‘ਅੱਧਵਾਟੇ ਸਫ਼ਰ ਦੀ ਸਿਰਜਣਾ… ਮਨਮੀਤ ਅਲੀਸ਼ੇਰ’ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ

ਮਨਮੀਤ ਦੀਆਂ ਯਾਦਾਂ ਨੂੰ ਚਿਰਜੀਵ ਰੱਖਣ ‘ਚ ਇਹ ਕਿਤਾਬ ਸਫ਼ਲ ਹੋਵੇਗੀ : ਸੁਰਜੀਤ ਪਾਤਰ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਚਾਰ ਸਾਲ ਪਹਿਲਾਂ 28 ਅਕਤੂਬਰ 2016 ਨੂੰ ਆਸਟਰੇਲੀਆ ਵਿੱਚ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਹਰਮਨਪਿਆਰੇ ਨੌਜਵਾਨ ਸਵ: ਮਨਮੀਤ ਅਲੀਸ਼ੇਰ ਵੱਲੋਂ ਲਿਖੀਆਂ ਕਵਿਤਾਵਾਂ, ਗਜ਼ਲਾਂ ਤੇ ਮਿੰਨੀ ਕਹਾਣੀਆਂ ਦੀ ਕਿਤਾਬ ‘ਅੱਧਵਾਟੇ ਸਫ਼ਰ ਦੀ ਸਿਰਜਣਾ… ਮਨਮੀਤ ਅਲੀਸ਼ੇਰ’ ਅੱਜ ਲੋਕ ਅਰਪਣ ਕੀਤੀ ਗਈ। ਸੰਗਰੂਰ ਵਿਖੇ ਹੋਏ ਇੱਕ ਪ੍ਰਭਾਵਲਸ਼ਾਲੀ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਲੇਖਕ ਸੁਰਜੀਤ ਪਾਤਰ, ਨਾਮਵਰ ਪੰਜਾਬੀ ਗਾਇਕ ਹਰਫ਼ ਚੀਮਾ ਤੇ ਹੋਰਨਾਂ ਸਾਹਿਤਕ ਸਖਸ਼ੀਅਤਾਂ ਵੱਲੋਂ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਨਿਭਾਈ ਗਈ।

ਅੱਜ ਭਾਰਤ ਤੋਂ ਇਲਾਵਾ ਆਸਟਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਇਟਲੀ ਵਰਗੇ ਦੇਸ਼ਾਂ ਵਿੱਚ ਹੋਏ ਵੱਖੋ-ਵੱਖ ਸਮਾਗਮਾਂ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ। ਅੱਜ ਸੰਗਰੂਰ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਚੜ੍ਹਦੀ ਉਮਰੇ ਅੰਬਰੋਂ ਟੁੱਟੇ ਤਾਰੇ ਮਨਮੀਤ ਅਲੀਸ਼ੇਰ ਦੀਆਂ ਯਾਦਾਂ ਨੂੰ ਚਿਰਜੀਵ ਰੱਖਣ ਲਈ ਉਸਦੀਆਂ ਲਿਖਤਾਂ ਨੂੰ ਕਿਤਾਬ ਦੀ ਸ਼ਕਲ ਦਿੱਤੀ ਗਈ ਹੈ, ਉਹ ਮਨਮੀਤ ਦੇ ਚਾਹੁਣ ਵਾਲਿਆਂ ਤੇ ਪਰਿਵਾਰ ਵਿਚਾਲੇ ਉਸ ਦੀ ਕਮੀ ਨੂੰ ਲੈ ਕੇ ਪੈਦਾ ਹੋਏ ਖਲਾਅ ਨੂੰ ਪੂਰਨ ਦੀ ਇੱਕ ਸਫ਼ਲ ਕੋਸ਼ਿਸ਼ ਹੈ। ਪਾਤਰ ਨੇ ਕਿਹਾ ਕਿ ਮਨਮੀਤ ਦੇ ਦੁੱਖ, ਸੁੱਖ, ਖੁਸ਼ੀ, ਗਮੀ ਨੂੰ ਅੱਖਰਾਂ ਰਾਹੀਂ ਮਹਿਸੂਸਿਆ ਜਾਂਦਾ ਰਹੇਗਾ। ਪਾਤਰ ਨੇ ਮਨਮੀਤ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਬੇਸ਼ੱਕ ਉਸ ਨੂੰ ਜ਼ਿਆਦਾ ਤਾਂ ਨਹੀਂ ਮਿਲਿਆ, ਮੇਰੀ ਉਸ ਨਾਲ ਮੁਲਾਕਾਤ ਸਿਰਫ਼ ਕੁਝ ਕੁ ਪਲਾਂ ਦੀ ਸੀ ਪਰ ਉਸ ਵਿੱਚ ਇਹ ਹੁਨਰ ਸੀ ਕਿ ਉਸਦਾ ਚਿਹਰਾ ਅੱਜ ਵੀ ਉਨਾਂ ਦੇ ਚੇਤਿਆਂ ਵਿੱਚ ਹੈ।

ਉਨਾਂ ਕਿਹਾ ਕਿ ਮਨਮੀਤ ਦੀਆਂ ਲਿਖਤਾਂ ਪੜ੍ਹ ਕੇ ਉਸ ਦੇ ਅੰਦਰਲੇ ਦਾ ਗਿਆਨ ਸਹਿਜੇ ਹੋ ਜਾਂਦਾ। ਪਾਤਰ ਨੇ ਕਿਹਾ ਕਿ ਮਨਮੀਤ ਦਾ ਕਾਤਲ ਬੇਸ਼ੱਕ ਨਸਲਪ੍ਰਸਤੀ ਵਿੱਚ ਭਿੱਜਿਆ ਹੋਇਆ ਸੀ ਪਰ ਮਨਮੀਤ ਦੀਆਂ ਲਿਖਤਾਂ ਪੜ੍ਹ ਇਹ ਮਹਿਸੂਸ ਹੁੰਦਾ ਕਿ ਉਸ ਨੇ ਆਪਣੇ ਕਾਤਲ ਨੂੰ ਵੀ ਬਖਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਲੀਸ਼ੇਰ ਪਰਿਵਾਰ ਨੂੰ ਬੇਸ਼ੱਕ ਮਨਮੀਤ ਕਰਕੇ ਅਸਹਿ ਘਾਟਾ ਪਿਆ ਹੈ ਪਰ ਉਸ ਦੀਆਂ ਯਾਦਾਂ ਦੀ ਖੁਸ਼ਬੂ ਹਮੇਸ਼ਾ ਫਿਜ਼ਾ ਮਹਿਕਾਉਂਦੀ ਰਹੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਤਾਬ ਦੇ ਸੰਪਾਦਕਾਂ ਸਤਪਾਲ ਭੀਖੀ, ਡਾ: ਸੁਮੀਤ ਸ਼ੰਮੀ ਤੋਂ ਇਲਾਵਾ ਡਾ: ਨਰਵਿੰਦਰ ਕੌਸ਼ਲ, ਰਿਟਾ: ਡੀਨ ਕੁਰਕੂਸ਼ੇਤਰ ਯੂਨੀਵਰਸਿਟੀ, ਸਾਹਿਤਕਾਰ ਚਰਨਜੀਤ ਸਿੰਘ ਉਡਾਰੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵੀ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਅਲੀਸ਼ੇਰ ਪਰਿਵਾਰ ਦੇ ਨੇੜਲੇ ਮੈਂਬਰ ਤੇ ਪੀਆਰਟੀਸੀ ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਗੋਲਡੀ ਨੇ ਵੀ ਨਮ ਅੱਖਾਂ ਨਾਲ ਮਨਮੀਤ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਨਮੀਤ ਇੱਛਾਵਾਨ ਬਹੁਤ ਸੀ ਪਰ ਲਾਲਚੀ ਨਹੀਂ ਸੀ ਜਿਸ ਕਾਰਨ ਉਹ ਥੋੜ੍ਹੇ ਹੀ ਸਮੇਂ ਵਿੱਚ ਤਰੱਕੀ ਦੀਆਂ ਪੌੜੀਆਂ ਚੜਣ ਵਿੱਚ ਕਾਮਯਾਬ ਹੋ ਸਕਿਆ ਸੀ। ਮਨਮੀਤ ਦੀ ਯਾਦ ਵਿੱਚ ਆਸਟਰੇਲੀਆ ਦੇ ਸ਼ਹਿਰ ਵਿੱਚ ਇੱਕ ਪਾਰਕ ਦਾ ਨਾਂਅ ਮਨਮੀਤ ਦੇ ਨਾਂਅ ‘ਤੇ ਰੱÎਖਿਆ ਹੋਇਆ ਹੈ।

ਇਹ ਸਾਰਾ ਕੁਝ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਉਪਰੰਤ ਪੰਡਾਲ ਵਿਖੇ ਹਾਜ਼ਰੀਨ ਲੋਕਾਂ ਨੂੰ ਕਿਤਾਬ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਉਘੇ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿੱਚ ਮਨਮੀਤ ਅਲੀਸ਼ੇਰ ਦੇ ਪਿਤਾ ਸ੍ਰੀ ਰਾਮਸਰੂਪ ਅਲੀਸ਼ੇਰ, ਮਨਮੀਤ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਤਾਲਮੇਲ ਸੁਸਾਇਟੀ ਦੇ ਪ੍ਰਧਾਨ ਸਵਾਮੀ ਰਾਵਿੰਦਰ ਗੁਪਤਾ, ਪੰਕਜ ਸੇਠੀ, ਸਰਵ ਪ੍ਰਿਆ ਅੱਤਰੀ,  ਐਡਵੋਕੇਟ ਨਰੇਸ਼ ਜੁਨੇਜਾ, ਓਪੀਅਰੋੜਾ, ਅਸ਼ੋਕ ਸਕਸ਼ੈਨਾ, ਸੁਧੀਰ ਵਾਲੀਆ, ਇੰਜ: ਪਰਵੀਨ ਬਾਂਸਲ, ਰਵਿੰਦਰ ਗੁੱਡੂ, ਨੱਥੂ ਲਾਲ ਢੀਂਗਰਾ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਓਮ ਪ੍ਰਕਾਸ਼ ਖੀਪਲ, ਡਾ: ਮਨਮੋਹਨ ਸਿੰਘ, ਕਵਲਜੀਤ ਸਿੰਘ, ਤਿਲਕ ਰਾਜ ਸਤੀਜਾ, ਹਰੀਸ਼ ਅਰੋੜਾ, ਮੱਘਰ ਸਿੰਸੋਹੀ, ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ, ਲਾਲ ਚੰਦ ਸੈਣੀ, ਕੇਵਲ ਸਿੰਘ, ਹਰਜੀਤ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਸੁਖਦੇਵ ਗਾਂਧੀ ਆਦਿ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.