ਮੀਂਹ ਤੋਂ ਘਬਰਾਇਆ ਸ਼ਹਿਰ, ਕਿਸਾਨਾਂ ਦੇ ਚਿਹਰੇ ‘ਤੇ ਲਹਿਰ ਬਹਿਰ

Heavy, Rain,Residents,City, Troubled, Farmers, Happy

ਸ਼ਹਿਰ ‘ਚ ਬਜ਼ਾਰਾਂ ‘ਚ ਭਰਿਆ ਪਾਣੀ, ਸ਼ਹਿਰ ਵਾਸੀ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ

ਸੁਰੇਸ਼ ਗਰਗ/ ਭਜਨ ਸਮਾਘ. ਸ੍ਰੀ ਮੁਕਤਸਰ ਸਾਹਿਬ: ਬੀਤੇ ਮੰਗਲਵਾਰ ਸ਼ਾਮ ਤੋਂ ਭਾਵੇਂ ਮੌਸਮ ਖੁਸ਼ਨੁਮਾ ਸੀ ਪਰ ਵੀਰਵਾਰ ਦੀ ਸਵੇਰ ਨੂੰ ਤਿੰਨ ਘੰਟੇ ਪਈ ਮੁਸਲਾਧਰ ਬਾਰਿਸ਼ ਨੇ ਸ਼ਹਿਰ ਨਿਵਾਸੀਆਂ ਦੀ ਜਾਨ ਮੁੱਠੀ ਵਿਚ ਲਿਆ ਦਿੱਤੀ ਸੀ ਪਰ ਕਿਸਾਨ ਖੁਸ਼ ਨਜਰ ਆ ਰਹੇ ਸਨ।  ਭਾਵਂੇ ਬੁੱਧਵਾਰ ਦੀ ਰਾਤ ਨੂੰ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਪਰ ਵੀਰਵਾਰ ਦੀ ਸਵੇਰੇ ਉਠੇ ਤਾਂ ਲੋਕਾਂ ਦੇ ਮੰਜਿਆਂ ਥੱਲੇ ਪਾਣੀ ਫਿਰ ਰਿਹਾ ਸੀ।

ਜਿਨ੍ਹਾਂ ਦੁਕਾਨਾਂ ਘਰਾਂ ‘ਚ ਬਾਰਿਸ਼ ਦਾ ਪਾਣੀ ਭਰ ਗਿਆ ਉਹ ਸਾਰਾ ਦਿਨ ਪਰਿਵਾਰ ਸਮੇਤ ਘਰਾਂ, ਦੁਕਾਨਾਂ ‘ਚੋਂ ਪਾਣੀ ਕੱਢਣ ‘ਚ ਲੱਗੇ ਰਹੇ। ਜਦਕਿ ਬਹੁਤ ਸਾਰੇ ਲੋਕ ਘਰਾਂ ਦੇ ਬਾਹਰ ਸੜਕਾਂ ‘ਤੇ ਜਮਾ ਹੋਇਆ ਪਾਣੀ ਵਾਰ-ਵਾਰ ਦੇਖ਼ਦੇ ਰਹੇ ਕਿ ਕਿਤੇ ਉਹਨਾਂ ਦੇ ਘਰ ਤਾਂ ਪਾਣੀ ਦਾਖ਼ਲ ਨਹੀਂ ਹੋਣ ਵਾਲਾ। ਜਿਥੇ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਮੁਸਲਾਧਰ ਬਾਰਿਸ਼ ਦੇ ਪਾਣੀ ਨਾਲ ਸਾਰੇ ਬਜ਼ਾਰਾਂ ਅਤੇ ਗਲੀਆਂ ਡੁੱਬ ਗਈਆਂ।

ਮੀਂਹ ਦਾ ਪਾਣੀ ਘਰਾਂ ‘ਚ ਵੜਿਆ

ਅਬੋਹਰ ਰੋਡ ਦੀ 14 ਨੰਬਰ ਗਲੀ ਮੁੱਖ ਸੜਕ ਤੋਂ ਕਰੀਬ ਦੋ ਫੁੱਟ ਨੀਵੀਂ ਹੈ ਜਿਸਦੀ ਹਾਲਤ ਬਹੁਤ ਹੀ ਤਰਸਯੋਗ ਸੀ। ਇਸ ਗਲੀ ‘ਚ ਪਾਣੀ ਜ਼ਿਆਦਾ ਜਮਾਂ ਹੋਣ ਦੇ ਕਾਰਨ ਜ਼ਿਆਦਾਤਰ ਘਰਾਂ ‘ਚ ਪਾਣੀ ਦਾਖ਼ਲ ਹੋ ਗਿਆ। ਸ਼ਹਿਰ ਦੇ ਸ਼ੇਰ ਸਿੰਘ ਚੌਂਕ, ਘਾਹ ਮੰਡੀ ਚੌਂਕ, ਤੁਲਸੀ ਰਾਮ ਸਟਰੀਟ, ਜੈ ਦਿਆਲ ਸਟਰੀਟ, ਬੈਂਕ ਰੋਡ, ਮੇਨ ਬਾਜ਼ਾਰ, ਗਾਂਧੀ ਚੌਂਕ, ਰੇਲਵੇ ਰੋਡ, ਬਾਜ਼ਾਰ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 7, ਕੋਟਲੀ ਰੋਡ, ਗਾਂਧੀ ਨਗਰ ਦੀਆਂ ਗਲੀਆਂ, ਮੌੜ ਰੋਡ, ਨਵੀਂ ਅਨਾਜ ਮੰਡੀ, ਜੋਧੂ ਕਲੋਨੀ ‘ਚ ਬਹੁਤ ਪਾਣੀ ਜਮਾਂ ਹੋਣ ਦੇ ਕਾਰਨ ਕਿਸੇ ਦੇ ਘਰ ‘ਚ ਤੇ ਕਿਸੇ ਦੀ ਦੁਕਾਨ ‘ਚ ਪਾਣੀ ਭਰ ਗਿਆ।

ਸਿਵਲ ਸਰਜਨ ਦਫ਼ਤਰ ‘ਚ, ਏਡੀਸੀ ਕੁਲਵੰਤ ਸਿੰਘ ਦੇ ਨਿਵਾਸ ਅਤੇ ਜੀਏ ਟੂ ਡੀ.ਸੀ. ਗੋਪਾਲ ਸਿੰਘ ਦੇ ਨਿਵਾਸ ਦੇ ਇਲਾਵਾ ਬੀ.ਐਂਡ.ਆਰ ਅਤੇ ਨਹਿਰੀ ਵਿਭਾਗ ਦੇ ਪਟਵਾਰੀਆਂ ਦੇ ਦਫ਼ਤਰਾਂ ‘ਚ ਵੀ ਪਾਣੀ ਭਰਿਆ ਹੋਇਆ ਸੀ। ਬਜ਼ਾਰਾਂ ‘ਚ ਦੁਕਾਨਦਾਰ ਗ੍ਰਾਹਕ ਦੇ ਇੰਤਜ਼ਾਰ ‘ਚ ਨਹੀਂ ਬਲਕਿ ਆਪਣੀਆਂ ਦੁਕਾਨਾਂ ‘ਚ ਵੜੇ ਪਾਣੀ ਨੂੰ ਕੱਢਣ ਅਤੇ ਬਰਸਾਤ ਨਾ ਆ ਜਾਵੇ ਇਸਦੇ ਬਚਾਅ ‘ਚ ਲੱਗੇ ਹੋਏ ਸਨ।

ਲੱਖਾਂ ਰੁਪਏ ਲਾ ਕੇ ਬਣਾਇਆ ਪਾਰਕ ਵੀ ਪਾਣੀ ‘ਚ ਡੁੱਬਿਆ

ਡਿਪਟੀ ਕਮਿਸ਼ਨਰ ਦਫ਼ਤਰ ‘ਚ ਲੱਖਾਂ ਰੁਪਏ ਲਗਾ ਕੇ ਬਣਾਇਆ ਗਿਆ ਪਾਰਕ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬਿਆ ਹੋਇਆ ਸੀ। ਡੀ.ਸੀ, ਐਸ.ਐਸ.ਪੀ, ਜ਼ਿਲ੍ਹਾ ਸੈਸ਼ਨ ਜੱਜ ਦੇ ਨਿਵਾਸ ਦੇ ਨੇੜੇ ਵੀ ਸੜਕ ‘ਤੇ ਪਾਣੀ ਖੜ੍ਹਿਆ ਸੀ। ਬਾਰਿਸ਼ ਨਾਲ ਕਿਸਾਨ ਦੇ ਚੇਹਰਿਆਂ ‘ਤੇ ਰੋਣਕਾਂ ਸਾਫ ਝਲਕ ਰਹੀਆਂ ਸਨ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਮੌਕੇ ਕਿਸਾਨ ਬੂਟਾ ਸਿੰਘ, ਮਲਕੀਤ ਸਿੰਘ, ਜਗਨੰਦਨ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਇਸ ਬਾਰਿਸ਼ ਨਾਲ ਝੋਨੇ ਦੀ ਬਿਜਾਈ ਵਿਚ ਤੇਜ਼ੀ ਆਵੇਗੀ, ਕਿਸਾਨਾਂ ਦਾ ਤੇਲ ਘੱਟ ਮੱਚੇਗਾ। ਇਸ ਬਾਰਿਸ਼ ਨਾਲ ਬਿਜਲੀ ਦੇ ਕੱਟ ਘੱਟ ਲੱਗਣਗੇ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਕਿਸਾਨਾਂ ਦੀ ਬਿਜੀ ਫਸਲ ਸੁੱਕ ਰਹੀ ਸੀ।

ਇਸ ਮੌਕੇ ਨਗਰ ਕੌਂਸਲ ਦੇ ਈ ਓ ਰਵੀ ਜਿੰਦਲ ਨਾਲ ਫੋਨ ‘ਤੇ ਗੱਲਬਾਤ ਕਰਨੀ ਚਾਹੀ ਤਾਂ ਈ ਓ ਸਾਹਿਬ ਨੇ ਫੋਨ ਨਹੀਂ ਚੁਕਿਆ।