ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
- ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ਅੱਜ ਉਹ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਮੰਤਰੀ ਬਣੇ ਕੇ ਪੁੱਜੇ। ਇਸ ਦੌਰਾਨ ਉਨ੍ਹਾਂ ਆਪਣੇ ਕਾਲਜ ਦੀਆਂ ਯਾਦਾਂ ਨੂੰ ਯਾਦ ਕਰਕੇ ਭਾਵੁਕ ਵੀ ਦਿਖਾਈ ਦਿੱਤੇ। ਉਂਜ ਉਨ੍ਹਾਂ 30 ਵਰ੍ਹੇ ਪਹਿਲਾ ਇਸੇ ਕਾਲਜ ’ਚ ਪੁੱਜੇ ਤੱਤਕਾਲੀ ਮੰਤਰੀ ਨੂੰ ਦੇਖ ਕੇ ਆਪਣੇ ਮਨ ’ਚ ਹੀ ਮੰਤਰੀ ਬਣਨ ਦਾ ਸੁਪਨਾ ਲਿਆ ਸੀ, ਜੋਂ ਪੂਰਾ ਹੋ ਗਿਆ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅੱਜ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ਼ ਵਿਖੇ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਦੀਆਂ ਇਸ ਕਾਲਜ਼ ਨਾਲ ਜੁੜੀਆਂ ਆਪਣੀਆਂ ਪਿਛਲੀਆਂ ਯਾਦਾਂ ਤਾਜਾ ਹੋ ਗਈਆਂ ਅਤੇ ਉਨ੍ਹਾਂ ਵੱਲੋਂ ਸਮਾਗਮ ਦੌਰਾਨ ਹੀ ਸਭ ਦੇ ਸਾਹਮਣੇ ਇਸ ਦਾ ਜਿਕਰ ਵੀ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਮਹਰੂਮ ਰਾਸ਼ਟਰਪਤੀ ਅਬਦੁਲ ਕਲਾਮ ਦੇ ਸੁਪਨਿਆਂ ਬਾਬਤ ਪ੍ਰਗਟਾਏ ਸਬਦਾਂ ਨੂੰ ਦੁਹਰਾਉਂਦਿਆ ਆਖਿਆ ਕਿ ਸੁਪਨੇ ਉਹ ਨਹੀਂ ਜੋਂ ਸੁੱਤਿਆ ਨੂੰ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ, ਜਿਹੜੇ ਸੋਣ ਨਹੀਂ ਦਿੰਦੇ’ ਇਸ ਲਈ ਨਾ ਸੋਣ ਵਾਲੇ ਸੁਪਨਿਆਂ ਹੀ ਆਉਣੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਸਮਾਜ ਸੇਵਾ ਦੇ ਮੁੱਦਈ ਸਨ, ਪਰ ਇਹ ਨਹੀਂ ਪਤਾ ਸੀ ਕਿ ਉਹ ਵਿਧਾਇਕ ਜਾ ਮੰਤਰੀ ਬਣ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਰਾਜਨੇਤਾ ਨਹੀਂ ਹੈ ਅਤੇ ਨਾ ਹੀ ਕੋਈ ਪਰਿਵਾਰਕ ਪਿਛੋਕੜ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡੈਂਟਲ ਸਰਜਨ ਵਜੋਂ ਚੰਡੀਗੜ੍ਹ ਜਾਂ ਕਿਸੇ ਵੱਡੇ ਸ਼ਹਿਰ ’ਚ ਪ੍ਰੈਕਟਿਸ ਕਰਨ ਦੀ ਥਾਂ ਮਾਨਸਾ ’ਚ ਹੀ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਲਿਆ ਸੀ।
ਡਾ. ਸਿੰਗਲਾ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ 1988 ਬੈਂਚ ਦੇ ਵਿਦਿਆਰਥੀ ਸਨ
ਉਨ੍ਹਾਂ ਦੱਸਿਆ ਕਿ ਭਾਵੇਂ ਉਸ ਦੇ ਦੋਸਤਾਂ ਨੇ ਉਸ ਵੇਲੇ ਉਨ੍ਹਾਂ ਨੂੰ ਛੋਟੇ ਜਿਹੇ ਸ਼ਹਿਰ ਦੀ ਥਾਂ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਪ੍ਰੈਕਟਿਸ ਕਰਨ ਲਈ ਆਖਿਆ ਸੀ, ਪਰ ਉਨ੍ਹਾਂ ਉਸ ਵੇਲੇ ਵੀ ਕਿਹਾ ਕਿ ਸੀ ਕਿ ਭਾਵੇਂ ਚੰਡੀਗੜ੍ਹ ਪੱਥਰਾਂ ਦੇ ਸ਼ਹਿਰ ’ਚ ਵੱਡੀਆਂ ਕੋਠੀਆਂ ਅਤੇ ਬਹੁਤ ਸੋਹਣਾ ਹੋਵੇਗਾ, ਪਰ ਜੋਂ ਪਿਆਰ ਅਤੇ ਅਣਪੱਤ ਆਪਣੇ ਲੋਕਾਂ ’ਚ ਕੰਮ ਕਰਕੇ ਮਿਲਦਾ, ਉਹ ਹੋਰ ਕਿਤੋਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵੀ ਕਾਰਜ਼ਾਂ ਦੇ ਮੁੱਦਈ ਹਨ, ਇਸੇ ਕਰਕੇ ਉਨ੍ਹਾਂ ਨੇ ਆਪਣਾ ਸ਼ਹਿਰ ਮਾਨਸਾ ਚੁਣਿਆ। ਉਨ੍ਹਾਂ ਕਿਹਾ ਕਿ ਹੁਣ ਤਾ ਲੋਕਾਂ ਨੇ ਸੇਵਾ ਕਰਨ ਦਾ ਬਲ ਬਖਸ਼ ਦਿੱਤਾ ਹੈ, ਜਿਸ ਨੂੰ ਉਹ ਪੂਰੇ ਜੀ-ਜਾਨ ਨਾਲ ਪੂਰਾ ਕਰਨਗੇ। ਦੱਸਣਯੋਗ ਹੈ ਕਿ ਡਾ. ਸਿੰਗਲਾ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ 1988 ਬੈਂਚ ਦੇ ਵਿਦਿਆਰਥੀ ਸਨ।
ਸਿੱਧੂ ਮੂਸੇਵਾਲਾ ਬਾਰੇ ਕਿਹਾ, ਸੈਲੀਬ੍ਰਿਟੀ ਜ਼ਿਆਦਾ ਫਾਲੋਅਰਜ਼ ਨਾਲ ਨਹੀਂ ਹੁੰਦਾ
ਇਸ ਦੌਰਾਨ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮਾਨਸਾ ਤੋਂ ਟਿਕਟ ਮਿਲੀ ਤਾ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਤੁਹਾਡੇ ਅੱਗੇ ਸਿੱਧੂ ਮੂਸੇਵਾਲਾ ਹੈ, ਜੋਂ ਕਿ ਐਨਾ ਵੱਡਾ ਸੈਲੀਬ੍ਰਿਟੀ ਹੈ, ਤੁਸੀਂ ਕਿਵੇਂ ਜਿੱਤੋਗੇ। ਉਨ੍ਹਾਂ ਕਿਹਾ ਕਿ ਅਸੀਂ ਵੀ ਬਹੁਤ ਪੁਰਾਣੇ ਸੈਲੀਬ੍ਰਿਟੀ ਹਾਂ। ਡਾ. ਸਿੰਗਲਾ ਨੇ ਕਿਹਾ ਕਿ ਕੋਈ ਜਿਆਦਾ ਫਾਲੋਅਰਜ਼ ਨਾਲ ਸੈਲੀਬ੍ਰਿਟੀ ਨਹੀਂ ਹੁੰਦਾ, ਸੈਲੀਬ੍ਰਿਟੀ ਉਹ ਹੁੰਦਾ ਹੈ ਜੋਂ ਲੋਕਾਂ ਦੇ ਦਿਲਾਂ ’ਚ ਵੱਸਦਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਦਿਲਾਂ ਵਿੱਚ ਵੱਸਣਾ ਹੈ ਅਤੇ ਵੱਧ ਤੋਂ ਵੱਧ ਕੰਮ ਕਰਨੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ