ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਡਿਪਟੀ ਕਮਿਸ਼ਨਰ ਸਰਸਾ ਨੂੰ ਸਲਾਹ
ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਕੀਤੀ ਗਈ ਸੀ ਹਾਈ ਕੋਰਟ ਨੂੰ ਅਪੀਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਸਾ ਦੇ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀ ਇਸ ਵੱਲ ਧਿਆਨ ਦੇਣ ਕਿ ਡੇਰਾ ਸੱਚਾ ਸੌਦਾ ਵਿੱਚ ਚਲ ਰਹੇ ਸਕੂਲ ਅਤੇ ਕਾਲਜ ਸਣੇ ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਕਿਉਂਕਿ ਇੱਥੇ ਵਿਦਿਆਰਥੀਆਂ ਦੇ ਭਵਿੱਖ ਦਾ ਸੁਆਲ ਹੈ ਤਾਂ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਦਾ ਮਾਮਲਾ ਹੈ।
ਇਸ ਲਈ ਇਨ੍ਹਾਂ ਦੋਵਾਂ ਅਦਾਰਿਆਂ ਦੀ ਲੋੜ ਅਨੁਸਾਰ ਕੰਮ ਨੂੰ ਜਲਦ ਕੀਤਾ ਜਾਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫੁਲ ਬੈਂਚ ਵੱਲੋਂ ਬੁੱਧਵਾਰ ਨੂੰ ਇੱਕ ਮੁੱਖ ਪਟੀਸ਼ਨ ਦੇ ਮਾਮਲੇ ਵਿੱਚ 2 ਘੰਟੇ ਤੱਕ ਲੰਬੀ ਸੁਣਵਾਈ ਕਰਦੇ ਹੋਏ ਇਹ ਸਲਾਹ ਡਿਪਟੀ ਕਮਿਸ਼ਨਰ ਸਰਸਾ ਤੇ ਉੱਚ ਅਧਿਕਾਰੀ ਨੂੰ ਦਿੱਤੀ ਹੈ।
ਮਾਣਯੋਗ ਹਾਈ ਕੋਰਟ ਵਿੱਚ ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਇੱਕ ਅਰਜ਼ੀ ਦਾਖ਼ਲ ਕਰਦੇ ਹੋਏ ਅਪੀਲ ਕੀਤੀ ਸੀ ਕਿ ਹਸਪਤਾਲ ਦੇ ਸਟਾਫ਼ ਨੂੰ ਤਨਖਾਹ ਤੇ ਪੀ.ਐੱਫ. ਸਣੇ ਈ.ਡਬਲੂ.ਐਸ. ਦਾ ਭੁਗਤਾਨ ਕਰਨ ਵਿੱਚ ਕਾਫ਼ੀ ਜਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਇਸ ਸਬੰਧੀ ਇਜਾਜ਼ਤ ਦੇਣ ਵਿੱਚ ਡਿਪਟੀ ਕਮਿਸ਼ਨਰ ਸਰਸਾ ਵੱਲੋਂ ਜਿਆਦਾ ਦੇਰੀ ਕੀਤੀ ਗਈ, ਜਿਸ ਨਾਲ ਕਾਫ਼ੀ ਜਿਆਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ।
ਇਸ ‘ਤੇ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਸਕੂਲ ਅਤੇ ਕਾਲਜ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਭਵਿੱਖ ਦਾ ਹੈ, ਇਸ ਲਈ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ, ਇਸ ਨਾਲ ਹੀ ਡੇਰੇ ਦਾ ਹਸਪਤਾਲ ਕਾਫ਼ੀ ਚੰਗਾ ਬਣਿਆ ਹੋਇਆ ਹੈ ਅਤੇ ਉਸ ਵਿੱਚ ਕਾਫ਼ੀ ਜਿਆਦਾ ਮਸ਼ੀਨਰੀ ਵੀ ਹੈ, ਜਿਸ ਦਾ ਫਾਇਦਾ ਆਖ਼ਰਕਾਰ ਗਰੀਬ ਮਰੀਜ਼ਾ ਨੂੰ ਹੀ ਮਿਲਣਾ ਹੈ, ਇਸ ਲਈ ਸਰਕਾਰ ਅਤੇ ਅਧਿਕਾਰੀ ਇਸ ਪਾਸੇ ਧਿਆਨ ਦੇਣ ਕਿ ਇਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਵੇ।
ਇਥੇ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਵਿੱਚ ਰਿਹਾਇਸ਼ੀ ਇਲਾਕੇ ਬਾਰੇ ਕਿਹਾ ਕਿ ਜਿਥੇ ਆਬਾਦੀ ਵਸ ਜਾਂਦੀ ਹੈ, ਉਸ ਨੂੰ ਉਠਾਇਆ ਜਾਣਾ ਕਾਫ਼ੀ ਜਿਆਦਾ ਔਖਾ ਹੈ। ਇਸ ਲਈ ਕੀ ਹਰਿਆਣਾ ਸਰਕਾਰ ਦੇ ਨਿਯਮਾਂ ਵਿੱਚ ਕੋਈ ਇਹੋ ਜਿਹਾ ਨਿਯਮ ਹੈ, ਜਿਸ ਦੇ ਤਹਿਤ ਇਨਾਂ ਨੂੰ ਕਾਨੂੰਨ ਅਨੁਸਾਰ ਰੈਗੂਲਰ ਕੀਤਾ ਜਾ ਸਕੇ। ਇਸ ਮੌਕੇ ਕਈ ਉਦਾਹਰਨ ਵੀ ਦਿੱਤੇ ਗਏ ਸਨ।
ਇੱਥੇ ਈ.ਡੀ. ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀਂ ਹੈ ਅਤੇ ਕਈ ਵਾਰ ਉਨਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ, ਇਸ ਦੌਰਾਨ ਜਿਹੜੇ ਦਸਤਾਵੇਜ਼ ਉਨਾਂ ਤੋਂ ਮੰਗੇ ਗਏ ਹਨ, ਉਨਾਂ ਨੂੰ ਵਿਪਾਸਨਾ ਇੰਸਾਂ ਵਲੋਂ ਦੇ ਦਿੱਤੇ ਗਏ ਹਨ। ਇਨਾਂ ਸਾਰੇ ਦਸਤਾਵੇਜ਼ ਦੀ ਜਾਂਚ ਚਲ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।