ਸਖਤ ਫੈਸਲਿਆਂ ਦੀ ਲੋੜ

Initiative

ਸਖਤ ਫੈਸਲਿਆਂ ਦੀ ਲੋੜ

ਦੇਸ਼ ਅੰਦਰ ਨਸ਼ਿਆਂ ਦੀ ਤਸਕਰੀ ਤੇ ਨਸ਼ੇ ਦੇ ਸੇਵਨ ਦਾ ਲਗਾਤਾਰ ਵਧਣਾ ਚਿੰਤਾਜਨਕ ਹੈ ਰੋਜ਼ਾਨਾ ਹੀ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਆਖਣ ਨੂੰ ਭਾਵੇਂ ਇਹ ਆਖਿਆ ਜਾਂਦਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ ਪਰ ਸਿਰਫ਼ ਓਵਰਡੋਜ਼ ਹੀ ਖਤਰਨਾਕ ਨਹੀਂ ਸਗੋਂ ਨਸ਼ੇ ਦਾ ਸੇਵਨ ਹੀ ਖਤਰਨਾਕ ਹੈl

ਜੇਕਰ ਨਸ਼ਾ ਸ਼ਹਿਰ-ਸ਼ਹਿਰ, ਪਿੰਡ-ਪਿੰਡ ਗਲੀ-ਗਲੀ ਨਾ ਆਵੇਗਾ ਤਾਂ ਓਵਰਡੋਜ਼ ਕੋਈ ਲਵੇਗਾ ਹੀ ਨਹੀਂ ਰੋਜ਼ਾਨਾ ਮਰ ਰਹੇ ਨੌਜਵਾਨ ਦੀਆਂ ਵਿਰਲਾਪ ਕਰ ਰਹੀਆਂ ਮਾਵਾਂ ਨੂੰ ਵੇਖ ਕੇ ਝੱਲਿਆ ਨਹੀਂ ਜਾਂਦਾ ਅੱਜ ਤੋਂ 40-50 ਸਾਲ ਪਹਿਲਾਂ ਅਫ਼ੀਮ-ਪੋਸਤ ਵਰਗੇ ਨਸ਼ੇ ਦੇ ਆਦੀ ਜ਼ਿਆਦਾਤਰ ਵੱਡੀ ਉਮਰ ’ਚ ਜਾ ਕੇ ਲੋਕ ਬਣਦੇ ਸਨ ਪਰ ਹੁਣ ਰੁਜ਼ਗਾਰ ਦੀ ਘਾਟ ਤੇ ਸੱਭਿਆਚਾਰਕ ਗਿਰਾਵਟ ਕਾਰਨ 15-30 ਸਾਲ ਦੇ ਅੱਲ੍ਹੜ ਤੇ ਨੌਜਵਾਨ ਨਸ਼ਿਆਂ ਦੀ ਗਿ੍ਰਫ਼ਤ ’ਚ ਆ ਰਹੇ ਹਨl

ਬਿਨਾਂ ਸ਼ੱਕ ਦੇਸ਼ ਅੰਦਰ ਨਸ਼ੇ ਦਾ ਸੰਕਟ ਹੈ ਇਸ ਦਰਮਿਆਨ ਚੰਗੀ ਗੱਲ ਇਹ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ’ਚ ਕੇਂਦਰ ਤੇ ਰਾਜਾਂ ਦੀ ਸਾਂਝੀ ਮੀਟਿੰਗ ਹੋਈ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਪੰਜਾਬ ਸਰਕਾਰ ਨੂੰ ਨਸ਼ੇ ਦੀ ਰੋਕਥਾਮ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਸੂਬਿਆਂ ਦੀ ਸਾਂਝੀ ਕਾਰਵਾਈ ਦੀ ਮੰਗ ਕੀਤੀ ਹੈl

ਇਹ ਹੈ ਵੀ ਜ਼ਰੂਰੀ ਕਿਉਂਕਿ ਨਸ਼ਾ ਤਸਕਰ ਇੰਨੇ ਜ਼ਿਆਦਾ ਸਰਗਰਮ ਹੋ ਗਏ ਹਨ ਕਿ ਉਹ ਬੜੀ ਤੇਜ਼ੀ ਨਾਲ ਆਪਣਾ ਨੈੱਟਵਰਕ ਬਦਲਦੇ ਹਨ ਜੇਕਰ ਹੈਰੋਇਨ ਪੰਜਾਬ ’ਚ ਸਰਹੱਦ ਪਾਰੋਂ ਆਉਣੀ ਰੋਕੀ ਜਾਂਦੀ ਹੈ ਤਾਂ ਨਸ਼ਾ ਤਸਕਰ ਰਾਜਸਥਾਨ ਤੇ ਗੁਜਰਾਤ ਵੱਲ ਮੂੰਹ ਕਰ ਲੈਂਦੇ ਹਨ ਇਸ ਤਰ੍ਹਾਂ ਨਸ਼ਾ ਤਸਕਰ ਪੁਲਿਸ ਪ੍ਰਬੰਧ ਨੂੰ ਚਕਮਾ ਦੇਣ ’ਚ ਕਾਮਯਾਬ ਹੋ ਜਾਂਦੇ ਹਨl

ਪੰਜਾਬ ’ਚ ਨਸ਼ੇ ਦੀ ਬਰਾਮਦਗੀ ਤੇ ਖਪਤ ਜਿਆਦਾ ਹੈ ਇਸ ਲਈ ਕੇਂਦਰ ਤੇ ਉੱਤਰੀ ਸੂਬਿਆਂ ਨੂੰ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ ਕਦਮ ਚੁੱਕਣੇ ਪੈਣਗੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਨਸ਼ਾ ਤਸਕਰੀ ਰੋਕਣ ਲਈ ਭਿ੍ਰਸ਼ਟ ਸਿਆਸੀ ਆਗੂਆਂ ਤੇ ਭਿ੍ਰਸ਼ਟ ਅਫ਼ਸਰਾਂ ਨੂੰ ਚੱਲਦਾ ਕਰਨ ਲਈ ਤਿਆਰ ਰਹਿਣਾ ਪਵੇਗਾl

ਨਸ਼ਾ ਤਸਕਰ ਆਪਣੇ ਆਪ ’ਚ ਕੁਝ ਵੀ ਨਹੀਂ ਸਗੋਂ ਇਹ ਭਿ੍ਰਸ਼ਟ ਸਿਆਸੀ ਆਗੂ ਤੇ ਭਿ੍ਰਸ਼ਟ ਅਫ਼ਸਰਾਂ ਦੀ ਮੱਦਦ ਨਾਲ ਹੀ ਕਾਮਯਾਬ ਹੁੰਦੇ ਹਨ ਬੀਤੇ ਸਮੇਂ ’ਚ ਕਈ ਸਿਆਸੀ ਆਗੂ ਤੇ ਪੁਲਿਸ ਅਫ਼ਸਰ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਗਿ੍ਰਫ਼ਤਾਰ ਹੋ ਚੁੱਕੇ ਹਨ ਅਸਲ ’ਚ ਸਿਆਸਤ ’ਚ ਸੁਧਾਰ ਹੀ ਨਸ਼ਾ ਮੁਕਤੀ ਦੀ ਪਹਿਲੀ ਸ਼ਰਤ ਹੈl

ਜੇਕਰ ਸਿਆਸਤਦਾਨ ਇਮਾਨਦਾਰ ਹੋਣ ਤੇ ਨਸ਼ਾ ਤਸਕਰੀ ਰੋਕਣ ਲਈ ਵਚਨਬੱਧ ਹੋਣ ਤਾਂ ਉਹ ਹੀ ਉਹ ਗਲਤ ਅਫਸਰਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਸਕਣਗੇ ਦੇਸ਼ ਅੰਦਰ ਨਸ਼ਾ ਤਸਕਰੀ ਰੋਕਣ ਲਈ ਲੋੜੀਂਦੇ ਕਾਨੂੰਨ ਤੇ ਪੁਲਿਸ ਪ੍ਰਬੰਧ ਹਨ, ਜ਼ਰੂਰਤ ਹੈ ਕਾਨੂੰਨਾਂ ਨੂੰ ਇੰਨ-ਬਿੰਨ ਲਾਗੂ ਕਰਨ ਤੇ ਪ੍ਰਬੰਧ ਨੂੰ ਦਰੁਸਤ ਕਰਨ ਦੀ ਇਮਾਨਦਾਰੀ ਤੇ ਨਿਰਪੱਖ ਪੁਲਿਸ ਢਾਂਚਾ ਹਰ ਮਸਲੇ ਦਾ ਹੱਲ ਹੈ ਪੁਲਿਸ ’ਚ ਸਿਆਸੀ ਦਖਲ਼ਅੰਦਾਜ਼ੀ ਬੰਦ ਕਰਕੇ ਕਾਨੂੰਨ ਲਾਗੂ ਕਰਨ ਲਈ ਉਸ ਨੂੰ ਅਜ਼ਾਦਾਨਾ ਮਾਹੌਲ ਦਿੱਤਾ ਜਾਵੇ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ