ਪੰਜ ਮਰਦ ਅਤੇ ਤਿੰਨ ਔਰਤਾਂ ਸ਼ਾਮਲ, ਨੌਕਰੀ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਹੇਠਾ ਉੱਤਰਨ ਦੇ ਕਾਇਮ
ਬਾਕੀ ਮੈਂਬਰਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ ਅੱਗੇ ਧਰਨਾ ਪ੍ਰਰਦਸ਼ਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ । ਨੌਕਰੀ ਦੌਰਾਨ ਫੌਤ ਹੋਏ ਮਿ੍ਰਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਅੱਜ ਨੌਕਰੀ ਦੀ ਮੰਗ ਨੂੰ ਲੈ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਛੇਵੀਂ ਮੰਜਿਲ ਦੀ ਛੱਤ ’ਤੇ ਚੜ੍ਹੇ ਗਏ। ਛੱਤ ’ਤੇ ਚੜੇ ਮਿ੍ਰਤਕਾਂ ਦੇ ਆਸਰਿਤਾਂ ਵਿੱਚ ਪੰਜ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਮੈਂਬਰਾਂ ਵੱਲੋਂ ਹੇਠਾ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਰੋਸ਼ ਪ੍ਰਰਦਸਨ ਸ਼ੁਰੂ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਮਿ੍ਰਤਕਾਂ ਦੇ ਆਸਰਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ 2010 ਤੋਂ ਪਹਿਲਾ ਬਿਜਲੀ ਬੋਰਡ ਵਿੱਚ ਕੰਮ ਕਰਦੇ ਹੋਏ ਆਪਣੀ ਜਾਨ ਗਵਾ ਬੈਠੇ ਸਨ, ਪਰ ਅਜੇ ਤੱਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਇਸ ਮੌਕੇ ਆਗੂ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਮੰਗਾਂ ਲਈ ਚੌਥੀ ਵਾਰ ਛੱਤ ਤੇ ਚੜਨਾ ਪਿਆ ਹੈ, ਇਸ ਤੋਂ ਪਹਿਲਾ ਦੋਂ ਵਾਰ ਟੈਂਕੀ ਤੇ ਇੱਕ ਵਾਰ ਛੱਤ ਤੇ ਚੜ੍ਰੇ ਸਨ। ਹਰ ਵਾਰ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਲਾਰਾ ਲਗਾ ਦਿੱਤਾ ਜਾਂਦਾ ਹੈ, ਪਰ ਅੱਜ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਇਸ ਮੌਕੇ ਉਪਰ ਚੜੇ ਵਿਅਕਤੀਆਂ ਨੇ ਕਿਹਾ ਕਿ ਨੌਕਰੀਆਂ ਦੀ ਉਨ੍ਹਾਂ ਦੀ ਇੱਕ ਨੁਕਾਤੀ ਇਸ ਮੰਗ ਦੀ ਪੂਰਤੀ ਤੱਕ ਉਹ ਹੇਠਾਂ ਨਹੀਂ ਉਤਰਨਗੇ।
ਇਸ ਸਬੰਧੀ ਭਾਵੇਂ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਪਾਵਰਕੌਮ ਦੇ ਇੱਕ ਅਧਿਕਾਰੀ ਨਾਲ਼ ਮੀਟਿੰਗ ਵੀ ਹੋ ਚੁੱਕੀ ਹੈ। ਪਰ ਸ਼ਾਮ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਪਾਵਰਕੌਮ ਦੇ ਅਧਿਕਾਰੀਆਂ ਦਾ ਇਹ ਵੀ ਤਰਕ ਸੀ ਕਿ ਅਦਾਰੇ ਵੱਲੋਂ ਮਿ੍ਰਤਕ ਮੁਲਾਜ਼ਮਾਂ ਦੇ ਕਈ ਆਸ਼ਰਿਤਾਂ ਨੂੰ ਨਿਰਧਾਰਤ ਕੀਤੀ ਗਈ ਰਾਸ਼ੀ ਪ੍ਰਦਾਨ ਕਰ ਦਿੱਤੀ ਗਈ ਸੀ। ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ ’ਤੇ ਇੱਕ ਅਧਿਕਾਰੀ ਦਾ ਤਰਕ ਸੀ ਕਿ ਅਜਿਹੀ ਰਾਸ਼ੀ ਲੈਣ ਮਗਰੋਂ ਵੀ ਨੌਕਰੀ ਮੰਗਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਇਸੇ ਅਧਿਕਾਰੀ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਲਏ ਗਏ ਅਜਿਹੇ ਫੰਡ ਸਬੰਧਿਤ ਪਰਿਵਾਰਕ ਮੈਂਬਰ ਵਾਪਸ ਕਰ ਦੇਣ, ਤਾਂ ਨੌਕਰੀ ਬਾਰੇ ਵਿਚਾਰਿਆ ਜਾ ਸਕਦਾ ਹੈ।
ਉੱਧਰ ਇਕ ਪ੍ਰਦਰਸ਼ਨਕਾਰੀ ਦਾ ਕਹਿਣਾ ਸੀ ਕਿ ਅਦਾਰੇ ਨੇ ਆਸ਼ਰਿਤਾਂ ਨੂੰ ਅਜਿਹੇ ਫੰਡ ਮੁਹੱਈਆ ਤਾਂ ਕਰਵਾਏ ਹਨ, ਪਰ ਉਦੋਂ ਸਪੱਸ਼ਟ ਨਹੀਂ ਸੀ ਕੀਤਾ ਗਿਆ ਕਿ ਉਹ ਇਹ ਫੰਡ ਲੈਣ ਮਗਰੋਂ ਮਿ੍ਰਤਕ ਮੁਲਾਜ਼ਮਾਂ ਦੀ ਥਾਂ ਨੌਕਰੀ ਲੈਣ ਦੇ ਯੋਗ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਰਨੀਤ ਕੌਰ ਵੱਲੋਂ ਉਨ੍ਹਾਂ ਦੀ ਮੰਗ ਨੂੰ ਜਾਇਜ਼ ਦੱਸਿਆ ਸੀ ਅਤੇ ਮੈਨੇਜਮੈਂਟ ਨੇ ਵੀ ਹਾਮੀ ਭਰੀ ਸੀ। ਇੱਧਰ ਸ਼ਾਮ ਛੇ ਵਜੇ ਖ਼ਬਰ ਲਿਖੇ ਜਾਣ ਤੱਕ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਛੱਤ ’ਤੇ ਮੁਲਾਜ਼ਮ ਚੜ੍ਹੇ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ