ਹੋਲੀ ਖੁਸ਼ੀਆਂ ਦਾ ਤਿਉਹਾਰ, ਪਰ ਮਨਾਓ ਸਾਵਧਾਨੀ ਨਾਲ

Holi

ਹਰ ਸਾਲ ਹੋਲੀ (Holi 2023) ਦਾ ਤਿਉਹਾਰ ਫ਼ੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇਸ਼ ਵਿੱਚ ਹੋਲੀ ਦਾ ਤਿਉਹਾਰ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ। ਕਈ ਥਾਵਾਂ ’ਤੇ ਇਹ ਤਿਉਹਾਰ ‘ਹੋਲਿਕਾ ਦਹਿਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਹੋਲੀ ਦਾ ਸਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ ਅਤੇ ਹੋਲੀ ਦੇ ਤਿਉਹਾਰ ਸਬੰਧੀ ਇਸ ਕਥਾ ਨੂੰ ਆਧਾਰ ਬਣਾ ਕੇ ਹੀ ਰਾਤ ਨੂੰ ਹੋਲੀ ਬਾਲ਼ੀ ਜਾਂਦੀ ਸੀ ਤੇ ਅੱਗ ਨਾਲ ਬਣੀ ਸੁਆਹ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਡਾਇਆ ਜਾਂਦਾ ਸੀ। ਹੋਲੀ ਦਾ ਤਿਉਹਾਰ ਖ਼ੁਸ਼ੀ ਤੇ ਭਾਈਚਾਰੇ ਦਾ ਪ੍ਰਤੀਕ ਤਿਉਹਾਰ ਹੈ।

ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇੱਕ-ਦੂਜੇ ’ਤੇ ਰੰਗ ਪਾ ਕੇ ਚਿਹਰੇ ’ਤੇ ਗੁਲਾਲ ਲਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫ਼ਰਤ ਭੁਲਾ ਕੇ ਇੱਕ-ਦੂਜੇ ਦੇ ਗਲੇ ਮਿਲਦੇ ਹਨ ਤੇ ਗਿਲੇ-ਸ਼ਿਕਵੇ ਦੂਰ ਕਰਦੇ ਹਨ। ਬੱਚੇ ਇਸ ਤਿਉਹਾਰ ਨੂੰ ਬੜੀ ਹੀ ਖੁਸ਼ੀ ਤੇ ਚਾਵਾਂ ਨਾਲ ਮਨਾਉਂਦੇ ਹਨ। ਹੋਲੀ ਦੇ ਤਿਉਹਾਰ ਦਾ ਆਰੰਭ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਆਪਣੇ ਅੰਤਲੇ ਪੜਾਅ ’ਤੇ ਹੁੰਦੀ ਹੈ ਅਤੇ ਗਰਮੀ ਦਾ ਆਰੰਭ ਹੋਣ ਵਾਲਾ ਹੁੰਦਾ ਹੈ।

ਹੋਲੇ ਮਹੱਲੇ ਵਾਲੇ ਦਿਨ ਬੱਝਦੇ ਨੇ ਰੰਗ | Holi 2023

ਹੋਲੀ ਤੋਂ ਇੱਕ ਦਿਨ ਬਾਅਦ ‘ਹੋਲੇ ਮਹੱਲੇ’ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਹੋਲਾ ਮਹੱਲਾ ਮਨਾਉਂਦੇ ਹਨ, ਇਹ ਦਿ੍ਰਸ਼ ਬੜਾ ਹੀ ਮਨਮੋਹਕ ਹੁੰਦਾ ਹੈ। ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਈ ਸੀ। ਇਹ ਤਿਉਹਾਰ ਹੁਣ ਵੀ ਰਵਾਇਤੀ ਢੰਗ ਅਤੇ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ‘ਹੋਲੇ ਮਹੱਲੇ’ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਜੁੜਦਾ ਹੈ।

ਹੋਲੀ ਦੇ ਤਿਉਹਾਰ ਮੌਕੇ ਕਈ ਲੋਕ ਕੈਮੀਕਲ ਵਾਲੇ ਰੰਗ ਅਤੇ ਪੱਕੇ ਰੰਗ ਦੀ ਵਰਤੋਂ ਵੀ ਕਰਨ ਲੱਗ ਪਏ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਅੱਖਾਂ, ਚਿਹਰੇ ਤੇ ਚਮੜੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਅਤੇ ਇਹ ਰੰਗ ਅੱਖਾਂ ਵਿੱਚ ਪੈ ਜਾਣ ਨਾਲ ਅੱਖਾਂ ਦੀ ਨਜ਼ਰ ਤੱਕ ਜਾ ਸਕਦੀ ਹੈ। ਇਸ ਤੋਂ ਇਲਾਵਾ ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜਨੇ ਅਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ। ਜਿੰਨਾ ਹੋ ਸਕੇ ਅਜਿਹੇ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਗਰੀਸ, ਕਾਲਾ ਤੇਲ ਆਦਿ ਬਹੁਤ ਖ਼ਤਰਨਾਕ | Holi 2023

ਇਸ ਤੋਂ ਇਲਾਵਾ ਬਹੁਤ ਸਾਰੇ ਸ਼ਰਾਰਤੀ ਲੋਕ ਰੰਗਾਂ ਦੀ ਥਾਂ ਟਮਾਟਰਾਂ, ਗਰੀਸ ਅਤੇ ਮਕੈਨੀਕਲ ਤੇਲ ਦੀ ਵਰਤੋਂ ਵੀ ਇੱਕ-ਦੂਜੇ ’ਤੇ ਸੁੱਟਣ ਲਈ ਕਰਦੇ ਹਨ ਜੋ ਕਿ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਨਾਲ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਹੋ ਸਕੇ ਤਾਂ ਪਾਣੀ ਦੀ ਵਰਤੋਂ ਵੀ ਸੁਯੋਗ ਢੰਗ ਨਾਲ ਕਰਨੀ ਚਾਹੀਦੀ ਹੈ। ਜਿੰਨਾ ਸੰਭਵ ਹੋਵੇ ਕੁਦਰਤੀ ਰੰਗਾਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਹੋਲੀ ਦਾ ਤਿਉਹਾਰ ਬੇਸ਼ੱਕ ਧੂਮਧਾਮ ਨਾਲ ਮਨਾਓ, ਪਰ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। (Holi 2023)

ਹੋਲੀ ਖੇਡਣ ਤੋਂ ਪਹਿਲਾਂ ਸਿਰ ਅਤੇ ਸਰੀਰ ’ਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ ਕਿਉਂਕਿ ਤੇਲ ਵਾਲਾਂ ਅਤੇ ਚਮੜੀ ਨੂੰ ਸੁਰੱਖਿਅਤ ਕਰਦਾ ਹੈ, ਜਿਸ ਨਾਲ ਰੰਗ ਜਲਦੀ ਨਿੱਕਲ ਜਾਂਦਾ ਹੈ। ਅੱਖਾਂ ਵਿੱਚ ਰੰਗ ਪੈਣ ਤੋਂ ਬਚਣ ਲਈ ਐਨਕ ਦਾ ਇਸਤੇਮਾਲ ਕਰੋ ਅਤੇ ਆਪਣੇ ਨਾਲ ਰੁਮਾਲ ਜਾਂ ਸਾਫ਼ ਕੱਪੜਾ ਜ਼ਰੂਰ ਰੱਖੋ, ਤਾਂ ਕਿ ਅੱਖਾਂ ’ਚ ਰੰਗ ਜਾਂ ਗੁਲਾਲ ਪੈਣ ’ਤੇ ਉਸ ਨੂੰ ਤੁਰੰਤ ਸਾਫ਼ ਕਰ ਸਕੋ। ਹੋਲੀ ਖੇਡਦੇ ਸਮੇਂ ਪੂਰੇ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਢੱਕ ਕੇ ਰੱਖੋ। ਹੋਲੀ ਖੇਡਣ ਤੋਂ ਬਾਅਦ ਆਪਣੇ ਚਿਹਰੇ ’ਤੇ ਲੱਗੇ ਰੰਗ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ। ਕਿਉਂਕਿ ਰੰਗ ਸਾਫ ਨਾ ਕਰਨ ’ਤੇ ਤੁਹਾਡੇ ਚਿਹਰੇ ’ਤੇ ਧੱਫੜ ਅਤੇ ਚਮੜੀ ਖੁਸ਼ਕ ਹੋ ਸਕਦੀ ਹੈ।

ਚਿਹਰੇ ਦਾ ਰੰਗ ਉਤਾਰਨ ਲਈ | Holi 2023

ਰੰਗ ਉਤਾਰਨ ਲਈ ਸਰੀਰ ’ਤੇ ਠੰਢੇ ਅਤੇ ਤਾਜੇ ਪਾਣੀ ਦਾ ਇਸਤੇਮਾਲ ਕਰੋ ਇਸ ਨਾਲ ਰੰਗ ਆਸਾਨੀ ਨਾਲ ਨਿੱਕਲ ਜਾਵੇਗਾ। ਰੰਗ ਛੁਡਾਉਂਦੇ ਸਮੇਂ ਚਮੜੀ ਨੂੰ ਜ਼ਿਆਦਾ ਨਾ ਰਗੜੋ, ਨਹੀਂ ਤਾਂ ਚਮੜੀ ਛਿੱਲਣ ਦਾ ਡਰ ਰਹਿੰਦਾ ਹੈ। ਚਿਹਰੇ ਦਾ ਰੰਗ ਉਤਾਰਨ ਲਈ ਕਾਟਨ ’ਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਉਸ ਦੀ ਵਰਤੋਂ ਕਰੋ। ਹੋਲੀ ਦਾ ਤਿਉਹਾਰ ਆਪਸੀ ਸਾਂਝ, ਏਕਤਾ ਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਹੋਲੀ ਖੁਸ਼ੀਆਂ ਦਾ ਪ੍ਰਤੀਕ ਤਿਉਹਾਰ ਹੈ। ਹੋਲੀ ਦੇ ਤਿਉਹਾਰ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ। ਸੋ ਇਸ ਤਿਉਹਾਰ ਨੂੰ ਸਾਵਧਾਨੀ ਅਤੇ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ।

ਗੁਰਸੇਵਕ ਰੰਧਾਵਾ
ਪਟਿਆਲਾ।
ਮੋ. 94636-80877

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here