ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ

Nabha News

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਵੱਖ-ਵੱਖ ਥਾਈਂ ਵਾਪਰੇ ਦੋ ਹਾਦਸਿਆਂ ’ਚ ਤੇਜ਼ ਰਫ਼ਤਾਰ ਨੇ ਦੋ ਦੀ ਜਾਨ ਲਈ। ਜਦੋਂਕਿ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਦੋਵਾਂ ਮਾਮਲਿਆਂ ’ਚ ਪੁਲਿਸ ਨੇ ਨਾਮਲੂਮ ਵਾਹਨ ਚਾਲਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। (Road Accident)

ਪਹਿਲੇ ਮਾਮਲੇ ’ਚ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਫੁੱਲੋਵਾਲ ਨੇ ਦੱਸਿਆ ਕਿ 15 ਨਵੰਬਰ ਨੂੰ ਉਸਦਾ ਲੜਕਾ ਸੁਖਜਿੰਦਰ ਸਿੰਘ ਰੋਜ਼ਾਨਾਾ ਦੀ ਤਰਾਂ ਪਿੰਡ ਦੇ ਹੀ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਆਪਣੇ ਬੋਲਟ ਮੋਟਰਸਾਇਕਲਲੰਬਰ ਪੀਬੀ- 10 ਐੱਚਕਿਊ- 6797 ’ਤੇ ਕੰਮ ’ਤੇ ਲਿਬੜਾ ਆਟੋ ਕਾਰ ਲਿਮਟਿਡ ਪਿੰਡ ਪਵਾ ਤੋਂ ਵਾਪਸ ਪਰਤ ਰਿਹਾ ਸੀ। (Road Accident)

ਇਹ ਵੀ ਪਡ਼੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ASI ਦਾ ਗੋਲੀਆਂ ਮਾਰ ਕੇ ਕਤਲ

ਜਿਉਂ ਹੀ ਉਹ ਐਚਪੀ ਪੈਟਰੋਲ ਪੰਪ ਤੋਂ ਥੋੜਾ ਅੱਗੇ ਗਿੱਲ ਬਿਲਡਿੰਗ ਮਟੀਰੀਅਲ ਸਟੋਰ ਡੇਹਲੋਂ ਸਾਹਨੇਵਾਲ ਰੋਡ ਘਵੱਦੀ ਲਾਗੇ ਪਹੁੰਚੇ ਤਾਂ ਇੱਕ ਨਾਮਲੂਮ ਵਹੀਕਲ ਨੇ ਤੇਜ਼ ਰਫ਼ਤਾਰੀ ਨਾਲ ਉਨਾਂ ਦੇ ਲੜਕੇ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਪਿੱਛੋਂ ਨਾਮਲੂਮ ਵਹੀਕਲ ਦਾ ਇੱਕ ਟਾਇਰ ਉਸਦੇ ਲੜਕੇ ਦੇ ਸਿਰ ਤੇ ਕੁਲਵੰਤ ਸਿੰਘ ਦੀ ਸੱਜੀ ਬਾਂਹ ਉਪਰੋਂ ਲੰਘ ਗਿਆ। ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਜਦਕਿ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਤਫ਼ਤੀਸੀ ਅਫ਼ਸਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਨਿਰਮਲ ਸਿੰਘ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਭਾਲ ਆਰੰਭ ਦਿੱਤੀ ਹੈ।

ਦੂਸਰੇ ਮਾਮਲੇ ਵਿੱਚ ਸੋਨੂੰ ਪੁੱਤਰ ਸ਼ਾਮ ਲਾਲ ਵਾਸੀ ਡਾਬਾ ਕਲੋਨੀ ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੱਡੀਆਂ ਦਾ ਮਕੈਨਿਕ ਹੈ ਅਤੇ 15 ਨਵੰਬਰ ਨੂੰ ਆਪਣੇ ਦੋਸਤ ਦਿਨੇਸ਼ ਕੁਮਾਰ ਉਰਫ਼ ਅੱਪੂ ਨਾਲ ਮੋਟਰਸਾਇਕਲ ਨੰਬਰ ਪੀਬੀ- 10 ਈਵਾਈ- 4317 ’ਤੇ ਸਵਾਰ ਹੋ ਕੇ ਇੱਕ ਵਿਅਕਤੀ ਜਿਸਨੂੰ ਸਾਹਮਣੇ ਆਉਣ ’ਤੇ ਉਹ ਪਹਿਚਾਣ ਸਕਦਾ ਹੈ, ਦੀ ਟਾਟਾ ਇੰਨਟਰਾ ਗੱਡੀ ਠੀਕ ਕਰਵਾਉਣ ਲਈ ਵਿਸ਼ਵਕਰਮਾ ਚੌਂਕ ਤੋਂ ਮੰਜੂ ਸਿਨੇਮਾ ਰੋਡ ’ਤੇ ਗਏ ਸੀ। Road Accident

ਜਿੱਥੇ ਸ਼ਾਮੀ ਸਵਾ ਕੁ 10 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅਣਗਹਿਲੀ ਨਾਲ ਸੜਕ ਕਿਨਾਰੇ ਖੜੀ ਖਰਾਬ ਗੱਡੀ ’ਚ ਲਿਆ ਕੇ ਮਾਰ ਦਿੱਤੀ। ਜਿਸ ਨਾਲ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਸਦੇ ਸਾਥੀ ਦਿਨੇਸ਼ ਕੁਮਾਰ ਉਰਫ਼ ਅੱਪੂ ਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਤੇ ਨਾਮਲੂਮ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੋਨੂੰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।