ਸਲਾਮ : ਦੇਸ਼ ‘ਚ ਪਹਿਲੀ ਵਾਰ ਡਾਕਟਰਾਂ ਨੂੰ ਪੁਲਿਸ ਨੇ ਦਿੱਤਾ ਗਾਰਡ ਆਫ ਆਨਰ

ਦੇਸ਼ ਭਰ ਵਿੱਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦੈ: ਵਿੱਤ ਮੰਤਰੀ

ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੰਗ ਲੜਨ ਵਾਲੇ ਯੋਧੇ ਹੁਣ ਦੇਸ਼ ਦੇ ਹੀਰੋ ਹਨ ਇਨ੍ਹਾਂ ਜੰਗੀ ਯੋਧਿਆਂ ਨੂੰ ਦੇਸ਼ ਦੇ ਲੋਕ ਵੱਖ-ਵੱਖ ਢੰਗਾਂ ਨਾਲ ਉਤਸ਼ਾਹਿਤ ਕਰ ਰਹੇ ਹਨ ਅੱਜ ਬਠਿੰਡਾ ‘ਚ  ਦੇਸ਼ ‘ਚ ਪਹਿਲੀ ਵਾਰ ਅਜਿਹਾ ਵੇਖਣ ਨੂੰ ਮਿਲਿਆ ਜਦੋਂ ਬਠਿੰਡਾ ‘ਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦਾ ਗਾਰਡ ਆਫ ਆਨਰ ਕਰਕੇ ਸਲਾਮੀ ਦੇ ਕੇ ਸਤਿਕਾਰ ਕੀਤਾ ਗਿਆ
ਵੇਰਵਿਆਂ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੋਰੋਨਾ ਖਿਲਾਫ਼ ਇਸ ਜੰਗ ਦੇ ਹਾਲਾਤਾਂ ਵਿੱਚ ਮੋਹਰਲੀਆਂ ਸਫਾ ਵਿੱਚ ਲੜਾਈ ਲੜਕੇ ਮਨੁੱਖੀ ਸਭਿਅਤਾ ਦੀ ਰਾਖੀ ਲਈ ਕੰਮ ਕਰ ਰਹੇ ਡਾਕਟਰੀ ਅਮਲੇ, ਸਫਾਈ ਕਰਮੀਆਂ ਅਤੇ ਪੁਲਿਸ ਫੋਰਸ ਦੇ ਜਵਾਨਾਂ ਦਾ ਸ਼ੁਕਰਾਨਾ ਕਰਨ ਲਈ  ਵਿਸ਼ੇਸ਼ ਤੌਰ ‘ਤੇ ਪੁੱਜੇ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਗਾਰਡ ਆਫ ਆਨਰ ਹੋਵੇਗਾ ਜਦੋਂ ਪੁਲਿਸ ਨੇ ਸਾਡੇ ਡਾਟਕਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਸਲਾਮੀ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ।

ਇਸ ਮੌਕੇ ਡਾਕਟਰੀ ਅਮਲੇ ਨੂੰ ਸੰਬੋਧਨ ਹੁੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਗਾਰਡ ਆਫ ਆਨਰ ਬਹਾਦਰਾਂ ਵਿੱਚੋਂ ਬਹਾਦਰ ਅਤੇ ਖਾਸ ਰੁਤਬਾ ਰਖਦੀਆਂ ਸਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਅੱਜ ਬਠਿੰਡਾ ਵਿਚ ਸਾਡੇ ਡਾਕਟਰੀ ਸਟਾਫ ਵੱਲੋਂ ਕੋਰੋਨਾ ਖਿਲਾਫ ਲੜਾਈ ਵਿਚ ਵਿਖਾਈ ਜਾ ਰਹੀ ਬਹਾਦਰੀ ਅਤੇ ਹੌਂਸਲੇ ਲਈ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦਾ ਹੈ  ਉਨ੍ਹਾਂ ਪੁਲਿਸ ਦੇ ਨਾਕਿਆਂ ‘ਤੇ ਜਾ ਕੇ ਵੀ ਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ  ਵਿੱਤ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੁਲਿਸ ਕਰਮਚਾਰੀ ਤੁਹਾਨੂੰ ਨਾਕਿਆਂ ਤੇ ਰੋਕਦੇ ਹਨ ਤਾਂ ਉਨ੍ਹਾਂ ਦਾ ਬੁਰਾ ਨਾ ਮਨਾਓ ਕਿਉਂਕਿ ਉਹ ਅਜਿਹਾ ਸਾਡੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਹੀ ਕਰ ਰਹੇ ਹਨ।  ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ, ਐਸਐਸਪੀ ਡਾ. ਨਾਨਕ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਸਮੇਤ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ

‘ਮੈਂ ਤੁਹਾਨੂੰ ਸਲੂਟ ਕਰਦਾ ਹਾਂ’

ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਫਾਈ ਕਰਮੀ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਸਾਡਾ ਮੁਲਕ ਅਤੇ ਸਾਡਾ ਅਵਾਮ ਕਰੋਨਾ ਦੀ ਬਿਮਾਰੀ ਤੋਂ ਮੁਕਤ ਰਹੇ ਅਤੇ ਇਸ ਬਿਮਾਰੀ ਦਾ ਫੈਲਾਅ ਨਾ ਹੋਵੇ। ਉਨ੍ਹਾਂ ਕਿਹਾ, ” ਤੁਹਾਡੇ ਵੀ ਘਰ ਵਿਚ ਬੱਚੇ ਹਨ, ਪਰ ਤੁਸੀਂ ਪੂਰੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਸਲੂਟ ਕਰਦਾ ਹਾਂ”। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿਚ ਬੇਸ਼ੱਕ ਹਜਾਰਾਂ ਦੀ ਗਿਣਤੀ ਵਿਚ ਸਫਾਈ ਕਰਮੀ ਹਨ ਪਰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਕੰਮ ਵੀ ਪ੍ਰਭਾਵਿਤ ਨਾ ਹੋਵੇ ਇਸ ਲਈ ਉਹ ਸਫਾਈ ਕਰਮੀਆਂ ਦੇ ਪ੍ਰਤੀਨਿਧ ਸਮੂਹ ਨਾਲ ਗੱਲ ਕਰਕੇ ਉਨ੍ਹਾਂ ਦਾ ਧੰਨਵਾਦ ਕਰਨ ਆਏ ਹਨ।

ਤਗ਼ਮਿਆਂ ਨਾਲ ਕੀਤਾ ਜਾਵੇਗਾ ਸਨਮਾਨਿਤ : ਵਿੱਤ ਮੰਤਰੀ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹ ਆਪਣੇ ਮੋਹਰਲੀਆਂ ਸਫਾਂ ਵਿਚ ਕਰੋਨਾ ਖਿਲਾਫ ਲੜ ਰਹੇ ਸਾਡੇ ਸਮੂਹ ਸਟਾਫ ਦੇ ਨਾਲ ਖੜੇ ਹਨ ਅਤੇ ਪੰਜਾਬ ਸਰਕਾਰ ਅਤੇ ਰਾਜ ਦੇ ਸਮੂਹ ਲੋਕਾਂ ਵੱਲੋਂ ਇੰਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਇੰਨ੍ਹਾ ਦਾ ਸੁਕਰਾਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਜੰਗ ਤੋਂ ਬਾਅਦ ਬਹਾਦਰੀ ਨਾਲ ਲੜਨ ਵਾਲਿਆਂ ਨੂੰ ਤਗ਼ਮਿਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਕਰੋਨਾ ਖਿਲਾਫ ਸਾਡੀ ਇਸ ਜੰਗ ਦੇ ਮੁੱਕਣ ਤੇ ਵੀ ਇਸ ਯੁੱਧ ਦੇ ਯੋਧਿਆਂ ਨੂੰ ਵੀ ਯੋਗ ਤਗ਼ਮਿਆਂ ਅਤੇ ਸਨਮਾਨਾਂ ਨਾਲ ਨਿਵਾਜਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here