Punjab Heavy Rain: (ਮਨੋਜ ਗੋਇਲ) ਘੱਗਾ। ਨੇੜਲੇ ਪਿੰਡ ਛਬੀਲਪੁਰ ਉਰਫ ਕਲਵਾਨੂੰ ਡੇਰਾ ਵਿਖੇ ਤੇਜ਼ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਮਕਾਨ ਅੰਦਰ ਪਿਆ ਘਰੇਲੂ ਸਮਾਨ ਨੁਕਸਾਨਿਆ ਗਿਆ। ਇਸ ਸਬੰਧੀ ਪੀੜਤ ਪਰਿਵਾਰ ਦੇ ਮਾਲਕ ਮਲਕੀਤ ਰਾਮ ਬਾਜੀਗਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦਾ ਪਾਣੀ ਮਕਾਨ ਦੀਆਂ ਨੀਂਹਾਂ ਵਿੱਚ ਪੈ ਜਾਣ ਕਾਰਨ ਬੀਤੇ ਦਿਨੀਂ ਕਰੀਬ 7 ਵਜੇ ਮਕਾਨ ਦੀ ਛੱਤ ਡਿੱਗ ਗਈ।
ਇਹ ਵੀ ਪੜ੍ਹੋ: Flood Alert: ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਇਸ ਰੂਟ ਦੀਆਂ ਟ੍ਰੇਨਾਂ ਹੋਈਆਂ ਰੱਦ
ਜਦੋਂ ਮਕਾਨ ਦੀ ਛੱਤ ਡਿੱਗੀ ਉਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਮਕਾਨ ਦੇ ਅੰਦਰ ਛੱਤ ਦੇ ਮਲਬੇ ਹੇਠ ਆਉਣ ਨਾਲ ਮਕਾਨ ਅੰਦਰ ਪਿਆ ਫਰਿੱਜ, ਟੀਵੀ ਅਤੇ ਫਰਨੀਚਰ ਦਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਘਰੇਲੂ ਰਾਸ਼ਨ ਵੀ ਮਲਬਾ ਡਿੱਗਣ ਨਾਲ ਖਰਾਬ ਹੋ ਗਿਆ ਹੈ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਇਸ ਮਜ਼ਦੂਰ ਪਰਿਵਾਰ ਲਈ ਮਾਲੀ ਸਹਾਇਤਾ ਦੀ ਪੁਰਜ਼ੋਰ ਮੰਗ ਕੀਤੀ ਹੈ।