ਧੋਖਾਧੜੀ ਕਰ ਵਾਲੇ ਚਾਰ ਮੁਲਜ਼ਮਾਂ ’ਚ ਪਹਿਲਾ ਟਰੈਵਲ ਏਜੰਟ ਆਇਆ ਸ਼ਿਕੰਜੇ ’ਚ
Travel Agent Arrested: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਸਰਕਾਰ ਵੱਲੋਂ ਕਸੇ ਗਏ ਸਿਕੰਜੇ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਵੱਲੋਂ ਟਰੈਵਲ ਏਜੰਟ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਸਰ, ਕੁਰੂਕਸ਼ੇਤਰ, ਹਰਿਆਣਾ ਨੂੰ ਪਟਿਆਲਾ ਵਿਖੇ ਉਸ ਦੇ ਸਹੁਰੇ ਘਰ ਪ੍ਰਤਾਪ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਐਨ ਆਈ. ਆਈ. ਮਾਮਲਿਆਂ ਦੇ ਵਿੰਗ ਨੇ ਗੈਰ-ਕਾਨੂੰਨੀ ਇਮੀਗਰੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਟਰੈਵਲ ਏਜੰਟ ਅਨਿਲ ਬੱਤਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਪੁਲਿਸ, ਐੱਨਆਰਆਈ ਮਾਮਲੇ ਪੰਜਾਬ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ 4 ਮੈਂਬਰੀ ਐਸ.ਆਈ.ਟੀ. ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਇਹ ਗ੍ਰਿਫਤਾਰੀ ਇੰਸਪੈਕਟਰ ਅਤੇ ਸਿੰਘ ਚੌਹਾਨ ਮੁੱਖ ਅਫਸਰ ਥਾਣਾ ਐੱਨਆਰਆਈ ਪਟਿਆਲਾ ਦੀ ਅਗਵਾਈ ਵਾਲੀ ਇੱਕ ਟੀਮ ਨੇ ਗੁਰਬੰਸ ਸਿੰਘ ਬੈਂਸ ਐਨਆਰਆਈ ਮਾਮਲੇ ਪਟਿਆਲਾ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਹ ਵੀ ਪੜ੍ਹੋ: Bathinda News: ਵਿਧਾਇਕ ਜਗਰੂਪ ਗਿੱਲ ਨੇ ਆਖਿਆ ਬਠਿੰਡਾ ਦੇ ਮਲੋਟ ਰੋਡ ’ਤੇ ਹੀ ਬਣੇਗਾ ਨਵਾਂ ਬੱਸ ਅੱਡਾ
ਅਨਿਲ ਬੱਤਰਾ ਨੇ ਸ਼ਿਕਾਇਤਕਰਤਾ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਦਾ ਜੁਗਾੜ ਕੀਤਾ ਸੀ। ਪੀੜਤ ਗੁਰਵਿੰਦਰ ਸਿੰਘ ਸੂਰੀਨਾਮ ਪਹੁੰਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਬ੍ਰਾਜ਼ੀਲ ਜਾਂ ਕੋਲੰਬੀਆ ਵਿੱਚ ਪੈਦਲ ਹੀ ਰਸਤਾ ਤੈਅ ਕਰਦਾ ਸੀ, ਜਿੱਥੇ ਉਹ ਮੱਧ ਅਮਰੀਕਾ ਵਿੱਚ ਦਾਖਲ ਹੋਇਆ।
ਮੱਧ ਅਮਰੀਕਾ ਵਿੱਚ ਉਸ ਨੇ ਪਨਾਮਾ, ਕਸਟਾਰੀਕਾ, ਨਿਕਾਰਾਗੂਆ, ਹੋਂਡੂਰਾਸ, ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਦੀ ਯਾਤਰਾ ਕੀਤੀ। ਇੱਥੇ ਉਹ ਤਸਕਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਇਆ। ਅਨਿਲ ਬੱਤਰਾ ਦੇ ਬੈਂਕ ਖਾਤੇ ਨੂੰ 6,35,136,10 ਰੁਪਏ ਦੇ ਬਕਾਏ ਨਾਲ ਫਰੀਜ਼ ਕਰ ਦਿੱਤਾ ਗਿਆ ਹੈ। ਅਨਿਲ ਬੱਤਰਾ ਖਿਲਾਫ਼ 406,420,370, 120-ਬੀ ਭਾਰਤੀ ਦੰਡ ਸੰਹਿਤਾ ਅਤੇ 24 ਐਮੀਗਰੇਸ਼ਨ ਐਕਟ 1983 ਤਹਿਤ 8 ਫਰਵਰੀ ਨੂੰ ਥਾਣਾ ਐੱਨਆਰਆਈ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।