ਗੁਰਦਾਸਪੁਰ ਹਲਕਾ: ਭਾਜਪਾ ਅੰਦਰਲੀ ਫੁੱਟ ਤੇ ਅਕਾਲੀ ਵਰਕਰਾਂ ਦੀ ਖਾਮੋਸ਼ੀ ਨੇ ਸੰਨੀ ਦਾ ਪੈਂਡਾ ਬਿਖੜਾ ਕੀਤਾ 

Gurdaspur, BJP, Akali, SunnyPanda

ਚੰਦ ਕੁ ਲੀਡਰਾਂ ਵਿੱਚ ਸੰਨੀ ਦਾ ਘਿਰਨਾ ਭਾਜਪਾ ਵਰਕਰਾਂ ਨੂੰ ਨਹੀਂ ਆ ਰਿਹਾ ਰਾਸ

ਗੁਰਦਾਸਪੁਰ,ਰਾਜਨ ਮਾਨ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ ਹਲਕੇ ਅੰਦਰ ਭਾਜਪਾ ਦੀ ਫੁੱਟ ਤੇ ਅਕਾਲੀ ਵਰਕਰਾਂ ਵਿੱਚ ਮਾਯੂਸੀ ਸੰਨੀ ਦਿਓਲ ਦਾ ਪੈਂਡਾ ਬਿਖੜਾ ਕਰ ਸਕਦੀ ਹੈ ਸੰਨੀ ਦਿਓਲ ਰੋਡ ਸ਼ੋਆਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ ਅਤੇ ਜਾਖੜ ਪਿੰਡ-ਪਿੰਡ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਨੂੰ ਨਾਲ ਜੋੜ ਰਹੇ ਹਨ।

ਇਸ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਸੰਨੀ ਦਿਓਲ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਨਜ਼ਰ ਆ ਰਹੇ ਹਨ ਪੇਂਡੂ ਖੇਤਰਾਂ ਵਿੱਚ ਭਾਜਪਾ ਉਮੀਦਵਾਰ ਅਕਾਲੀ ਦਲ ਦੇ ਕੁੱਛੜ ਚੜ੍ਹਕੇ ਹੀ ਸਿਆਸੀ ਦਰਿਆ ਪਾਰ ਕਰ ਸਕਦਾ ਹੈ ਪਰ ਹਾਲ ਦੀ ਘੜੀ ਅਕਾਲੀ ਦਲ ਦਾ ਵਰਕਰ ਖਾਮੋਸ਼ ਬੈਠਾ ਹੈ ਅਕਾਲੀ ਦਲ ਤੇ ਭਾਜਪਾ ਅੰਦਰ ਤਾਲਮੇਲ ਦੀ ਭਾਰੀ ਘਾਟ ਨਜ਼ਰ ਆ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਨੀ ਦੇ ਰੋਡ ਸ਼ੋਅ ਵੇਖਣ ਲਈ ਭਾਰੀ ਭੀੜ ਆ ਰਹੀ ਹੈ ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਹਾਲਾਤ ਵੀ ਬਦਲਦੇ ਨਜ਼ਰ ਆ ਰਹੇ ਹਨ ਭਾਜਪਾ ਵਰਕਰਾਂ ਵਿੱਚ ਪਹਿਲਾਂ ਨਾਲੋਂ ਉਤਸ਼ਾਹ ਘਟ ਰਿਹਾ ਹੈ ਉਹਨਾਂ ਦਾ ਮੰਨਣਾ ਹੈ ਕਿ ਦਿਓਲ ਪਰਿਵਾਰ ਨੂੰ ਕੁਝ ਕੁ ਲੋਕਾਂ ਨੇ ਹੀ ਘੇਰਾ ਪਾਇਆ ਹੈ ਅਤੇ ਆਮ ਵਰਕਰ ਤੋਂ ਦੂਰ ਰੱਖਿਆ ਜਾ ਰਿਹਾ ਹੈ ਵਰਕਰਾਂ ਵੱਲੋਂ ਸੰਨੀ ਦੀ ਚੋਣ ਮੁਹਿੰਮ ਤੋਂ ਬਣਾਈ ਜਾ ਰਹੀ ਦੂਰੀ ਘਾਤਕ ਸਾਬਤ ਹੋ ਸਕਦੀ ਹੈ ਜਿਵੇਂ-ਜਿਵੇਂ ਸੰਨੀ ਦਾ ਚੋਣ ਪ੍ਰਚਾਰ ਜ਼ੋਰ ਫੜ੍ਹਦਾ ਗਿਆ ਤਿਵੇਂ-ਤਿਵੇਂ ਕੰਮ ਕਰਨ ਵਾਲੇ ਪਾਰਟੀ ਦੇ ਮਿਹਨਤੀ ਵਰਕਰ ਅਣਦੇਖੀ ਕਰ ਕੇ ਘਰ ਬੈਠਣ ਵਿੱਚ ਹੀ ਬਿਹਤਰੀ ਸਮਝ ਰਹੇ ਹਨ।

ਸੰਨੀ ਦੇ ਪ੍ਰੋਗਰਾਮਾਂ ਬਾਰੇ ਭਾਜਪਾ ਦੇ ਹੀ ਹੇਠਲੇ ਪੱਧਰ ਦੇ ਨੇਤਾਵਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਭਾਜਪਾ ਅੰਦਰ ਆਪਸੀ ਤਾਲਮੇਲ ਦੀ ਘਾਟ ਇਹਨਾਂ ਲਈ ਘਾਤਕ ਹੋ ਸਕਦੀ ਹੈ ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸੀਨੀਅਰ ਭਾਜਪਾ ਨੇਤਾ ਸਵਰਨ ਸਲਾਰੀਆ ਵੀ ਕੋਈ ਰੁਚੀ ਨਹੀਂ ਲੈ ਰਹੇ ਇਹ ਦੋਵੇਂ ਗੁਰਦਾਸਪੁਰ ਤੋਂ ਟਿਕਟ ਦੇ ਚਾਹਵਾਨ ਸਨ ਅਤੇ ਟਿਕਟ ਦੇ ਐਲਾਨ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਬਾਗ਼ੀ ਤੇਵਰ ਵਿਖਾਏ ਸਨ ਪਰ ਦੋ ਕੁ ਦਿਨ ਬਾਅਦ ਹੀ ਪਲਟੀ ਮਾਰਦਿਆਂ ਇਨ੍ਹਾਂ ਦੋਵਾਂ ਨੇ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਦੀ ਗੱਲ ਕਹਿ ਕੇ ਖ਼ੁਦ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸਿਆ ਸੀ ਪਰ ਜਿਵੇਂ-ਜਿਵੇਂ ਸੰਨੀ ਦਿਓਲ ਦਾ ਚੋਣ ਪ੍ਰਚਾਰ ਅੱਗੇ ਵਧਿਆ ਇਨ੍ਹਾਂ ਦੋਵਾਂ ਨੇਤਾਵਾਂ ਨੇ ਕੋਈ ਖ਼ਾਸ ਸਰਗਰਮੀ ਨਹੀਂ ਦਿਖਾਈ।

ਉੱਧਰ ਭਾਜਪਾ ਅੰਦਰ ਚੱਲ ਰਹੀ ਗੁੱਟਬਾਜ਼ੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਗੁੱਟਬੰਦੀ ਕਾਰਨ ਹੀ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੀ ਡਿਊਟੀ ਚੋਣ ਪ੍ਰਚਾਰ ਲਈ ਪਠਾਨਕੋਟ ਦੀ ਜਗ੍ਹਾ ਗੁਰਦਾਸਪੁਰ ਵਿਖੇ ਲਾ ਦਿੱਤੀ ਗਈ ਹੈ ਜਦਕਿ ਮਾਸਟਰ ਮੋਹਨ ਲਾਲ ਪਠਾਨਕੋਟ ਹਲਕੇ ਤੋਂ ਵਿਧਾਇਕ ਤੇ ਮੰਤਰੀ ਵੀ ਰਹਿ ਚੁੱਕੇ ਹਨ ਇਸੇ ਤਰ੍ਹਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਦੀ ਡਿਊਟੀ ਵੀ ਬਟਾਲਾ ਵਿਖੇ ਲਾਈ ਗਈ ਹੈ ਜਦਕਿ ਪਠਾਨਕੋਟ ਵਿੱਚ ਬਾਹਰਲੇ ਸ਼ਹਿਰਾਂ ਦੇ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਂਦਾ ਗਿਆ ਹੈ ਇਹੀ ਨਹੀਂ ਬਾਹਰਲੇ ਆਗੂਆਂ ਦਾ ਬੋਲਬਾਲਾ ਹੋਣ ਕਾਰਨ ਹੇਠਲੇ ਪੱਧਰ ਦੇ ਆਗੂਆਂ ਨਾਲ ਤਾਲਮੇਲ ਵਿਗੜ ਗਿਆ ਹੈ ਅਤੇ ਹੇਠਲੇ ਪੱਧਰ ਦੇ ਆਗੂ ਚੋਣ ਪ੍ਰਚਾਰ ਤੋਂ ਕਿਨਾਰਾ ਕਰ ਚੁੱਕੇ ਹਨ ਤੇ ਉਹ ਮੂਕ ਦਰਸ਼ਕ ਬਣ ਗਏ ਹਨ ਜਾਣਕਾਰੀ ਅਨੁਸਾਰ ਮਾਸਟਰ ਮੋਹਨ ਲਾਲ, ਜੋ 35 ਸਾਲ ਭਾਜਪਾ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਉਹ ਇਸ ਦੌਰਾਨ 2-3 ਵਾਰ ਮੰਤਰੀ ਵੀ ਬਣੇ ਤੇ ਹੁਣ ਵੀ ਉਹ ਟਿਕਟ ਪ੍ਰਾਪਤੀ ਕਰਨ ਦੀ ਦੌੜ ਵਿੱਚ ਮੁੱਖ ਦਾਅਵੇਦਾਰ ਸਨ, ਦੀ ਪਿਛਲੇ ਸਮੇਂ ਵਿੱਚ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਅਣ-ਬਣ ਚੱਲ ਰਹੀ ਸੀ ਹੁਣ ਪਠਾਨਕੋਟ ਵਿਚ ਚੋਣ ਪ੍ਰਚਾਰ ਦੀ ਮੁੱਖ ਕਮਾਨ ਅਸ਼ਵਨੀ ਸ਼ਰਮਾ ਦੇ ਹੱਥ ‘ਚ ਹੋਣ ਕਰਕੇ ਮਾਸਟਰ ਮੋਹਨ ਲਾਲ ਨੂੰ ਨੁੱਕਰੇ ਲਾਉਣ ਲਈ ਉਨ੍ਹਾਂ ਦੀ ਡਿਊਟੀ ਗੁਰਦਾਸਪੁਰ ਵਿਖੇ ਲਾ ਦਿੱਤੀ ਗਈ ਹੈ।

ਭਾਜਪਾ ਰੋਡ ਸ਼ੋਅ ਤੇ ਕਾਂਗਰਸ ਰੈਲੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੀ

ਦੋਵੇਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਚੋਣ ਪ੍ਰਚਾਰ ਵਿੱਚ ਤੇਜ਼ੀ ਲੈ ਆਂਦੀ ਹੈ ਅਤੇ ਦੋਹਾਂ ਵੱਲੋਂ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਸੰਨੀ ਦਿਓਲ ਦੀ ਫਿਲਮ ਇੰਡਸਟਰੀ ਇਸ ਹਲਕੇ ਅੰਦਰ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਨਿੱਤ ਰੋਜ਼ ਮੁੰਬਈ ਤੋਂ ਉਸ ਦੇ ਸਮੱਰਥਕ ਤੇ ਰਿਸ਼ਤੇਦਾਰ ਪਠਾਨਕੋਟ ਤੇ ਗੁਰਦਾਸਪੁਰ ਪੁੱਜ ਰਹੇ ਹਨ ਸੰਨੀ ਦੇ ਪਿਤਾ ਧਰਮਿੰਦਰ ਨੇ ਵੀ ਹਲਕੇ ਅੰਦਰ ਡੇਰੇ ਲਾਏ ਹਨ ਸੰਨੀ ਦਿਓਲ ਵੱਲੋਂ ਸਿਰਫ ਰੋਡ ਸ਼ੋਅ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹਲਕੇ ਦੇ ਪੇਂਡੂ ਖੇਤਰਾਂ ਵਿੱਚੋਂ ਗਾਇਬ ਰਹਿ ਕੇ ਸੰਨੀ ਲਈ ਇਹ ਜੰਗ ਜਿੱਤਣੀ ਆਸਾਨ ਨਹੀਂ ਹੈ ।

ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦਾ ਵੱਕਾਰ ਵੀ ਦਾਅ ‘ਤੇ ਲੱਗ ਗਿਆ ਹੈ ਜਾਖੜ ਦੇ ਹੱਕ ਵਿੱਚ ਪਾਰਟੀ ਦੇ ਕਈ ਮੰਤਰੀ ਤੇ ਮੁੱਖ ਮੰਤਰੀ ਮੈਦਾਨ ਵਿੱਚ ਨਿੱਤਰੇ ਹੋਏ ਹਨ ਜਾਖੜ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਪਠਾਨਕੋਟ ਵਿਖੇ ਸੁਨੀਲ ਜਾਖੜ ਦੇ ਹੱਕ ਵਿੱਚ 14 ਮਈ ਨੂੰ  ਰੋਡ ਸ਼ੋਅ ਕੱਢੇਗੀ ਹਲਕੇ ਅੰਦਰ ਰੋਡ ਸ਼ੋਅ ਬਨਾਮ ਰੈਲੀਆਂ ਦਾ ਮੁਕਾਬਲਾ ਹੋ ਰਿਹਾ ਹੈ ਭਾਜਪਾ ਰੋਡ ਸ਼ੋਅ ‘ਤੇ ਜ਼ੋਰ ਦੇ ਰਹੀ ਹੈ ਅਤੇ ਕਾਂਗਰਸ ਰੈਲੀਆਂ ‘ਤੇ ਜ਼ੋਰ ਦੇ ਰਹੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।