ਘਟਨਾ ਤੋਂ ਬਾਅਦ ਵੀ ਸੰਬੋਧਨ ਰੱਖਿਆ ਜਾਰੀ
ਸੁਰਿੰਦਰਨਗਰ (ਏਜੰਸੀ)। ਕਾਂਗਰਸ ‘ਚ ਹਾਲ ਹੀ ‘ਚ ਸ਼ਾਮਲ ਹੋਏ ਪਾਟੀਦਾਰ ਰਾਖਵਾਂਕਰਨ ਅੰਦੋਲਨ ਸੰਮਤੀ (ਪਾਸ) ਦੇ ਸਾਬਾ ਨੇਤਾ ਹਾਰਦਿਕ ਪਟੇਲ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ‘ਚ ਇੱਕ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਸਫ਼ੈਦ ਕੁਰਤਾ-ਪਜ਼ਾਮਾ ਤੇ ਕਾਂਗਰਸ ਦੇ ਨਿਸ਼ਾਨ ਵਾਲੀ ਪੱਟੀ ਮੋਢੇ ‘ਤੇ ਰੱਖ ਹਾਰਦਿਕ ਸੁਰਿੰਦਰਨਗਰ ਜ਼ਿਲ੍ਹੇ ਦੇ ਵੜਵਾਣ ਤਾਲੁਕ ਦੇ ਬਲਦਾਣਾ ਪਿੰਡ ‘ਚ ਹੋਏ ਕਾਂਗਰਸ ਦੀ ਜਨ ਅਕ੍ਰੋਸ਼ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਰਦਿਕ ਨੇ ਆਪਣਾ ਸੰਬੋਧਨ ਸ਼ੁਰੂ ਹੀ ਕੀਤਾ ਸੀ ਕਿ ਦਾੜ੍ਹੀ ਵਾਲੇ ਇੱਕ ਵਿਅਕਤੀ ਨੇ ਅਚਾਨਕ ਮੰਚ ‘ਤੇ ਆ ਕੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।
ਉਹ ਪਾਟੀਦਾਰ ਅੰਦੋਲਨ ਦੌਰਾਨ ਮਾਰੇ ਗਏ 14 ਨੌਜਵਾਨਾਂ ਦੀ ਹੱਤਿਆ ਲਈ ਹਾਰਦਿਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਾਂਗਰਸ ਦੇ ਨਾਲ ਉਨ੍ਹਾਂ ਦੇ ਜੁੜਨ ਦੇ ਵਿਰੋਧ ‘ਚ ਰੌਲਾ ਪਾਉਣ ਲੱਗਿਆ। ਅਚਾਨਕ ਪਏ ਥੱਪੜ ਤੋਂ ਹੱਕਾ-ਬੱਕਾ ਰਹਿ ਗਏ। ਹਾਰਦਿਕ ਦੇ ਸਮੱਰਥਕਾਂ ਨੇ ਉਸ ਵਿਅਕਤੀ ਨੂੰ ਫੜ੍ਹ ਕੇ ਉਸ ਨੂੰ ਕੁੱਟ ਦਿੱਤਾ। ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਆਪਣੇ ਨਾਲ ਲੈ ਗਈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਦਮੀ ਮਹੇਸਾਣਾ ਜ਼ਿਲ੍ਹੇ ਦੇ ਕੜੀ ਤਾਲੁਕਾ ਦੇ ਜੈਸਲਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂਅ ਤਰੁਣ ਹੈ। ਪੁਲਿਸ ਮਾਮਲੇ ਦਾ ਜਾਂਚ ਕਰ ਰਹੀ ਹੈ। ਹਾਰਦਿਕ ਨੇ ਇਸ ਘਟਨਾ ਤੋਂ ਬਾਅਦ ਵੀ ਆਪਣਾ ਸੰਬੋਧਨ ਜਾਰੀ ਰੱਖਿਆ। ਬਾਅਦ ‘ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਉਨ੍ਹਾਂ ਨੂੰ ਡਰਾਉਣ ਲਈ ਭਾਜਪਾ ਦੀ ਸਾਜਿਸ਼ ਹੈ। ਹਮਲਾਵਰ ਬਾਹਰੀ ਹੈ ਸਥਾਨਕ ਨਹੀਂ।
ਇਸ ਸਬੰਧੀ ਹਾਰਿਦਕ ਪਟੇਲ ਨੇ ਕਿਹਾ ਕਿ ਹਮਲਾਵਰ ਦੀ ਇੱਕ ਵੀ ਗੱਲ ਨੂੰ ਉਹ ਨਹੀਂ ਸੁਣ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਗੱਲ ਵੀ ਕਰ ਸਕਦਾ ਸੀ ਇਸ ਤਰ੍ਹਾਂ ਅੱਤਵਾਦੀਆਂ ਵਾਂਗ ਮਾਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਦੀ ਰਸਮੀ ਸ਼ਿਕਾਇਤ ਪੁਲਿਸ ਨੂੰ ਕਰਨਗੇ ਤੇ ਆਪਣੀ ਸੁਰੱਖਿਆ ਦੀ ਮੰਗ ਵੀ ਕਰਨਗੇ। (Hardik Patel)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Hardik Patel, Election, Rally