‘ਹਿੰਦੂਸਤਾਨ ਦੀ ਧੀ ਗੀਤਾ’ ਨੂੰ ਲੱਗਾ ਵੱਡਾ ਸਦਮਾ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਤੋਂ ਲਗਭਗ ਚਾਰ ਸਾਲਾ ਪਹਿਲਾਂ ਭਾਰਤ ਵਾਪਸ ਪਹੁੰਚੀ ਬੋਲੀ-ਗੂੰਗੀ ਹਿੰਦੂਸਤਾਨ ਦੀ ਧੀ ਗੀਤਾ ਨੇ ਇਸ਼ਾਰਿਆਂ ‘ਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਹੋਣ ਕਾਰਨ ਉਸ ਨੇ ਆਪਣੀ ਸਰਪ੍ਰਸਤ ਨੂੰ ਗੁਆ ਦਿੱਤਾ, ਕਿਉਂਕਿ ਉਹ ਇੱਕ ਮਾਂ ਵਾਂਗ ਹਮੇਸ਼ਾ ਚਿੰਤਾ ਕਰਦੀ ਸੀ। ਦੱਸ ਦੇਈਏ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਕਾਰਨ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪਹੁੰਚ ਗਈ ਸੀ ਤੇ ਸਵਰਾਜ ਦੇ ਯਤਨਾ ਸਦਕਾ ਹੀ ਉਹ 26 ਅਕਤੂਬਰ 2015 ਨੂੰ ਵਾਪਸ ਪਹੁੰਚੀ ਸੀ।।
ਵਤਨ ਵਾਪਸ ਪਹੁੰਚਣ ਦੇ ਅਗਲੇ ਦਿਨ ਗੀਤਾ ਨੂੰ ਇੰਦੌਰ ‘ਚ ਅਪਾਹਜਾਂ ਲਈ ਚਲਾਈ ਜਾ ਰਹੀ ਗੈਰ-ਸਰਕਾਰੀ ਸੰਸਥਾ ‘ਗੂੰਗੇ-ਬੋਲੇ ਸੰਗਠਨ’ ਦੀ ਰਿਹਾਇਸ਼ੀ ਕੰਪਲੈਕਸ ‘ਚ ਭੇਜ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜਤਾ ਭਲਾਈ ਵਿਭਾਗ ਦੀ ਦੇਖ-ਰੇਖ ‘ਚ ਇਸ ਕੰਪਲੈਕਸ ‘ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਕੰਪਲੈਕਸ ‘ਚ ਹੋਸਟਲ ਵਾਰਡਨ ਸੰਦੀਪ ਪੰਡਿਤ ਨੇ ਦੱਸਿਆ ਹੈ ਕਿ ਸਵਰਾਜ ਦੇ ਦਿਹਾਂਤ ਦੀ ਜਾਣਕਾਰੀ ਗੀਤਾ ਨੂੰ ਬੁੱਧਵਾਰ ਸਵੇਰਸਾਰ ਮਿਲਦਿਆਂ ਹੀ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗੀਤਾ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ।
ਗੀਤਾ ਨੇ ਇਸ਼ਾਰਿਆਂ ਦੀ ਜ਼ੁਬਾਨ ‘ਚ ਦੱਸਿਆ ਆਪਣਾ ਦੁੱਖ
ਹੋਸਟਲ ਵਾਰਡਨ ਪੰਡਿਤ ਮੁਤਾਬਕ ਗੀਤਾ ਨੇ ਇਸ਼ਾਰਿਆਂ ‘ਚ ਕਿਹਾ ਹੈ ਕਿ ਸਵਰਾਜ ਦੇ ਦਿਹਾਂਤ ਤੋਂ ਬਾਅਦ ਉਸ ਨੂੰ ਇੰਝ ਲੱਗਾ ਕਿ ਉਸ ਨੇ ਆਪਣੀ ਸਰਪ੍ਰਸਤ ਨੂੰ ਗੁਆ ਦਿੱਤਾ ਕਿਉਂਕਿ ਸੁਸ਼ਮਾ ਸਵਰਾਜ ਇੱਕ ਮਾਂ ਵਾਂਗ ਚਿੰਤਾ ਕਰਦੀ ਸੀ। ਵਾਰਡਨ ਸੰਦੀਪ ਨੇ ਇਹ ਵੀ ਦੱਸਿਆ ਕਿ ਗੀਤਾ ਨੇ ਇਸ਼ਾਰਿਆਂ ਦੀ ਜ਼ੁਬਾਨ ‘ਚ ਕਿਹਾ ਕਿ ਉਸ ਦੀ ਸਾਰੀਆਂ ਸਮੱਸਿਆਵਾਂ ਦੇ ਬਾਰੇ ਸੁਸ਼ਮਾ ਸਵਰਾਜ ਉਸ ਨਾਲ ਸਿੱਧੀ ਗੱਲਬਾਤ ਕਰਦੀ ਸੀ। ਸਾਲ 2015 ‘ਚ ਗੀਤਾ ਦੀ ਵਤਨ ਵਾਪਸੀ ਤੋਂ ਬਾਅਦ ਉਸ ਦੀ ਦਿੱਲੀ ਅਤੇ ਇੰਦੌਰ ‘ਚ ਸਵਰਾਜ ਨਾਲ ਕਈ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਪੰਡਿਤ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਦੀ ਵੀਡੀਓ ਕਾਲਿੰਗ ਰਾਹੀਂ ਗੀਤਾ ਨਾਲ ਸਮੇਂ-ਸਮੇਂ ‘ਤੇ ਗੱਲਬਾਤ ਹੁੰਦੀ ਸੀ ਅਤੇ ਉਸ ਦੀ ਪੜ੍ਹਾਈ ਬਾਰੇ ਪੁੱਛਦੇ ਰਹਿੰਦੇ ਸਨ।