ਦੁੱਖ-ਸੁੱਖ ਸਿਖਾਉਂਦੇ ਜ਼ਿੰਦਗੀ ਦਾ ਸਬਕ
ਸੁਖ ਅਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ ਜੋ ਹਰ ਇਨਸਾਨ ਦੇ ਜੀਵਨ ਵਿੱਚ ਆਉਦੇ-ਜਾਂਦੇ ਰਹਿੰਦੇ ਹਨ ਪਰ ਮਨੁੱਖੀ ਫਿਤਰਤ ਹੈ ਕਿ ਅਸੀਂ ਸੁਖ ਨੂੰ ਮਾਨਣ ਦੇ ਹੀ ਆਦੀ ਹਾਂ ਤੇ ਦੁੱਖ ਤੋਂ ਕਿਨਾਰਾ ਕਰਦੇ ਹਾਂ। ਜਿਵੇਂ ਸਾਨੂੰ ਆਪਣੀ ਸਰੀਰਕ ਤੰਦਰੁਸਤੀ ਲਈ ਹਰ ਪ੍ਰਕਾਰ ਦੇ ਭੋਜਨ ਦੀ ਜ਼ਰੂਰਤ ਹੈ ਠੀਕ ਉਸ ਤਰ੍ਹਾਂ ਹੀ ਮਨੁੱਖੀ ਸ਼ਖਸੀਅਤ ਦੇ ਸੰਪੂਰਨ ਵਿਕਾਸ ਲਈ ਜਿੰਦਗੀ ਵਿੱਚ ਸੁੱਖਾਂ ਤੇ ਦੁੱਖਾਂ ਦਾ ਆਉਣਾ ਵੀ ਕੁਦਰਤੀ ਹੈ। ਸਾਰੀ ਉਮਰ ਸੁਖ ਭੋਗਣ ਵਾਲਾ ਇਨਸਾਨ ਕਦੇ ਵੀ ਦੁੱਖ ਦੇ ਸਮੇਂ ਤੋਂ ਜਾਣੂੰ ਨਹੀਂ ਹੋ ਸਕਦਾ ਅਤੇ ਉਹ ਜ਼ਿੰਦਗੀ ਦੇ ਖੱਟੇ-ਮਿੱਠੇ ਅਨੁਭਵ ਦੇ ਨਾਲ-ਨਾਲ ਕੌੜੀਆਂ ਹਕੀਕਤਾਂ ਤੋਂ ਵੀ ਅਣਜਾਣ ਰਹਿ ਜਾਂਦਾ ਹੈ। ਅਜਿਹੇ ਇਨਸਾਨ ਦੂਜਿਆਂ ਦੇ ਦੁੱਖ ਨੂੰ ਸਮਝਣ ਤੋਂ ਵੀ ਅਸਮਰੱਥ ਹੁੰਦੇ ਹਨ।
ਕੁਦਰਤ ਦਾ ਇੱਕ ਬਹੁਤ ਹੀ ਵਧੀਆ ਨਿਯਮ ਹੈ ਕਿ ਜੋ ਸੂਰਜ ਸਵੇਰੇ ਚੜ੍ਹਦਾ ਹੈ ਉਹ ਆਥਣ ਨੂੰ ਛਿਪਦਾ ਵੀ ਹੈ। ਧੁੱਪ ਤੋਂ ਬਾਅਦ ਛਾਂ ਦਾ ਆਉਣਾ ਵੀ ਨਿਸ਼ਚਿਤ ਹੁੰਦਾ ਹੈ। ਕਿਸੇ ਪ੍ਰੀਖਿਆ ਵਿੱਚ ਵਾਰ-ਵਾਰ ਫੇਲ੍ਹ ਹੋਣ ਵਾਲਾ ਵਿਦਿਆਰਥੀ ਆਖਰ ਆਪਣੀ ਮਿਹਨਤ ਨਾਲ ਉਸ ਪ੍ਰੀਖਿਆ ਨੂੰ ਪਾਸ ਵੀ ਕਰ ਲੈਂਦਾ ਹੈ। ਗਰਮੀ ਤੋਂ ਬਾਅਦ ਸਰਦੀ ਦਾ ਮੌਸਮ ਵੀ ਆਉਂਦਾ ਹੈ। ਇਹ ਕੁਝ ਅਜਿਹੀਆਂ ਉਦਾਹਰਨਾਂ ਹਨ ਜੋ ਮਨੁੱਖ ਨੂੰ ਦੁੱਖ ਵਿੱਚ ਕਦੇ ਵੀ ਨਾ ਘਬਰਾਉਣ ਲਈ ਪ੍ਰੇਰਿਤ ਕਰਦੀਆਂ ਹਨ। ਬਦਲਾਅ ਇੱਕ ਕੁਦਰਤੀ ਨਿਯਮ ਹੈ। ਜੇਕਰ ਜ਼ਿੰਦਗੀ ਵਿੱਚ ਸੁਖ ਤੋਂ ਬਾਅਦ ਦੁੱਖ ਆਇਆ ਹੈ ਤਾਂ ਇਹ ਦੁੱਖ ਵੀ ਸਦਾ ਇਨਸਾਨ ਦੇ ਨਾਲ ਨਹੀਂ ਚੱਲਦਾ ਤੇ ਇਨਸਾਨ ਨੂੰ ਇਸ ਬਦਲਾਅ ਨੂੰ ਸਵੀਕਾਰ ਕਰਦਿਆਂ ਦੁੱਖ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਸਗੋਂ ਸ਼ਹਿਣਸ਼ੀਲਤਾ ਤੇ ਦਿ੍ਰੜ ਇਰਾਦੇ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਜ਼ਿੰਦਗੀ ਦੇ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ
ਬੁਰਾ ਵਕਤ ਇਨਸਾਨ ਨੂੰ ਉਸਦੇ ਸਮਾਜ ਪ੍ਰਤੀ ਫਰਜ਼ਾਂ ਤੋਂ ਜਾਣੂੰ ਕਰਵਾਉਂਦਾ ਹੈ। ਆਪਣੇ ਹੱਡੀਂ ਦੁੱਖ ਹੰਡਾਉਣ ਵਾਲੇ ਇਨਸਾਨ ਦੂਜਿਆਂ ਦੇ ਦੁੱਖ ਨੂੰ ਜਲਦੀ ਸਮਝਣ ਦੇ ਲਾਇਕ ਹੋ ਜਾਂਦੇ ਹਨ। ਸੁੱਖਾਂ ’ਚ ਜੰਮਿਆ-ਪਲਿਆ ਤੇ ਵੱਡਾ ਹੋਇਆ ਮਨੁੱਖ ਬਾਹਰੀ ਜ਼ਿੰਦਗੀ ਦੇ ਦੁਖਾਂਤ ਤੋਂ ਵਿਰਵਾ ਹੁੰਦਾ ਹੈ। ਇਸ ਲਈ ਕੁਦਰਤ ਕਿਸੇ ਨਾ ਕਿਸੇ ਸਮੇਂ ਅਜਿਹੇ ਇਨਸਾਨਾਂ ਨੂੰ ਵੀ ਜ਼ਿੰਦਗੀ ਦੇ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ ਜਿੱਥੇ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਣ ਦੇ ਨਾਲ-ਨਾਲ ਜੀਵਨ ਦੀ ਅਸਲੀ ਸੱਚਾਈ ਦਾ ਗਿਆਨ ਵੀ ਹੁੰਦਾ ਹੈ। ਬਹੁਤੇ ਇਨਸਾਨਾਂ ਨੂੰ ਪੈਸੇ ਦਾ ਹੀ ਐਨਾ ਗਰੂਰ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਸਾਰੀ ਦੁਨੀਆ ਹੀ ਆਪਣੀ ਮੁੱਠੀ ਵਿੱਚ ਕੈਦ ਜਾਪਣ ਲੱਗਦੀ ਹੈ।
ਹੰਕਾਰ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਦਾ ਹੈ। ਆਰਥਿਕ ਪੱਖੋਂ ਕਮਜ਼ੋਰ ਲੋਕ ਉਨ੍ਹਾਂ ਨੂੰ ਕੀੜੇ-ਮਕੌੜੇ ਲੱਗਣ ਲੱਗਦੇ ਹਨ ਭਾਵ ਉਹ ਸੁੱਖਾਂ ਨੂੰ ਆਪਣੀ ਜੱਦੀ ਜਾਇਦਾਦ ਵਾਂਗ ਸਮਝਣ ਲੱਗਦੇ ਹਨ ਤੇ ਦੁੱਖਾਂ ਦੀ ਤਕਲੀਫ਼ ਤੋਂ ਜਾਣੂੰ ਹੀ ਨਹੀਂ ਹੁੰਦੇ ਪਰ ਜਦੋਂ ਅਜਿਹੇ ਇਨਸਾਨਾਂ ਦੇ ਜੀਵਨ ਵਿੱਚ ਕੁਦਰਤ ਕੋਈ ਖੇਡ ਖੇਡਦੀ ਹੈ ਤਾਂ ਫਿਰ ਸੁਖ ਵਿੱਚ ਜ਼ਿੰਦਗੀ ਲੰਘਾਉਣ ਵਾਲੇ ਇਨਸਾਨਾਂ ਨੂੰ ਅਜਿਹਾ ਬਦਲਾਅ ਕਿਸੇ ਮੌਤ ਤੋਂ ਘੱਟ ਨਹੀਂ ਲੱਗਦਾ ਫਿਰ ਉਹ ਅਜਿਹੇ ਹਾਲਾਤਾਂ ਨਾਲ ਲੜਨ ਲਈ ਕਮਜ਼ੋਰ ਪੈ ਜਾਂਦੇ ਹਨ।
ਜ਼ਿੰਦਗੀ ਵਿੱਚ ਆਉਣਾ-ਜਾਣਾ ਆਮ ਵਰਤਾਰਾ ਬਣ ਜਾਂਦਾ ਹੈ
ਦੂਜੇ ਪਾਸੇ ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦਿਆਂ ਆਪਣਾ ਜੀਵਨ ਜਿਉਣ ਵਾਲੇ ਮਨੁੱਖਾਂ ਲਈ ਦੁੱਖ ਕੋਈ ਬਹੁਤੀ ਫਿਕਰਮੰਦੀ ਵਾਲੀ ਗੱਲ ਨਹੀਂ ਹੁੰਦੀ। ਅਜਿਹੇ ਐਨੇ ਕੁ ਪ੍ਰਪੱਕ ਹੋ ਜਾਂਦੇ ਹਨ ਕਿ ਦੁੱਖ ਤੋਂ ਬਾਅਦ ਸੁਖ ਤੇ ਸੁਖ ਤੋਂ ਬਾਅਦ ਦੁੱਖਾਂ ਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣਾ-ਜਾਣਾ ਆਮ ਵਰਤਾਰਾ ਬਣ ਜਾਂਦਾ ਹੈ ਤੇ ਉਹ ਅਜਿਹੇ ਸਮੇਂ ਨੂੰ ਕਦੇ ਵੀ ਬਹੁਤਾ ਮਹਿਸੂਸ ਨਹੀਂ ਕਰਦੇ।
ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨੀਆਂ ਤੋਂ ਦੂਰ ਰਹਿਣ ਵਿੱਚ ਕਾਮਯਾਬ ਹੁੰਦੇ ਹਨ।
ਦੁੱਖ ਨੂੰ ਸੁਖ ’ਚ ਬਦਲਣ ਲਈ ਸਕਾਰਾਤਮਕ ਦਿ੍ਰਸ਼ਟੀਕੋਣ ਦਾ ਵਿਕਾਸ ਹੋਣਾ ਬਹੁਤ ਜਰੂਰੀ ਹੈ। ਦੁੱਖਾਂ ਵਿੱਚੋਂ ਲੰਘ ਰਿਹਾ ਵਿਅਕਤੀ ਅਜਿਹੀ ਸਥਿਤੀ ਵਿੱਚ ਨਕਾਰਾਤਮਕ ਵਿਚਾਰ ਆਪਣੇ ਮਨ ਵਿੱਚ ਭਰਦਾ ਹੈ ਤਾਂ ਦੁੱਖ ਹੋਰ ਵੀ ਗਹਿਰੇ ਮਹਿਸੂਸ ਹੁੰਦੇ ਹਨ ਪਰ ਜੋ ਲੋਕ ਅਜਿਹੀ ਸਥਿਤੀ ਵਿੱਚ ਨਕਾਰਾਤਮਕ ਵਿਚਾਰਾਂ ਨੂੰ ਆਪਣੇ ’ਤੇ ਭਾਰੀ ਨਹੀਂ ਪੈਣ ਦਿੰਦੇ ਉਹ ਸਹਿਜੇ ਹੀ ਬੁਰੀ ਸਥਿਤੀ ਵਿੱਚੋਂ ਉੱਭਰ ਆਉਂਦੇ ਹਨ।
ਜਗਤਾਰ ਸਮਾਲਸਰ, ਐਲਨਾਬਾਦ (ਹਰਿਆਣਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ