਾ, ਕੋਟਬੁੱਢਾ, ਕੁੱਤੀਵਾਲਾ, ਡੂੰਮਣੀ ਵਾਲਾ, ਤੋਂ ਲੈ ਕੇ ਮੁੱਠਿਆਂ ਵਾਲੀ ਸਮੇਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੰਡਿਆ ਗਿਆ ਹੈ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਵੀ ਐਸੋਸੀਏਸ਼ਨ ਇਨ੍ਹਾਂ ਪਿੰਡਾਂ ਵਿੱਚ ਪਾਣੀ ਆਇਆ ਸੀ ਅਤੇ ਉਸ ਵਕਤ ਵੀ 400 ਕੁਇੰਟਲ ਪਸੂਆਂ ਦਾ ਚਾਰਾ ਅਤੇ ਹੋਰ ਸਮੱਗਰੀ ਲੋਕਾਂ ਵਿੱਚ ਵੰਡੀ ਗਈ ਸੀ।
ਦੁੱਖ ਦੀ ਘੜੀ ’ਚ ਆਈ ਐਸੋਸੀਏਸ਼ਨ ਤੇ ਫੜੀ ਬਾਂਹ
ਉਨ੍ਹਾਂ ਕਿਹਾ ਕਿ ਅੱਜ ਦੁੱਖ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਮੱਦਦ ਕਰੀਏ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਇਹ ਲੋਕ ਪਹਿਲਾਂ ਹੀ ਸਮੇਂ-ਸਮੇਂ ’ਤੇ ਕੁਦਰਤੀ ਆਫਤਾਂ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਹਨਾਂ ਲੋਕਾਂ ਨੂੰ ਸਾਡੀ ਹੋਰ ਮਦਦ ਦੀ ਲੋੜ ਨਾ ਪਵੇ ਅਤੇ ਹਾਲਾਤ ਆਮ ਵਰਗੇ ਹੋ ਜਾਣ ਅਤੇ ਜੇਕਰ ਅੱਗੇ ਉਹਨਾਂ ਨੂੰ ਕੋਈ ਵੀ ਜ਼ਰੂਰਤ ਪਵੇਗੀ ਤਾਂ ਉਹ ਇਹਨਾਂ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਪਸੂਆਂ ਲਈ ਆਚਾਰ ਲੈ ਰਹੇ ਨੌਜਵਾਨ ਨੇ ਕਿਹਾ ਕਿ ਅੰਮਿ੍ਰਤਸਰ ਤੋਂ ਆਏ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਵਲੋਂ ਜੋ ਸੇਵਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੁੱਖ ਦੀ ਘੜੀ ਵਿੱਚ ਸਾਡੀ ਬਾਂਹ ਫੜੀ ਹੈ। ਉਸ ਨੇ ਦੱਸਿਆ ਕਿ ਸਾਨੂੰ ਸਭ ਤੋਂ ਵੱਡੀ ਜਰੂਰਤ ਪਸ਼ੂਆਂ ਦੇ ਚਾਰੇ ਦੀ ਹੀ ਹੈ ਕਿਉਂ ਕਿ ਸਾਡੀਆਂ ਜਮੀਨਾਂ ਧੁੱਸੀ ਤੋਂ ਪਾਰ ਹੋਣ ਕਰਕੇ ਫਸਲਾਂ ਤੇ ਚਾਰੇ ਬਰਬਾਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਘਰ ਵੀ ਡੁੱਬ ਗਏ ਹਨ ਅਤੇ ਉਹ ਟੈਂਟ ਲਾ ਕੇ ਹਰੀਕੇ ਨੇੜੇ ਰਹਿ ਰਹੇ ਹਨ। ਐਸੋਸੀਏਸਨ ਦੇ ਆਗੂਆਂ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਵੱਲੋਂ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਹੈ।