ਸਦਭਾਵਨਾ ਤੇ ਭਾਈਚਾਰਕ ਸਾਂਝ ਜ਼ਰੂਰੀ

Brotherhood

ਹਰਿਆਣਾ ਦੇ ਨੂੰਹ ’ਚ ਵਾਪਰੀਆਂ ਹਿੰਸਕ ਘਟਨਾਵਾਂ ਦੁਖਦਾਈ ਹਨ। ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ। ਭੜਕਾਹਟ ’ਚ ਦੋ ਪੱਖਾਂ ਨੇ ਇੱਕ-ਦੂਜੇ ’ਤੇ ਨਿਸ਼ਾਨਾ ਬਣਾਇਆ। ਪੁਲਿਸ ਨੇ ਹਾਲਾਤਾਂ ਨੂੰ ਕਾਬੂ ਹੇਠ ਲਿਆਂਦਾ ਹੈ ਪਰ ਇਹ ਸਾਰਾ ਕੁਝ ਵਾਪਰਨਾ ਇਸ ਗੱਲ ਵੱਲ ਸਾਫ ਇਸ਼ਾਰਾ ਕਰਦਾ ਹੈ ਕਿ ਅਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਲੋਕ ਧਾਰਮਿਕ ਕੱਟੜਤਾ ਅਤੇ ਤੰਗ ਖਿਆਲੀ ’ਚੋਂ ਬਾਹਰ ਨਿੱਕਲਣ ਲਈ ਤਿਆਰ ਨਹੀਂ। (Brotherhood)

ਦੂਸਰੇ ਸਮੂਹ ਦੇ ਧਰਮ, ਧਾਰਮਿਕ ਵਿਸ਼ਵਾਸ, ਸੰਸਕ੍ਰਿਤੀ ਪ੍ਰਤੀ ਸਤਿਕਾਰ ਅਤੇ ਭਾਈਚਾਰਾ ਪੈਦਾ ਨਹੀਂ ਹੋ ਸਕਿਆ। ਇੱਕ ਚੰਗਿਆੜੀ ਬਲ਼ਦੀ ਹੈ ਤਾਂ ਸਭ ਕੁਝ ਸੁਆਹ ਕਰ ਦਿੰਦੀ ਹੈ। ਹਜ਼ਾਰਾਂ ਸਾਲਾਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੇ ਜਿਸ ਭਾਈਚਾਰਕ ਤੇ ਧਾਰਮਿਕ ਸਾਂਝ ਨੂੰ ਪੈਦਾ ਕੀਤਾ ਹੈ ਉਸ ਨੂੰ ਪਲਾਂ ’ਚ ਖ਼ਤਮ ਕਰ ਦਿੱਤਾ ਜਾਂਦਾ ਹੈ।

ਧਾਰਮਿਕ ਸਮਾਰੋਹ ਹੁੰਦੇ ਸਨ ਸਾਂਝੀਵਾਲਤਾ ਦਾ ਆਧਾਰ

ਭਾਰਤ ‘ਵਸੂਧੈਵ ਕੁਟੰਬਕਮ’ ਭਾਵ ਸਾਰਾ ਵਿਸ਼ਵ ਹੀ ਆਪਣਾ ਪਰਿਵਾਰ ਹੈ, ਲੋਕ ਸਮਝ ਨਹੀਂ ਸਕੇ। ਅਸੀਂ ਸਰਬੱਤ ਦੇ ਭਲੇ ਦੀ ਸੋਚ ਦੇ ਵਾਰਸ ਹਾਂ ਪਰ ਸਾਨੂੰ ਆਪਣੇ ਧਰਮ, ਆਪਣੀ ਭਾਸ਼ਾ, ਆਪਣੇ ਪਹਿਰਾਵੇ ਵਾਲੇ ਹੀ ਆਪਣੇ ਨਜ਼ਰ ਆਉਂਦੇ ਹਨ। ਜਦੋਂਕਿ ਹਰ ਧਰਮ ਦੀ ਬੁਨਿਆਦ ਮਾਨਵਤਾ, ਇਨਸਾਨੀਅਤ, ਪਿਆਰ, ਮਿਲਵਰਤਣ, ਆਪਣਾਪਣ ਤੇ ਸਭ ਦੀ ਭਲਾਈ ਹੈ। ਧਾਰਮਿਕ ਸਮਾਰੋਹ ਕਦੇ ਸਾਂਝ ਦੀ ਮਜ਼ਬੂਤੀ ਦਾ ਆਧਾਰ ਹੁੰਦੇ ਸਨ। ਕਿਸੇ ਵੀ ਧਰਮ ਦਾ ਸਮਾਰੋਹ ਹੋਵੇ ਸਾਰੇ ਧਰਮਾਂ ਦੇ ਲੋਕ ਸ਼ਿਰਕਤ ਕਰਦੇ ਸਨ ਪਰ ਹੁਣ ਧਾਰਮਿਕ ਸਮਾਰੋਹਾਂ ਮੌਕੇ ਵਿਵਾਦ ਤੇ ਹਮਲੇ ਹੁੰਦੇ ਹਨ। ਇੱਕ ਵਰਗ ਭੜਕਦਾ ਹੈ ਤਾਂ ਹਿੰਸਾ ਦੀ ਲੜੀ ਸ਼ੁਰੂ ਹੋ ਜਾਂਦੀ ਹੈ।

ਫਿਰ ਦੂਜੇ ਧਰਮ ਦੇ ਦੋਸ਼ੀ-ਨਿਰਦੋਸ਼ ਸਭ ਰਗੜੇ ਜਾਂਦੇ ਹਨ। ਬਿਨਾਂ ਸ਼ੱਕ ਪੁਲਿਸ ਨੇ ਪ੍ਰਬੰਧਾਂ ਨੂੰ ਕਾਬੂ ਹੇਠ ਲਿਆਉਣਾ ਹੁੰਦਾ ਹੈ ਪਰ ਕੱਟੜਤਾ ਤੇ ਨਫ਼ਰਤ ਦੀ ਅੱਗ ਤਾਂ ਘਰ-ਘਰ, ਗਲੀ-ਗਲੀ ਕੋਨੇ-ਕੋਨੇ ਦਿਲਾਂ ’ਚ ਬਲ਼ਦੀ ਹੈ। ਜਦੋਂ ਇਹ ਅੱਗ ਨਹੀਂ ਹੰੁਦੀ ਸੀ ਤਾਂ ਪੁਲਿਸ ਪ੍ਰਬੰਧਾਂ ਤੋਂ ਬਿਨਾਂ ਵੀ ਧਾਰਮਿਕ ਸਮਾਰੋਹ ਖੁਸ਼ੀ ਤੇ ਉਤਸ਼ਾਹ ਨਾਲ ਸਿਰੇ ਚੜ੍ਹਦੇ ਸਨ ਤੇ ਪਿਆਰ ਦੀ ਗੰਗਾ ਵਹਿੰਦੀ ਸੀ।

ਸਿਰਫ਼ ਪੁਲਿਸ ਹੀ ਕਾਫ਼ੀ ਨਹੀਂ | Brotherhood

ਇਹ ਘਟਨਾਵਾਂ ਦੁਬਾਰਾ ਨਾ ਵਾਪਰਨ ਇਹਨਾਂ ਵਾਸਤੇ ਸਿਰਫ਼ ਪੁਲਿਸ ਦੀ ਸਖਤੀ ਜਾਂ ਜਿੰਮੇਵਾਰੀ ਕਾਫੀ ਨਹੀਂ ਸਗੋਂ ਇਸ ਵਾਸਤੇ ਧਾਰਮਿਕ ਤੇ, ਸਮਾਜਿਕ ਅਤੇ ਰਾਜਨੀਤਿਕ ਨੁਮਾਇੰਦਿਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਨੁਮਾਇੰਦਿਆਂ ਨੂੰ ਆਪਣੇ ਧਰਮ ਅਤੇ ਸਮਾਜ ਦੇ ਲੋਕਾਂ ਨੂੰ ਨਸੀਹਤ ਦੇਣੀ ਪਵੇਗੀ ਕਿ ਇਨਸਾਨੀਅਤ ਦੀ ਜੀਵਨ ਜਾਂਚ ਹੀ ਧਰਮ ਦੀ ਬੁਨਿਆਦ ਹੈ। ਨੁਮਾਇੰਦਿਆਂ ਨੂੰ ਹਿੰਮਤ ਕਰਨੀ ਪਵੇਗੀ ਕਿ ਉਹਨਾਂ ਦੇ ਲੋਕਾਂ ਨੇ ਕਿੱਥੇ ਤੇ ਕਿਵੇਂ ਗਲਤੀ ਕੀਤੀ ਹੈ। ਜਦੋਂ ਤੱਕ ਇਹ ਹਿੰਮਤ ਨਹੀਂ ਆਉਂਦੀ ਉਦੋਂ ਤੱਕ ਧਾਰਮਿਕ ਟਕਰਾਅ ਨੂੰ ਰੋਕਣਾ ਔਖਾ ਹੋਵੇਗਾ। ਧਾਰਮਿਕ ਅਹੁਦੇਦਾਰਾਂ ਨੂੰ ਧਰਮ ਤੇ ਸੱਚ ਦੀ ਗੱਲ ਕਰਨੀ ਪਵੇਗੀ। ਕੋਈ ਵੀ ਮਰੇ ਇਨਸਾਨ ਮਰਦਾ ਹੈ, ਲਾਸ਼ਾਂ ਦਾ ਧਰਮ ਵੇਖਣ ਦੀ ਬਜਾਇ ਇਸ ਨੂੰ ਸਮਾਜ ਤੇ ਦੇਸ਼ ਦੇ ਨੁਕਸਾਨ ਦੇ ਤੌਰ ’ਤੇ ਵੇਖਿਆ ਜਾਵੇ। ਹਿੰਸਾ ਰਹਿਤ ਸਮਾਜ ਹੀ ਮਜ਼ਬੂਤ ਦੇਸ਼ ਦੀ ਗਾਰੰਟੀ ਪਵੇਗੀ।

ਪੰਜਾਹ ਸਾਲ ਬਾਅਦ 11 ਅਗਸਤ ਨੂੰ ਚੰਦਰਮਾ ’ਤੇ ਜਾਵੇਗਾ ਰੂਸ ਦਾ ਵਾਹਨ