ਚੀਸਾਂ ’ਚੋਂ ਉਪਜੀ ਖੁਸ਼ੀ

ਚੀਸਾਂ ’ਚੋਂ ਉਪਜੀ ਖੁਸ਼ੀ

ਅਸੀਂ ਖੁਸ਼ੀਆਂ ਦੀ ਤਲਾਸ਼ ਵਿਚ ਪਤਾ ਨਹੀਂ ਕਿੱਥੇ-ਕਿੱਥੇ ਭਟਕ ਰਹੇ ਹਾਂ ਪਰ ਖੁਸ਼ੀਆਂ ਹਨ ਕਿੱਥੇ? ਕਿੱਥੋਂ ਲੱਭੀਆਂ ਜਾ ਸਕੀਦਆਂ ਹਨ? ਲੋਕੀਂ ਖੁਸ਼ ਕਿਵੇਂ ਰਹਿੰਦੇ ਹਨ? ਬਹੁਤੇ ਲੋਕ ਇਹੀ ਸਭ ਸੋਚ-ਸੋਚ ਕੇ ਪਰੇਸ਼ਾਨ ਹੋਏ ਰਹਿੰਦੇ ਹਨ ਪਰ ਖੁਸ਼ੀਆਂ ਦਾ ਮੁੱਖ ਸਰੋਤ ਹੈ ਕੀ? ਕਿਸੇ ਸੂਝਵਾਨ ਨੇ ਕਿਹਾ ਹੈ ਕਿ ਕਰੜੀ ਮਿਹਨਤ ਕਰੋ ਅਤੇ ਸਰੀਰ ਨੂੰ ਕਸ਼ਟ ਦੇਵੋ। ਇਹ ਕਸ਼ਟ, ਚੀਸਾਂ ਅਤੇ ਥਕੇਵਾਂ ਹੀ ਖੁਸ਼ੀਆਂ ਦਾ ਮੁੱਖ ਸਰੋਤ ਹੈ।

ਇੱਕ ਰਾਜ ਮਿਸਤਰੀ, ਕਿਸੇ ਇਮਾਰਤ ਦਾ ਨਿਰਮਾਣ ਕਰਨ ਲਈ ਸਵੇਰ ਤੋਂ ਸ਼ਾਮ ਤੱਕ ਇੱਟਾਂ ਨੂੰ ਤੋੜ ਕੇ ਕੋਈ ਆਕਾਰ ਦਿੰਦਾ ਹੈ ਤਾਂ ਜੋ ਦੀਵਾਰ ਦੀ ਉਸਾਰੀ ਸਹੀ ਢੰਗ ਨਾਲ ਕੀਤੀ ਜਾ ਸਕੇ। ਉਹ ਭਾਰੀਆਂ ਇੱਟਾਂ ਨੂੰ ਖੱਬੇ ਹੱਥ ਨਾਲ ਫੜਦਾ ਹੈ ਅਤੇ ਸੱਜੇ ਹੱਥ ਨਾਲ ਤੇਸਾ ਚਲਾਉਂਦਾ ਹੈ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਜ਼ਾਹਿਰ ਹੈ ਕਿ ਉਸ ਨੂੰ ਬਹੁਤ ਮਿਹਨਤ, ਕਾਫ਼ੀ ਪਰੇਸ਼ਾਨੀ ਅਤੇ ਹੱਦੋਂ ਵੱਧ ਥਕੇਵਾਂ ਝੱਲਣਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਉਹ ਮੁਸਕੁਰਾਉਂਦਾ-ਗੁਣਗੁਣਾਉਂਦਾ ਅਤੇ ਹੱਸਦਾ ਰਹਿੰਦਾ ਹੈ। ਕਦੇ ਵੀ ਉਹਦੇ ਹਾਵ-ਭਾਵ ’ਚੋਂ ਸ਼ਿਕਵਾ-ਸ਼ਿਕਾਇਤ ਨਹੀਂ ਝਲਕਦੀ। ਉਹ ਇਹ ਵੀ ਨਹੀਂ ਕਹਿੰਦਾ ਕਿ ਮੈਂ ਥੱਕ ਗਿਆ ਹਾਂ।

ਮਜ਼ਦੂਰ ਸਾਰਾ ਦਿਨ ਕਹੀ ਚਲਾਉਂਦਾ ਹੈ। ਰੇਤਾ-ਬੱਜਰੀ ਅਤੇ ਮਿੱਟੀ ਦੇ ਭਰੇ ਬੱਠਲਾਂ ਨੂੰ ਚੁੱਕਦਿਆਂ ਉਹਦਾ ਅੰਗ-ਅੰਗ ਦੁਖਣ ਲੱਗ ਪੈਂਦਾ ਹੈ। ਉਹਦੇ ਉੁਪਰ ਜਲਦੀ ਕੰਮ ਨਿਬੇੜਨ ਦਾ ਦਬਾਅ ਵੀ ਹੁੰਦਾ ਹੈ ਸਾਰਾ ਦਿਨ ਮਾਲਿਕ, ਸੁਪਰਵਾਈਜ਼ਰ ਜਾਂ ਠੇਕੇਦਾਰ ਦੀ ਘੂਰ ਅਤੇ ਝਿੜਕਾਂ ਵੀ ਮਿਲਦੀਆਂ ਹਨ।ਇਸ ਦੇ ਬਾਵਜੂਦ ਉਹ ਮੁਸਕਰਾਉਂਦਾ ਰਹਿੰਦਾ ਹੈ। ਗੱਲਾਂ ਕਰੇਗਾ ਤਾਂ ਵੀ ਹੱਸੇਗਾ। ਕਦੇ-ਕਦੇ ਕੰਮ ਕਰਦਿਆਂ ਗੁਣਗੁਣਾਉਣ ਵੀ ਲੱਗ ਪੈਂਦਾ ਹੈ। ਕਿਸੇ ਨਾਲ ਕੋਈ ਸ਼ਿਕਾਇਤ ਵੀ ਨਹੀਂ।

ਕਰੜੀ ਘਾਲਣਾ ਦੇ ਥਕੇਵੇਂ ’ਚੋਂ ਉਪਜਿਆ ਦਰਦ ਮੁਸਕਰਾ ਉੱਠਦਾ ਹੈ। ਡੂੰਘੀਆਂ ਸਰੀਰਕ ਪੀੜਾਂ ਵਿੱਚ ਕਸਕ ਹੁੰਦੀ ਹੈ। ਇਨ੍ਹ੍ਹਾਂ ਪੀੜਾਂ ਦਾ ਅਨੁਭਵ ਅਣਥੱਕ ਮਿਹਨਤ ਨਾਲ ਹੀ ਪ੍ਰਾਪਤ ਹੁੰਦਾ ਹੈ। ਇਨ੍ਹਾਂ ਪੀੜਾਂ ’ਚੋਂ ਦੁੱਖਾਂ ਦਾ ਅਹਿਸਾਸ ਕਦੇ ਨਹੀਂ ਹੁੰਦਾ। ਮਿਸਤਰੀ ਅਤੇ ਮਜ਼ਦੂਰ ਸੋਚਦੇ ਹਨ ਕਿ ਜੋ ਕੰਮ ਉਹ ਕਰਦੇ ਹਨ, ਉਨ੍ਹਾਂ ਨੇ ਹੀ ਕਰਨਾ ਹੈ, ਭਾਵੇਂ ਰੋ ਕੇ ਕਰਨ ਭਾਵੇਂ ਹੱਸ ਕੇ। ਫਿਰ ਕਿਉਂ ਨਾ ਉਸ ਕੰਮ ਨੂੰ ਹੱਸ ਕੇ ਨੇਪਰੇ ਚਾੜਿ੍ਹਆ ਜਾਵੇ। ਉਨ੍ਹਾਂ ਦੀ ਪੀੜ ਮੁਸਕਰਾਉਂਦੀ ਹੈ ਤਾਂ ਮਨ ਨੂੰ ਸਕੂਨ ਮਿਲਦਾ ਹੈ। ਆਮ ਤੌਰ’ ਤੇ ਸੱਟ ਲੱਗਣ ਨਾਲ ਜੋ ਪੀੜ ਹੁੰਦੀ ਹੈ ਉਸ ਨਾਲ ਦਿਲ ਨੂੰ ਦੁੱਖ ਪਹੁੰਚਦਾ ਹੈ, ਪ੍ਰੰਤੂ ਕਰੜੀ ਮਿਹਨਤ-ਮੁਸ਼ੱਕਤ ਦੀ ਪੀੜ ਨਾਲ ਸੰਤੋਸ਼, ਸੰਤੁਸ਼ਟੀ ਅਤੇ ਤੱਸਲੀ ਮਿਲਦੀ ਹੈ।
ਖੇਤਾਂ ਵਿਚ ਕੰਮ ਕਰਦਾ ਕਿਸਾਨ, ਬਿਨਾ ਦਿਨ-ਰਾਤ ਵੇਖਿਆਂ ਸਖ਼ਤ ਮਿਹਨਤ ਕਰਦਾ ਹੈ।

ਥੱਕ ਕੇ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਪਰ ਫਿਰ ਵੀ ਮੁਸਕਰਾਉਂਦਾ, ਹੀਰ ਦੀਆਂ ਕਲੀਆਂ ਗਾਉਂਦਾ ਆਪਣੇ ਕੰਮ-ਧੰਦਿਆਂ ’ਚ ਜੁਟਿਆ ਰਹਿੰਦਾ ਹੈ। ਥਕੇਵਾਂ ਹੋਣ ਦੇ ਬਾਵਜੂਦ ਥੱਕਣ ਦਾ ਨਾਂਅ ਨਹੀਂ ਲੈਂਦਾ। ਕਦੇ ਨਹੀਂ ਕਹਿੰਦਾ ਕਿ ਮੈਂ ਥੱਕ ਗਿਆ ਹਾਂ। ਕਰੜੀ ਘਾਲਣਾ ਤੋਂ ਬਾਅਦ ਜਦ ਉਹ ਆਪਣੇ ਕੀਤੇ ਕੰਮ ’ਤੇ ਨਜ਼ਰ ਮਾਰਦਾ ਹੈ ਤਾਂ ਇੱਕ ਅੰਨਦਮਈ ਮੁਸਕਾਨ ਉਹਦੇ ਹੋਠਾਂ ’ਤੇ ਥਿਰਕ ਉੱਠਦੀ ਹੈ। ਜਦ ਉਹ ਖੇਤਾਂ ’ਚ ਲਹਿਰਾਉਂਦੀਆਂ ਫ਼ਸਲਾਂ ਨੂੰ ਵੇਖਦਾ ਹੈ ਤਾਂ ਉਹਦਾ ਰੋਮ-ਰੋਮ ਮੁਸਕਰਾ ਉੱਠਦਾ ਹੈ। ਉਹ ਸਾਰੀਆਂ ਪੀੜਾਂ ਤੇ ਦੁੱਖ-ਤਕਲੀਫਾਂ ਭੁੱਲ ਜਾਂਦਾ ਹੈ। ਮਿਹਨਤ ਦੀਆਂ ਪੀੜਾਂ ਵਿਚ ਹੀ ਅੰਨਦ ਭਰੀ ਖੁਸ਼ੀ ਲੁਕੀ ਹੋਈ ਹੁੰਦੀ ਹੈ। ਕਰੜੀ ਮਿਹਨਤ ਤੋਂ ਬਾਅਦ ਜੋ ਖੁਸ਼ੀਆਂ ਦਾ ਖ਼ਜਾਨਾ ਮਿਲਦਾ ਹੈ, ਕੁਦਰਤ ਦੇ ਪੂਰੇ ਵਰਤਾਰੇ ’ਚ ਇਸ ਦਾ ਕੋਈ ਬਦਲ ਨਹੀਂ। ਮਿਹਨਤ ਉਹ ਪੂੰਜੀ ਹੈ ਜੋ ਖਰਚ ਕਰਨ ਨਾਲ ਘਟਦੀ ਨਹੀਂ, ਸਗੋਂ ਵਧਦੀ ਹੈ।

ਇਸ ਦੇ ਦੀਪਕ ਵਿਚ ਹੌਂਸਲੇ ਦਾ ਤੇਲ ਪਾਉਂਦੇ ਰਹੋ ਤਾਂ ਜੋ ਬੱਤੀ ਜਗਦੀ ਰਹੇ। ਸਖ਼ਤ ਘਾਲਣਾ ਤਾਂ ਹੀ ਸਾਰਥਿਕ ਹੋ ਸਕਦੀ ਹੈ ਜਦ ਅਸੀਂ ਹੌਂਸਲੇ ਨੂੰ ਸਾਥੀ ਬਣਾ ਕੇ ਤੁਰਦੇ ਹਾਂ। ਬਿਨਾਂ ਸਾਥੀ ਦੇ ਮੰਜ਼ਿਲ ਤੈਅ ਨਹੀਂ ਹੁੰਦੀ… ਕਿਨਾਰਾ ਨਹੀਂ ਮਿਲਦਾ ਅਤੇ ਕਿਸ਼ਤੀ ਮੰਝਦਾਰ ’ਚ ਡੁੱਬ ਜਾਂਦੀ ਹੈ। ਕਿਨਾਰੇ ’ਤੇ ਪਹੁੰਚਣਾ ਏ ਤਾਂ ਹੌਂਸਲੇ ਨੂੰ ਪਤਵਾਰ ਬਣਾ ਲਓ, ਆਸ ਦੀ ਕਿਸ਼ਤੀ ’ਤੇ ਬੈਠੋ ਅਤੇ ਜ਼ਿੰਦਗੀ ਦੀਆਂ ਔਕੜਾਂ ਦਾ ਦਰਿਆ ਪਾਰ ਕਰ ਜਾਵੋ। ਮੰਜ਼ਿਲ ਉਹ ਹੈ ਜਿਸ ਦੀਆਂ ਰਾਹਾਂ ਕੰਡਿਆਂ ਤੇ ਅੱਗ ਨਾਲ ਭਰੀਆਂ ਹੋਣ। ਜ਼ਿੰਦਗੀ ਉਹ ਹੈ ਜੋ ਹੱਸ ਕੇ ਗੁਜ਼ਾਰੀ ਜਾਵੇ। ਆਦਮੀ ਕੀ ਨਹੀਂ ਕਰ ਸਕਦਾ!

ਉਹਦੇ ਲਈ ਕੁਝ ਵੀ ਅਸੰਭਵ ਨਹੀਂ। ਜਿਨ੍ਹਾਂ ਉੱਦਮੀ ਲੋਕਾਂ ਦੇ ਕਦਮ ਹਮੇਸ਼ਾ ਅੱਗੇ ਵਧਦੇ ਤੁਰੇ ਜਾਂਦੇ ਹਨ। ਅਤੇ ਜੋ ਪਿੱਛੇ ਮੁੱੜ ਕੇ ਕਦੇ ਵੀ ਨਹੀਂ ਵੇਖਦੇ ਉਹ ਉਦਾਹਰਨ ਬਣ ਜਾਂਦੇ ਹਨ। ਦੁਨੀਆਂ ਉਨ੍ਹਾਂ ਨੂੰ ਯਾਦ ਕਰਦੀ ਹੈ। ਉਹ ਆਪਣੇ ਰਾਹਾਂ ’ਚ ਆਏ ਅੰਗਿਆਰਿਆਂ ਉੱਤੇ ਵੀ ਹੱਸ ਕੇ ਮੁਸਕਰਾਉਂਦੇ ਤੁਰੇ ਜਾਂਦੇ ਹਨ। ਜ਼ਮਾਨਾ ਬੁਜ਼ਦਿਲੀ ਦਾ ਨਹੀਂ, ਜ਼ਿੰਦਾਦਿਲੀ ਦਾ ਹੈ। ਜੋ ਲੋਕ ਜ਼ਿੰਦਗੀ ’ਚ ਹਮੇਸ਼ਾ ਹੰਝੂ ਵਹਾਉਂਦੇ ਰਹਿੰਦੇ ਹਨ, ਮੌਤ ਆ ਕੇ ਉਨ੍ਹਾਂ ਨੂੰ ਕਫ਼ਨ ਨਾਲ ਢੱਕ ਦਿੰਦੀ ਹੈ। ਜੋ ਲੋਕ ਛਾਤੀ ਤਾਣ ਕੇ ਅੱਗੇ ਵਧਦੇ ਹਨ, ਉਨ੍ਹਾਂ ਨੂੰ ਵੇਖ ਕੇ ਮੌਤ ਵੀ ਰਸਤੇ ’ਚੋਂ ਹਟ ਜਾਂਦੀ ਹੈ। ਦੁਨੀਆਂ ’ਚ ਆਏ ਹੋ ਤਾਂ ਜੀਣਾ ਸਿੱਖੋ। ਹੱਸਦੇ-ਮੁਸਕਰਾਉਂਦੇ ਅਤੇ ਲੁੱਡੀਆਂ ਪਾਉਂਦੇ ਜੀਣਾ ਹੀ ਜ਼ਿੰਦਾਦਿਲੀ ਹੈ। ਜ਼ਿੰਦਾਦਿਲ ਬਣੋ ਅਤੇ ਇਨਸਾਨੀਅਤ ਦੇ ਕੰਮ ਕਰੋ। ਇਨਸਾਨ ਮਰ ਜਾਂਦਾ ਹੈ ਪਰ ਇਨਸਾਨੀਅਤ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਜਿਊਣਾ ਹੈ ਤਾਂ ਹੱਸਦੇ-ਹੱਸਦੇ ਜੀਵੋ। ਮਰਨਾ ਹੈ ਤਾਂ ਬਹਾਦਰੀ ਦੀ ਮੌਤ ਮਰੋ।
ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.