ਹੈਰੋਇਨ ਤਸਕਰੀ ਮਾਮਲੇ ‘ਚ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਬਰੀ

CBI Court

ਜਲੰਧਰ,  (ਸੱਚ ਕਹੂੰ ਨਿਊਜ਼) ਬਹੁ ਚਰਚਿਤ ਹੈਰੋਇਨ ਤਸਕਰੀ ਮਾਮਲੇ ‘ਚ ਅੱਜ ਅਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਬਰੀ ਕਰਦਿਆਂ ਦੋ ਹੋਰ ਲੋਕਾਂ ਨੂੰ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ  ਇਸ ਮਾਮਲੇ ‘ਚ ਹੀ ਹੋਰ ਮੁਲਜਮਾਂ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ, ਜਗਦੀਸ਼ ਸਿੰਘ ਚਾਹਲ ਅਤੇ ਦੋ ਕਾਂਸਟੇਬਲਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ ਕਿਉਂਕਿ ਪੁਲਿਸ ਉਕਤ ਖਿਲਾਫ਼ ਡਰਗ ਤਸਕਰੀ ‘ਚ ਸ਼ਾਮਲ ਹੋਣ ਦੀ ਗੱਲ ਸਾਬਤ ਨਹੀਂ ਕਰ ਸਕੀ ।

ਇਹ ਵੀ ਪੜ੍ਹੋ : ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ

ਜ਼ਿਕਰਯੋਗ ਹੈ ਕਿ ਪੁਲਿਸ ਨੇ 24 ਦਸੰਬਰ, 2013 ਨੂੰ ਅੰਮ੍ਰਿਤਸਰ ਦੇ ਕਾਰਪੇਂਟਰ ਤਰਸੇਮ ਸਿੰਘ ਅਤੇ ਕਪੂਰਥਲਾ ਦੇ ਭੰਗੜਾ ਕਲਾਕਾਰ ਦਲਵੀਰ ਸਿੰਘ ਨੂੰ ਇੱਕ ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਪੁੱਛ-ਗਿੱਛ ‘ਚ ਤਰਸੇਮ ਨੇ ਦੱਸਿਆ ਕਿ ਉਹ ਪਹਿਲਾਂ ਪਹਿਲਵਾਨ ਅਤੇ ਪੰਜਾਬ ਦੇ ਡੀ. ਐੱਸ. ਪੀ. ਰਹਿ ਚੁੱਕੇ ਜਗਦੀਸ਼ ਭੋਲਾ ਦੀ ਮਦਦ ਨਾਲ ਹੈਰੋਇਨ ਦੇ ਧੰਦੇ ‘ਚ ਉਤਰਿਆ ਸੀ ਇਸ ਕੇਸ ‘ਚ ਪੁਲਿਸ ਜਗਦੀਸ਼ ਭੋਲਾ ਅਤੇ ਸਾਬਕਾ ਯੂਥ ਅਕਾਲੀ ਆਗੂ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ ਪੁਲਿਸ ਨੇ ਇਸੇ ਕੇਸ ‘ਚ ਅੰਮ੍ਰਿਤਸਰ ਦੇ ਫਕੀਰ ਸਿੰਘ ਕਲੋਨੀ ਦੇ ਧਰਮਵੀਰ ਅਤੇ ਲਾਂਬੜਾ ਦੇ ਸੰਦੀਪ ਖਿਲਾਫ਼ ਵੀ ਕੋਰਟ ‘ਚ ਚਾਲਾਨ ਪੇਸ਼ ਕੀਤਾ ਸੀ ।

ਇਸ ਮਾਮਲੇ ‘ਚ ਵੀਰਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਅਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਦਲਬੀਰ ਅਤੇ ਤਰਸੇਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 12-12 ਸਾਲ ਕੈਦ ਦੀ ਸਜ਼ਾ ਸੁਣਾਈ ਉੱਥੇ ਹੀ ਇਕ ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਅਤੇ ਜ਼ੁਰਮਾਨਾ ਨਾ ਦੇਣ ‘ਤੇ ਇੱਕ-ਇੱਕ ਸਾਲ ਦੀ ਹੋਰ ਕੈਦ ਦੀ ਸਜ਼ਾ ਸੁਣਾਈ ਦੂਜੇ ਪਾਸੇ ਅਦਾਲਤ ਨੇ ਸਾਬਕਾ ਡੀਐੱਸਪੀ ਜਗਦੀਸ਼ ਭੋਲਾ, ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ, ਜਗਦੀਸ਼ ਸਿੰਘ ਚਾਹਲ ਅਤੇ ਦੋ ਕਾਂਸਟੇਬਲਾਂ ਨੂੰ ਵੀ ਨੂੰ ਬਰੀ ਕਰ ਦਿੱਤਾ ਹੈ ਕਿਉਂਕਿ ਪੁਲਿਸ ਨੂੰ ਉਹਨਾਂ ਕੋਲੋਂ ਹੈਰੋਇਨ ਨਹੀਂ ਮਿਲੀ ਸੀ। ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਜਗਦੀਸ਼ ਭੋਲਾ ਦਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਨਾਮ ਜੁੜਨ ਕਰਕੇ ਪਿਛਲੇ ਸਮੇਂ ‘ਚ ਸਿਆਸਤ ‘ਚ ਕਾਫ਼ੀ ਬਵਾਲ ਆ ਗਿਆ ਸੀ ਅਤੇ ਤਰ੍ਹਾਂ-ਤਰ੍ਹਾਂ ਦੀ ਚਰਚਾ ਸੀ ।