ਸ਼ਹੀਦ ਸੁਖਦੇਵ ਦੇ ਜਨਮ ਦਿਨ ’ਤੇ ਰਾਜ ਪੱਧਰੀ ਸਮਾਗਮ ਦੌਰਾਨ ਵਿਧਾਇਕ ਅਤੇ ਡੀਸੀ ਸਮੇਤ ਹੋਰਨਾ ਵੱਲੋਂ ਸ਼ਹੀਦ ਨੂੰ ਸਰਧਾ ਦੇ ਫੁੱਲ ਭੇਟ | AAP Government
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਮੁਹੱਲਾ ਨੌਘਰਾ ਵਿਖੇ ਸ਼ਹੀਦ ਸੁਖਦੇਵ ਨੂੰ ਉਨਾਂ ਦੇ ਜੱਦੀ ਘਰ ਵਿਖੇ ਜਨਮ ਦਿਨ ’ਤੇ ਵਿਧਾਨ ਸਭਾ ਮੈਂਬਰ ਅਸੋਕ ਪਰਾਸਰ ਪੱਪੀ ਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨਾਂ ਨਾਲ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ ਵੀ ਮੌਜੂਦ ਸਨ। (AAP Government)
ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਅਸੋਕ ਪਰਾਸਰ ਪੱਪੀ ਅਤੇ ਡਿਪਟੀ ਕਮਿਸਨਰ ਸੁਰਭੀ ਮਲਿਕ ਨੇ ਕਿਹਾ ਕਿ ਚੌੜਾ ਬਾਜਾਰ ਤੋਂ ਸ਼ਹੀਦ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਵਾਲੀ ਸੜਕ ਲਈ ਜਾਇਦਾਦ ਐਕਵਾਇਰ ਕਰਨ ਦੀ ਪ੍ਰਕਿਰਿਆ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਈ ਹੈ ਅਤੇ ਕੰਮ ਸੁਰੂ ਹੋ ਗਿਆ ਹੈ। ਕਿਉਂਕਿ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਉਨਾਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਵਿੱਚ ਨਿਰਪੱਖ ਮੁਆਵਜੇ ਅਤੇ ਪਾਰਦਰਸਤਾ ਦੇ ਅਧਿਕਾਰ ਤਹਿਤ ਜਾਇਦਾਦ ਐਕਵਾਇਰ ਕਰਨ ਸਬੰਧੀ ਫਾਈਲ ਸਾਰੀਆਂ ਕਾਨੂੰਨੀ ਅਤੇ ਤਕਨੀਕੀ ਰੁਕਾਵਟਾਂ ਨੂੰ ਦੂਰ ਕਰਕੇ ਸਬੰਧਿਤ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੌੜਾ ਬਾਜਾਰ ਤੋਂ ਕ੍ਰਾਂਤੀਕਾਰੀ ਆਗੂ ਦੇ ਘਰ ਤੱਕ ਸਿੱਧੀ ਸੜਕ ਨੂੰ ਯਕੀਨੀ ਬਣਾਉਣ ਦੇ ਪ੍ਰਾਜੈਕਟ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸ਼ਹੀਦ ਸੁਖਦੇਵ ਜੀ, ਸ਼ਹੀਦ ਭਗਤ ਸਿੰਘ ਜੀ ਅਤੇ ਸ਼ਹੀਦ ਰਾਜਗੁਰੂ ਜੀ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ, ਜਿਸ ਦੇ ਲਈ ਦੇਸ਼ ਵਾਸੀ ਉਨਾਂ ਦੇ ਸਦਾ ਰਿਣੀ ਰਹਿਣਗੇ।
ਉਨਾਂ ਅੱਗੇ ਕਿਹਾ ਕਿ ਧਰਤੀ ਦੇ ਇਨਾਂ ਮਹਾਨ ਸਪੂਤਾਂ ਨੇ ਦੇਸ਼ ਨੂੰ ਵਿਦੇਸੀ ਸਾਮਰਾਜਵਾਦ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਸਮਾਮਗ ਦੌਰਾਨ ਆਈਜੀ ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ, ਪੁਲਿਸ ਕਮਿਸਨਰ ਮਨਦੀਪ ਸਿੰਘ ਸਿੱਧੂ ਆਦਿ ਨੇ ਵੀ ਸ਼ਹੀਦ ਸੁਖਦੇਵ ਨੂੰ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਏਡੀਸੀ ਅਮਰਜੀਤ ਬੈਂਸ, ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ, ਸਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਕੌਮੀ ਪ੍ਰਧਾਨ ਅਸੋਕ ਥਾਪਰ, ਤ੍ਰਿਭੁਵਨ ਥਾਪਰ ਆਦਿ ਹਾਜਰ ਸਨ।