ਕਸ਼ਮੀਰ ‘ਚ ਅੱਤਵਾਦ (Terrorism) ਦੀ ਚੁਣੌਤੀ ਨੂੰ ਅਸਲ ਅਰਥਾਂ ‘ਚ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਬੇਸ਼ੱਕ ਸੁਰੱਖਿਆ ਬਲ ਦੇ ਜਵਾਨ ਅੱਤਵਾਦੀਆਂ ‘ਤੇ ਸ਼ਿਕੰਜਾ ਕੱਸਣ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਪਰ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਅਜੇ ਸਰਕਾਰੀ ਪੱਧਰ ‘ਤੇ ਨੀਤੀਆਂ-ਰਣਨੀਤੀਆਂ ‘ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਪਾਕਿਸਤਾਨ ਵੱਲੋਂ ਅੱਤਵਾਦ ਦੀ ਸਪਲਾਈ ਜਿਉਂ ਦੀ ਤਿਉਂ ਜਾਰੀ ਹੈ। ਬੀਤੇ ਦਿਨੀਂ ਪੁਲਵਾਮਾ ‘ਚ ਚੋਟੀ ਦਾ ਅੱਤਵਾਦੀ ਤਾਂ ਮਾਰਿਆ ਗਿਆ, ਪਰ ਜਿਸ ਤਰ੍ਹਾਂ ਉਸ ਦੇ ਜਨਾਜ਼ੇ ‘ਚ ਅੱਤਵਾਦੀ ਸ਼ਾਮਲ ਹੋਣ ‘ਚ ਕਾਮਯਾਬ ਹੋਏ ਤੇ ਉਨ੍ਹਾਂ ਨੇ ਹਥਿਆਰ ਹਵਾ ‘ਚ ਲਹਿਰਾਏ, ਇਹ ਸਾਰਾ ਘਟਨਾਚੱਕਰ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦ ਨੂੰ ਇੱਕ ਝਟਕੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ ਪੁਲਵਾਮਾ ‘ਚ ਅੱਤਵਾਦੀ ਮਾਰਨ ਦੇ ਜਵਾਬ ‘ਚ ਅੱਤਵਾਦੀਆਂ ਨੇ ਜਿਲ੍ਹਾ ਬਾਰਾਮੂਲਾ ਦੇ ਇੱਕ ਕਸਬੇ ਦੇ ਭਰੇ ਬਜ਼ਾਰ ‘ਚ ਤਿੰਨ ਵਿਅਕਤੀਆਂ ਨੂੰ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਬੋਰੀ ’ਚੋਂ ਸਿਰ ਕਟੀ ਲਾਸ਼ ਮਿਲਣ ਕਾਰਨ ਦਹਿਸ਼ਤ, ਪੁਲਿਸ ਜਾਂਚ ’ਚ ਜੁਟੀ
ਇਸ ਸਮੱਸਿਆ ਨਾਲ ਨਜਿੱਠਣ ਲਈ ਪਾਕਿ ਨੂੰ ਜਿੱਥੇ ਕੁਟਨੀਤਕ ਤੌਰ ‘ਤੇ ਘੇਰਨ ਦੀ ਜ਼ਰੂਰਤ ਹੈ, ਉੱਥੇ ਸਮਾਜਿਕ ਤੌਰ ‘ਤੇ ਅੱਤਵਾਦ ਨੂੰ ਕਮਜ਼ੋਰ ਕਰਨਾ ਪਵੇਗਾ। ਅੱਤਵਾਦੀਆਂ ਨਾਲ ਮੁਕਾਬਲੇ ਤੋਂ ਬਾਦ ਫੌਜ ਨੂੰ ਪ੍ਰਦਰਸ਼ਨਕਾਰੀਆਂ ਨਾਲ ਵੱਖਰੇ ਤੌਰ ‘ਤੇ ਨਜਿੱਠਣਾ ਪੈਂਦਾ ਹੈ। ਆਮ ਜਨਤਾ ਦੇ ਅੱਤਵਾਦ ਖਿਲਾਫ਼ ਖੜ੍ਹੀ ਹੋਣ ਨਾਲ ਅੱਤਵਾਦ ਦਾ ਲੱਕ ਟੁੱਟੇਗਾ ਦਰਅਸਲ ਅੱਤਵਾਦੀ ਸੰਗਠਨ ਸਰਕਾਰ ਦੀਆਂ ਉਹਨਾਂ ਸਾਰੀਆਂ ਮੁਹਿੰਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਅੱਤਵਾਦ ਦੇ ਖਾਤਮੇ ਲਈ ਜ਼ਮੀਨ ਤਿਆਰ ਕਰਦੀਆਂ ਹਨ। ਪਿਛਲੇ ਮਹੀਨਿਆਂ ‘ਚ ਅੱਤਵਾਦ (Terrorism) ਛੱਡ ਕੇ ਸਮਾਜ ਦੀ ਮੁੱਖਧਾਰਾ ‘ਚ ਸ਼ਾਮਲ ਹੋਏ ਵਿਅਕਤੀਆਂ ਨੂੰ ਅੱਤਵਾਦੀਆਂ ਨੇ ਮਾਰ ਮੁਕਾਇਆ। ਇਸੇ ਤਰ੍ਹਾਂ ਸੁਰੱਖਿਆ ਫੋਰਸਾਂ ‘ਚ ਭਰਤੀ ਸਥਾਨਕ ਅਫ਼ਸਰਾਂ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਛੁੱਟੀ ਆਏ ਹੋਏ ਸਨ। ਅੱਤਵਾਦੀ ਸੰਗਠਨ ਬੜੀ ਲੰਮੀ-ਚੌੜੀ ਤਿਆਰੀ ਕਰਕੇ ਚੱਲ ਰਹੇ ਹਨ, ਜਿਸ ਨੂੰ ਨਾਕਾਮ ਕਰਨ ਲਈ ਸਰਕਾਰ ਨੂੰ ਨਵੇਂ ਸਿਰਿਓਂ ਰਣਨੀਤੀ ਘੜਨ ਦੀ ਜ਼ਰੂਰਤ ਹੈ। ਖਾਸਕਰ ਸੂਬੇ ਦੀ ਸਿਆਸਤ ਨੂੰ ਸਾਕਾਰਾਤਮਕ ਬਣਾਉਣ ਦੀ ਲੋੜ ਹੈ।
ਸਿਆਸੀ ਪਾਰਟੀਆਂ ਅਪਰਾਧਿਕ ਘਟਨਾਵਾਂ ਨੂੰ ਸੰਪ੍ਰਦਾÎਿÂਕ ਰੰਗ ਦੇਣ ਤੋਂ ਗੁਰੇਜ਼ ਨਹੀਂ ਕਰਦੀਆਂ। ਕਠੂਆ ਬਲਾਤਕਾਰ ਕਾਂਡ ਦੇ ਮਾਮਲੇ ਨੂੰ ਸਿਆਸੀ ਪਾਰਟੀਆਂ ਨੇ ਦੋ ਫ਼ਿਰਕਿਆਂ ਦਾ ਮਸਲਾ ਬਣਾਉਣ ਤੱਕ ਦੀ ਵੀ ਘਟੀਆ ਹਰਕਤ ਕੀਤੀ। ਅਪਰਾਧੀ ਦਾ ਕੋਈ ਧਰਮ ਨਹੀਂ ਹੁੰਦਾ ਪਰ ਸਿਆਸੀ ਆਗੂ ਵੋਟਾਂ ਖਾਤਰ ਸਮਾਜ ਦੇ ਅਮਨ-ਚੈਨ ਤੇ ਭਾਈਚਾਰੇ ਨੂੰ ਵੀ ਦਾਅ ‘ਤੇ ਲਾਉਂਦੇ ਹਨ। ਫ਼ਿਰਕੂ ਸਿਆਸਤ ਅੱਤਵਾਦ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਇਸ ਨਾਲ ਸੁਰੱਖਿਆ ਬਲਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਅੱਤਵਾਦੀ ਫਿਰਕਾਪ੍ਰਸਤੀ ਫੈਲਾਉਣਾ ਚਾਹੁੰਦੇ ਹਨ ਤੇ ਭਾਰਤੀ ਸਿਆਸਤਦਾਨ ਅਣਜਾਣੇ ‘ਚ ਉਹਨਾਂ ਦੇ ਹੱਥ ਮਜ਼ਬੂਤ ਕਰ ਰਹੇ ਹਨ। ਅੱਤਵਾਦ ਲਈ ਜਿੰਨੀ ਹਥਿਆਰਾਂ ਦੀ ਜ਼ਰੂਰਤ ਹੈ ਓਨੀ ਹੀ ਜ਼ਰੂਰਤ ਸਮਾਜ ‘ਚ ਏਕਤਾ, ਸਦਭਾਵਨਾ ਤੇ ਅਮਨ ਦੀ ਸੋਚ ਮਜ਼ਬੂਤ ਕਰਨ ਦੀ ਹੈ।