ਸੰਗਰੂਰ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਸੰਗਰੂਰ ਦਾ ਸਭ ਤੋਂ ਅਹਿਮ ਮੰਨਿਆ ਜਾਂਦਾ ਜ਼ਿਲ੍ਹਾ ਪਰਿਸ਼ਦ ਹਲਕਾ ਉੱਭਾਵਾਲ ਤੋਂ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਗੁਰ ਸਿੰਘ ਨਮੋਲ ਦੇ ਕਾਗਜ਼ ਰੱਦ ਹੋਣ ਦੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਅੱਜ ਸੱਤਾਧਾਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੇ ਮੁਕਾਬਲੇ ਬਾਕੀ ਰਹਿ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਸਿੱਧੂ ਨੇ ਵੀ ‘ਵਿਵਾਦਗ੍ਰਸਤ’ ਤਰੀਕੇ ਨਾਲ ਕਾਗਜ਼ ਵਾਪਸ ਲੈਣ ਪਿੱਛੋਂ ‘ਰਾਜੇ’ ਦੇ ਸਮਰਥਕਾਂ ਨੇ ਬਿਨਾਂ ਮੁਕਾਬਲੇ ਚੋਣ ਜਿੱਤਣ ਦੇ ਢੋਲ ਵਜਾ ਦਿੱਤੇ। ਇਸ ਮਾਮਲੇ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ‘ਹਾਈ ਵੋਲਟੇਜ਼ ਡਰਾਮਾ’ ਹੋਇਆ।
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਜਿਉਂ ਹੀ ਸਾਰੀ ਸਥਿਤੀ ਜਾਨਣ ਲਈ ਏਡੀਸੀ ਰਾਜਦੀਪ ਸਿੰਘ ਬਰਾੜ ਕੋਲ ਪੁੱਜੇ ਤਾਂ ਅਫ਼ਸਰਾਂ ਨੇ ਉਨ੍ਹਾਂ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ ਹਨ, ਜਿਸ ਦਾ ਵਿਰੋਧ ਕਰਦਿਆਂ ਅਮਨ ਅਰੋੜਾ ਦੀ ਏਡੀਸੀ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਅਰੋੜਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਿੱਧੂ ਦੇ ਕਾਗਜ਼ ਜ਼ਬਰਦਸਤੀ ਵਾਪਸ ਕਰਵਾਏ ਗਏ ਹਨ ਤਾਂ ਜੋ ਕਾਂਗਰਸੀਆਂ ਨੂੰ ਸਿੱਧਾ ਜਿਤਾਇਆ ਜਾ ਸਕੇ। ਸਿੱਧੂ ਨੇ ਵੀ ਕਿਹਾ ਕਿ ਉਸ ਵੱਲੋਂ ਕੋਈ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਉਪਰੰਤ ਬਾਹਰ ਖੜ੍ਹੇ ਕਾਂਗਰਸੀਆਂ ਨੇ ਆਪ ਵਿਧਾਇਕ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤੇ ਉਨ੍ਹਾਂ ਵਿਚਾਲੇ ਧੱਕਾ ਮੁੱਕੀ ਹੋ ਗਈ। ਅਮਨ ਅਰੋੜਾ ਏਡੀਸੀ ਦਫ਼ਤਰ ਦੇ ਬਾਹਰ ਹੀ ਧਰਨੇ ‘ਤੇ ਬੈਠ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ।
ਮੈਂ ਕਾਗਜ਼ ਵਾਪਸ ਨਹੀਂ ਲਏ : ਸਿੱਧੂ
ਆਮ ਆਦਮੀ ਪਾਰਟੀ ਦੇ ਹਲਕਾ ਉੱਭਾਵਾਲ ਦੇ ਉਮੀਦਵਾਰ ਮਹਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ। ਮੈਂ ਕੋਈ ਕਾਗਜ਼ ਵਾਪਸ ਨਹੀਂ ਲਏ ਜਦੋਂ ਕਿ ਪ੍ਰਸ਼ਾਸਨ ਵੱਲੋਂ ਕਿਸੇ ਹੋਰ ਦੇ ਦਸਤਖਤ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸ਼ਰੇਆਮ ਧੱਕੇਸ਼ਾਹੀ ਹੈ, ਅਸੀਂ ਇਸ ਦੀ ਸ਼ਿਕਾਇਤ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਕਰ ਰਹੇ ਹਾਂ ਤੇ ਅਸੀਂ ਇਨਸਾਫ਼ ਲੈਣ ਲਈ ਅਦਾਲਤ ‘ਚ ਜਾਵਾਂਗੇ।
ਮਹਿੰਦਰ ਸਿੱਧੂ ਨੇ ਉਨ੍ਹਾਂ ਕੋਲ ਆ ਕੇ ਕਾਗਜ਼ ਵਾਪਸ ਕਰਨ ਬਾਰੇ ਕਿਹਾ : ਰਾਜਾ
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੇ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਰਾਜਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ‘ਚ ਕੋਈ ਦਖ਼ਲ ਅੰਦਾਜੀ ਨਹੀਂ ਕੀਤੀ, ਸਗੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਖੁਦ ਘਰ ਆ ਕੇ ਕਿਹਾ ਗਿਆ ਕਿ ਉਹ ਆਪਣਾ ਨਾਂਅ ਵਾਪਸ ਲੈਣਾ ਚਾਹੁੰਦੇ ਹਨ। ਆਪ ਵਿਧਾਇਕ ਅਮਨ ਅਰੋੜਾ ਵੱਲੋਂ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦਿੱਤਾ ਜਾ ਰਿਹਾ ਹੈ।
ਕਾਂਗਰਸੀ ਸ਼ਰੇਆਮ ਲੁੱਟ ਰਹੇ ਨੇ ਚੋਣਾਂ : ਅਮਨ ਅਰੋੜਾ
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਉਸ ਦੀ ਉਦਾਹਰਨ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੀ ਸੂਚਨਾ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਏਡੀਸੀ ਨੇ ਪੱਖਪਾਤੀ ਰਵੱਈਆ ਅਪਣਾਉਂਦੇ ਹੋਏ ਸਾਡੇ ਉਮੀਦਵਾਰ ਨੂੰ ਕਾਗਜ਼ ਵਾਪਸ ਕਰਵਾਏ ਹਨ।
ਜ਼ਿਲ੍ਹੇ ਦਾ ਸਭ ਤੋਂ ਅਹਿਮ ਹਲਕਾ ਉੱਭਾਵਾਲ ਜ਼ੋਨ
ਜ਼ਿਲ੍ਹਾ ਪਰਿਸ਼ਦ ਹਲਕਾ ਉੱਭਾਵਾਲ ਸਭ ਤੋਂ ਅਹਿਮ ਹਲਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇੱਥੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਕਾਂਗਰਸ ਦੇ ਉਮੀਦਵਾਰ ਸਨ। ਜ਼ਿਕਰਯੋਗ ਹੈ ਕਿ ਕਾਗਜ਼ ਦਾਖ਼ਲ ਕਰਨ ਸਮੇਂ ਰਾਜਿੰਦਰ ਰਾਜਾ ਦੀ ਪਤਨੀ ਵੱਲੋਂ ਚੋਣ ਲੜਨ ਲਈ ਕਾਗਜ਼ ਦਾਖ਼ਲ ਕਰਵਾਏ ਸਨ ਪਰ ਬਾਅਦ ਵਿੱਚ ਉਨ੍ਹਾਂ ਦੇ ਕਾਗਜ਼ ਵਾਪਸ ਕਰਵਾ ਲਏ, ਜਿਸ ਕਾਰਨ ਰਾਜਿੰਦਰ ਰਾਜਾ ਉਮੀਦਵਾਰ ਵਜੋਂ ਸਾਹਮਣੇ ਆ ਗਏ ਸਨ। ਇਸੇ ਹਲਕੇ ਤੋਂ ਅਕਾਲੀ ਦਲ ਦੇ ਸਤਗੁਰ ਸਿੰਘ ਨਮੋਲ ਦੇ ਕਾਗਜ਼ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੇ ਗਏ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਸਿੱਧੂ ਦੇ ਕਾਗਜ਼ ਵਾਪਸ ਕਰਵਾ ਦਿੱਤੇ ਗਏ ਤੇ ਰਾਜਾ ਇਕੱਲੇ ਹੀ ਮੁਕਾਬਲੇ ‘ਚ ਰਹਿਣ ਕਾਰਨ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
ਉਮੀਦਵਾਰ ਨੇ ਮੇਰੇ ਸਾਹਮਣੇ ਦਸਤਖ਼ਤ ਕੀਤੇ : ਏਡੀਸੀ
ਇਸ ਸਬੰਧੀ ਰਾਜਦੀਪ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਉੱਭਾਵਾਲ ਜ਼ੋਨ ਤੋਂ ਮਹਿੰਦਰ ਸਿੰਘ ਸਿੱਧੂ ਨੇ ਕਾਗਜ਼ ਵਾਪਸ ਲੈਣ ਲਈ ਉਨ੍ਹਾਂ ਦੇ ਸਾਹਮਣੇ ਸਹਿਮਤੀ ਪ੍ਰਗਟਾਈ ਹੈ ਤੇ ਉਨ੍ਹਾਂ ਖੁਦ ਦਸਤਖ਼ਤ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਈ ਪੱਖਪਾਤ ਨਹੀਂ ਕਰ ਰਹੇ।