Jagraon News: ਸਕਾਰਪੀਓ ਸਵਾਰ ਇੱਕ ਨੌਜਵਾਨ ਉੱਪਰ ਅਣਪਛਾਤੇ ਬਦਮਾਸ਼ਾਂ ਵੱਲੋਂ ਚਲਾਈਆਂ ਗੋਲੀਆਂ
Jagraon News: ਜਗਰਾਓਂ (ਜਸਵੰਤ ਰਾਏ)। ਜਗਰਾਓਂ ਦੇ ਨੇੜਲੇ ਪਿੰਡ ਕੋਠੇ ਸ਼ੇਰ ਸਿੰਘ ਵਿਖੇ ਬੀਤੀ ਦੇਰ ਰਾਤ ਫਿਰ ਤੋਂ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਇਸ ਵਿੱਚ ਇੱਕ ਸਕਾਰਪੀਓ ਸਵਾਰ ਨੌਜਵਾਨ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਉਸਦੀ ਸਕਾਰਪੀਓ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ ਜਿੱਥੋਂ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਹੋਇਆਂ ਲੁਧਿਆਣਾ ਰੈਫਰ ਕਰ ਦਿੱਤਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।
Read Also : ਨਸ਼ੇ ਦੀ ਆਦਤ ਨੇ ਕਰਵਾਇਆ ਕਾਰਾ, ਘਰ ਦੇ ਸਾਰੇ ਭਾਂਡੇ ਵੇਚ ਕੇ ਪੂਰੀ ਨਾ ਪਈ ਤਾਂ ਕੀਤੀ ਘਿਣੌਨੀ ਹਰਕਤ
ਵਾਪਰੀ ਘਟਨਾ ਦੀ ਸੂਚਨਾ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਥਾਣਾ ਸਿਟੀ ਜਗਰਾਓਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਅਤੇ ਸਬ ਡਿਵੀਜ਼ਨ ਜਗਰਾਓਂ ਦੇ ਡੀਐਸਪੀ ਜਸਜਯੋਤ ਸਿੰਘ ਮੌਕੇ ਤੇ ਪਹੁੰਚੇ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਜਸਕੀਰਤ ਸਿੰਘ ਜੱਸਾ ਜੋ ਕਿ ਪਹਿਲਾਂ ਅਖਾੜਾ ਪਿੰਡ ਵਿੱਚ ਰਹਿੰਦਾ ਸੀ ਅਤੇ ਦੋ ਸਾਲ ਪਹਿਲਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆਈਆਂ ਸਨ। Jagraon News
ਜਸਕੀਰਤ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਅਤੇ ਕਰਵਾਉਣ ਦਾ ਕੰਮ ਕਰਦਾ ਸੀ ਤੇ ਧਮਕੀ ਤੋਂ ਬਾਅਦ ਇਹ ਲੁਧਿਆਣਾ ਜਾ ਕੇ ਰਹਿਣ ਲੱਗ ਗਿਆ ਸੀ ਅਤੇ ਕੁਝ ਹਫਤੇ ਪਹਿਲਾਂ ਹੀ ਕੋਠੇ ਸ਼ੇਰ ਜੰਗ ਵਿਖੇ ਆ ਕੇ ਰਹਿਣ ਲੱਗਿਆ ਸੀ। ਪ੍ਰਤੱਖ ਦਰਸੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਦੌੜ ਕੇ ਮੌਕੇ ਤੇ ਪਹੁੰਚੇ ਤਾਂ ਗੱਡੀ ਧੂ ਧੂ ਕਰਕੇ ਜਲ ਰਹੀ ਸੀ ਅਤੇ ਅੰਦਰ ਜਖਮੀ ਨੂੰ ਬਾਹਰ ਕੱਢ ਕੇ ਫੌਰੀ ਤੌਰ ਤੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਗਿਆ।
Jagraon News
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਹਮਲਾਵਰ, ਜਿਨ੍ਹਾਂ ਦੇ ਮੂੰਹ ’ਤੇ ਕੱਪੜਾ ਬੰਨਿ੍ਹਆ ਹੋਇਆ ਸੀ, ਨੌਜਵਾਨ ਦਾ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਸਨ। ਜਿਵੇਂ ਹੀ ਜਸਕੀਰਤ ਸਿੰਘ ਮੌਕੇ ’ਤੇ ਪਹੁੰਚਿਆ, ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਆਵਾਜ਼ ਨੇ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ। ਜਸਕੀਰਤ ਆਪਣੇ ਨਾਲ ਲਾਈਸੈਂਸੀ ਹਥਿਆਰ ਵੀ ਰੱਖਦਾ ਸੀ ਪਰ ਅੱਗ ਲੱਗਣ ਕਾਰਨ ਉਸ ਦਾ ਹਥਿਆਰ ਅਤੇ ਮੈਗਜੀਨ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਦੇ ਹਾਲਾਤ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ।