ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ
ਸੰਗਰੂਰ (ਗੁਰਪ੍ਰੀਤ ਸਿੰਘ) | ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸਿਆਸੀ ਲਾਹਾ ਲਏ ਜਾਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਿੰਗਲਾ ਨੇ ਕਰੜੇ ਸ਼ਬਦਾਂ ਵਿੱਚ ਸ਼੍ਰੀਮਤੀ ਬਾਦਲ ਦੀ ਬਿਆਨਬਾਜ਼ੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ਵਜ਼ੀਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਜੇ ਉਹ ਚਾਹੁੰਦੇ ਤਾਂ ਸ਼ਤਾਬਦੀ ਐਕਸਪ੍ਰੈਸ ਨੂੰ ਬਿਨਾ ਬੰਦ ਕੀਤਿਆਂ ਵੀ ਸਰਬੱਤ ਦਾ ਭਲਾ ਨਾਂਅ ਹੇਠ ਇੱਕ ਨਵੀਂ ਰੇਲਗੱਡੀ ਪੰਜਾਬ ਵਾਸੀਆਂ ਦੀ ਸੁਵਿਧਾ ਲਈ ਸਮਾਨਾਂਤਰ ਚਲਵਾਈ ਜਾ ਸਕਦੀ ਸੀ।
ਕੈਬਨਿਟ ਮੰਤਰੀ ਨੇ ਆਖਿਆ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਅਤੇ ਉਨਾਂ ਦੇ ਪਰਿਵਾਰ ਕੇਵਲ ਮੀਡੀਆ ਦੀਆਂ ਸੁਰਖੀਆਂ ਬਟੋਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜੋ ਕਿ ਸਹੀ ਨਹੀਂ ਹੈ ਕਿਉਂਕਿ ਸ਼੍ਰੀਮਤੀ ਬਾਦਲ ਕੇਂਦਰੀ ਵਜ਼ੀਰ ਹਨ ਅਤੇ ਜੇ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਨਾ ਹੋ ਕੇ ਐਕਸਪ੍ਰੈਸ ਦਾ ਨਾਮ ਅਸਲ ਵਿੱਚ ਤਬਦੀਲ ਕਰਵਾ ਸਕਦੇ ਸਨ।
ਸ਼੍ਰੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਜਦੋਂ ਦੇਸ਼ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਮੈਂਬਰ ਲੋਕ ਸਭਾ ਹੁੰਦਿਆਂ ਖੁਦ ਸੰਗਰੂਰ, ਮਾਨਸਾ, ਬਠਿੰਡਾ ਆਦਿ ਜ਼ਿਲ੍ਹਿਆਂ ਦੇ ਨਾਗਰਿਕਾਂ ਦੀ ਸੁਵਿਧਾ ਲਈ ਸ਼ਤਾਬਦੀ ਐਕਸਪ੍ਰੈਸ ਚਲਵਾਉਣ ਲਈ ਮਨਮੋਹਨ ਸਰਕਾਰ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਦੱਸਿਆ ਕਿ 4 ਨਵੰਬਰ 2011 ਨੂੰ ਦੋ ਦਿਨਾਂ ਲਈ ਅਤੇ 8 ਸਤੰਬਰ 2013 ਤੋਂ ਨਿਯਮਤ ਤੌਰ ‘ਤੇ ਉਦੋਂ ਦੀ ਕਾਂਗਰਸੀ ਕੇਂਦਰ ਸਰਕਾਰ ਨੇ ਸ਼ਤਾਬਦੀ ਐਕਸਪ੍ਰੈਸ ਚਲਾਈ ਸੀ।
ਕੈਬਨਿਟ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਵਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਸ਼ਤਾਬਦੀ ਨੂੰ ਬੰਦ ਕਰਕੇ ਚੰਗਾ ਕਦਮ ਨਹੀਂ ਉਠਾਇਆ ਜਦਕਿ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਐਮ.ਪੀਜ਼ ਵੱਲੋਂ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਨੂੰ ਵਾਰ ਵਾਰ ਇਸ ਸਬੰਧੀ ਪੱਤਰ ਲਿਖੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਭਾਜਪਾ ਸਰਕਾਰ ਦੀ ਮਾੜੀ ਮਾਨਸਿਕਤਾ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।