‘ਆਪ’ ’ਚ ਵੀ ਹਨ ਆਂਗਣਵਾੜੀ ਵਰਕਰਾਂ, ਮੈਨੂੰ ਅਕਾਲੀ ਕਰਕੇ ਨੌਕਰੀਓਂ ਕੱਢਿਆ’ Punjab News
- ਸੇਵਾਵਾਂ ਖਤਮ ਕਰਨ ’ਤੇ ਹਰਗੋਬਿੰਦ ਕੌਰ ਨੇ ਸਰਕਾਰ ’ਤੇ ਲਾਏ ਦੋਸ਼
(ਸੁਖਜੀਤ ਮਾਨ) ਬਠਿੰਡਾ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਕੇ ਆਪਣੀ ਹਾਰ ਕਬੂਲੀ ਹੈ। ਉਹਨਾਂ ਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਗਿਆ ਹੈ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸਰਗਰਮ ਹੈ, ਜਦੋਂਕਿ ਆਂਗਣਵਾੜੀ ਵਰਕਰਾਂ ਆਮ ਆਦਮੀ ਪਾਰਟੀ ਦੇ ਸਿਆਸੀ ਪ੍ਰੋਗਰਾਮਾਂ ਵਿੱਚ ਵੀ ਵਿਚਰ ਰਹੀਆਂ ਹਨ। ਉਹਨਾਂ ਪਟਿਆਲਾ ਜ਼ਿਲ੍ਹੇ ਦੀ ਇੱਕ ਆਂਗਣਵਾੜੀ ਵਰਕਰ ਦੀ ਆਪ ਦੇ ਸਿਆਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਫੋਟੋ ਵੀ ਦਿਖਾਈ। ਹਰਗੋਬਿੰਦ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਨ। Punjab News
ਇਹ ਵੀ ਪੜ੍ਹੋ: ਮੌਸਮ ਹੋਇਆ ਸੁਹਾਵਣਾ, ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ’ਚ ਪਿਆ ਮੀਂਹ, ਲੋਕ ਘਰਾਂ ’ਚੋਂ ਨਿਕਲੇ ਬਾਹਰ
ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਬਤੌਰ ਆਂਗਣਵਾੜੀ ਵਰਕਰ ਪਿਛਲੇ 34 ਸਾਲਾਂ ਤੋਂ ਬੇਦਾਗ ਸੇਵਾਵਾਂ ਦੇ ਰਹੇ ਹਨ। ਬੀਤੇ ਦਿਨੀਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਸਤਖਤਾਂ ਹੇਠ ਉਹਨਾਂ ਦੀਆਂ ਸੇਵਾਵਾਂ ਨੂੰ ਖਤਮ ਕਰਨ ਬਾਰੇ ਚਿੱਠੀ ਭੇਜ ਦਿੱਤੀ ਗਈ ਹੈ ।
ਮਹਿਕਮੇ ਵੱਲੋਂ ਕਿਹਾ ਗਿਆ ਹੈ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਹਨ, ਜਿਸ ਕਰਕੇ ਆਂਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਹੈ। ਪੱਤਰ ਵਿੱਚ ਚੋਣ ਜਾਬਤਾ 2024 ਦੌਰਾਨ ਰਾਜਨੀਤਕ ਗਤੀਵਿਧੀਆਂ ਵਿੱਚ ਭਾਗ ਲੈਣ ਕਰਕੇ ਅਨੁਸਾਸ਼ਨਹੀਣਤਾ ਦੇ ਵੀ ਦੋਸ਼ ਲਾਏ ਹਨ। ਹਰਗੋਬਿੰਦ ਕੌਰ ਨੇ ਕਿਹਾ ਕਿ ਅਸਲ ਵਿੱਚ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਬੇਹੱਦ ਬੁਖਲਾਹਟ ਵਿੱਚ ਆਈ ਹੋਈ ਹੈ ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ, ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ ।
ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ
ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024 ਵਿੱਚ ਜਾਰੀ ਕੀਤਾ ਹੈ, ਜਦੋਂਕਿ ਛੁੱਟੀਆਂ ਉਸਨੇ 2023 ਵਿੱਚ ਲਈਆਂ ਸਨ। ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ। ਉਹਨਾਂ ਦੱਸਿਆ ਕਿ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਜੋ ਸਬੰਧ ਹੈ ਉਸ ਤਹਿਤ ਉਹ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ, ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ। ਸਰਕਾਰ ਨੇ ਬੇਬੁਨਿਆਦ ਇਲਜ਼ਾਮ ਲਾ ਕੇ ਉਸਦੀਆਂ ਸੇਵਾਵਾਂ ਖਤਮ ਕੀਤੀਆਂ ਹਨ। ਉਹਨਾਂ ਦੀ ਹਮਾਇਤ ਵਿੱਚ ਆਈਆਂ ਵਰਕਰਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਸਰਕਾਰ ਖਿਲਾਫ਼ ਲੜਾਈ ਲੜਨਗੀਆਂ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨਿਆਣਾ, ਜਸਵੀਰ ਕੌਰ ਬਠਿੰਡਾ ਅਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਆਦਿ ਆਂਗਣਵਾੜੀ ਆਗੂ ਮੌਜੂਦ ਸਨ । Punjab News