ਜਲ ਸਰੋਤ ਵਿਭਾਗ ਨਹੀਂ ਕਰ ਰਿਹਾ ਸਮੇਂ ’ਤੇ ਕਾਰਵਾਈ | Punjab Monsoon
Punjab Monsoon: (ਅਸ਼ਵਨੀ ਚਾਵਲਾ) ਚੰਡੀਗੜ੍ਹ। ਮਾਨਸੂਨ ਆਉਣ ਤੋਂ ਪਹਿਲਾਂ ਪੰਜਾਬ ’ਚ ਪੈਂਦੇ ਹਰ ਛੋਟੇ-ਵੱਡੇ ਦਰਿਆ ਦੀ ਡੀਸਿਲਟਿੰਗ ਹੀ ਜਲ ਸਰੋਤ ਵਿਭਾਗ ਨਹੀਂ ਕਰਵਾ ਰਿਹਾ, ਜਿਸ ਕਾਰਨ ਆਉਣ ਵਾਲੇ ਮਾਨਸੂਨ ਦੇ ਦੌਰਾਨ ਅੱਧੇ ਪੰਜਾਬ ’ਚ ਹੜ੍ਹ ਆਉਣ ਤੱਕ ਦਾ ਖਤਰਾ ਪੈਦਾ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਨਸੂਨ ਤੋਂ ਪਹਿਲਾਂ ਡੀਸਿਲਟਿੰਗ ਨੂੰ ਲੈ ਕੇ ਸਰਗਰਮ ਨਜ਼ਰ ਆਉਣ ਵਾਲੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ’ਚ ਕੋਈ ਕਾਰਵਾਈ ਕਰਨ ਦੀ ਥਾਂ ਇਸ ਮਾਮਲੇ ’ਚ ਕੋਈ ਸਰਗਰਮੀ ਕਰਦੇ ਹੀ ਨਜ਼ਰ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ: Vaibhav Suryavanshi: ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ ’ਚ ਚੋਣ, ਹੁਣ ਇੰਗਲੈਂਡ ’ਚ ਆਪਣਾ ਹੁਨਰ ਦਿਖਾਏਗਾ
ਇਸ ਕਾਰਨ ਹੀ ਹੁਣ ਪੰਜਾਬ ਦੇ ਦਰਿਆਵਾਂ ਦੇ ਕੰਢੇ ’ਤੇ ਰਹਿਣ ਵਾਲੇ ਆਮ ਲੋਕਾਂ ’ਚ ਡਰ ਦਾ ਮਾਹੌਲ ਵੀ ਪੈਦਾ ਹੋਣ ਲੱਗ ਪਿਆ ਹੈ ਕਿ ਜੇਕਰ ਹੁਣ ਵੀ ਸਮਾਂ ਰਹਿੰਦੇ ਡੀਸਿਲਟਿੰਗ ਦਾ ਕੰਮ ਨਹੀਂ ਹੋਇਆ ਤਾਂ ਪਿੰਡਾਂ ਦੇ ਇਲਾਕੇ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ਵਿੱਚ ਵੀ ਬਰਸਾਤੀ ਪਾਣੀ ਆਉਣ ਤੱਕ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਇਸ ਮਾਮਲੇ ’ਚ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸੁਆਲੀਆ ਨਿਸ਼ਾਨ ਹੇਠ ਆ ਰਹੀ ਹੈ, ਕਿਉਂਕਿ ਡੀਸਿਲਟਿੰਗ ਦੇ ਮਾਮਲੇ ਦਾ ਹੱਲ਼ ਨਹੀਂ ਕੱਢ ਪਾ ਰਹੇ ਹਨ।
ਪੰਜਾਬ ਦੇ ਹਰ ਛੋਟੇ-ਵੱਡੇ ਦਰਿਆਵਾਂ ’ਚ ਭਰੀ ਹੋਈ ਹੈ ਰੇਤ, ਪਾਣੀ ਨੂੰ ਨਹੀਂ ਮਿਲੇਗੀ ਨਿਕਲਣ ਲਈ ਜਗ੍ਹਾ
ਜਾਣਕਾਰੀ ਅਨੁਸਾਰ ਪੰਜਾਬ ਦਾ ਇਲਾਕਾ ਪਹਾੜੀ ਇਲਾਕੇ ਦੇ ਸਭ ਤੋਂ ਨੇੜੇ ਹੋਣ ਕਰਕੇ ਪੰਜਾਬ ਦੇ ਦਰਿਆਵਾਂ ’ਚ ਬਰਸਾਤੀ ਪਾਣੀ ਪਹਾੜੀ ਇਲਾਕੇ ਵਿੱਚੋਂ ਵੀ ਵੱਡੇ ਪੱਧਰ ’ਤੇ ਆਉਂਦਾ ਹੈ। ਮਾਨਸੂਨ ਦੌਰਾਨ ਆਏ ਪਾਣੀ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੀ ਮਿੱਟੀ ਤੇ ਰੇਤ ਵੀ ਪੰਜਾਬ ਦੇ ਦਰਿਆਵਾਂ ਵਿੱਚ ਆਉਣ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਆਪਣੇ ਸਾਰੇ ਛੋਟੇ-ਵੱਡੇ ਦਰਿਆਵਾਂ ਦੀ ਡੀਸਿਲਟਿੰਗ ਕਰਵਾਈ ਜਾਂਦੀ ਹੈ ਤਾਂ ਕਿ ਮਾਨਸੂਨ ਦੇ ਸ਼ੀਜਨ ਦੌਰਾਨ ਆਉਣ ਵਾਲੇ ਬਰਸਾਤੀ ਪਾਣੀ ਨੂੰ ਰਸਤਾ ਮਿਲ ਸਕੇ ਤੇ ਪੰਜਾਬ ’ਚ ਹੜ੍ਹ ਦਾ ਖ਼ਤਰਾ ਟਲ ਸਕੇ ਪਰ ਇਸ ਸਾਲ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਹੁਣ ਤੱਕ ਡੀਸਿਲਟਿੰਗ ਦਾ ਕੰਮ ਹੀ ਸ਼ੁਰੂ ਨਹੀਂ ਕੀਤਾ ਜਾ ਸਕਿਆ ਤੇ ਆਉਣ ਵਾਲੇ ਦਿਨਾਂ ’ਚ ਇਹ ਕੰਮ ਸ਼ੁਰੂ ਹੋਣ ਦੇ ਆਸਾਰ ਪੈਦਾ ਨਹੀਂ ਹੋ ਰਹੇ। Punjab Monsoon
ਇਸ ਕਾਰਨ ਹੀ ਪੰਜਾਬ ਦੇ ਇਨ੍ਹਾਂ ਦਰਿਆਵਾਂ ਤੇ ਕੰਢੇ ਵਸੇ ਹੋਏ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ’ਚ ਇਸ ਵਾਰ ਬਰਸਾਤੀ ਪਾਣੀ ਪਹਿਲਾਂ ਨਾਲੋਂ ਜਿਆਦਾ ਆਉਣ ਦੇ ਆਸਾਰ ਪੈਦਾ ਹੋ ਗਏ ਹਨ। ਇਸ ਮਾਮਲੇ ’ਚ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਕੋਈ ਤੇਜ਼ੀ ਦਿਖਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਜਿਸ ਕਾਰਨ ਹੀ ਡਰ ਦਾ ਮਾਹੌਲ ਜਿਆਦਾ ਨਜ਼ਰ ਆ ਰਿਹਾ ਹੈ।
ਹਾਈਕੋਰਟ ’ਚ ਫਸਿਆ ਹੋਇਐ ਮਾਮਲਾ, ਨਹੀਂ ਕਰ ਸਕਦੇ ਕੁਝ : ਬਰਿੰਦਰ ਗੋਇਲ
ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਡੀਸਿਲਟਿੰਗ ਦੇ ਮਾਮਲੇ ’ਚ ਉਹ ਖ਼ੁਦ ਚਿੰਤਤ ਹਨ ਕਿ ਆਉਣ ਵਾਲੇ ਕੁਝ ਦਿਨਾਂ ਬਾਅਦ ਮਾਨਸੂਨ ਐਕਟਿਵ ਹੋ ਜਾਵੇਗਾ ਤਾਂ ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ ਪਰ ਉਨ੍ਹਾਂ ਦੇ ਹੱਥਾਂ ’ਚ ਕੁਝ ਵੀ ਨਹੀਂ ਹੈ, ਕਿਉਂਕਿ ਇਸ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਟੇਅ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਪ੍ਰਾਈਵੇਟ ਵਿਅਕਤੀ ਵੱਲੋਂ ਪਟੀਸ਼ਨ ਲਗਾਉਂਦੇ ਹੋਏ ਡੀਸਿਲਟਿੰਗ ਨੂੰ ਹੀ ਮਾਈਨਿੰਗ ਕਰਾਰ ਦਿੰਦੇ ਹੋਏ ਹਾਈ ਕੋਰਟ ਤੋਂ ਸਟੇਅ ਲੈ ਲਿਆ ਹੈ, ਜਿਸ ਕਾਰਨ ਹੀ ਇਹ ਕੰਮ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਦੀ ਕੋਸ਼ਿਸ਼ ਹੈ ਕਿ ਜਲਦ ਹੀ ਸਟੇਅ ਆਰਡਰ ਨੂੰ ਖ਼ਤਮ ਕਰਵਾਇਆ ਜਾ ਸਕੇ। Punjab Monsoon