ਸਮੁੰਦਰ ਦਾ ਵਧਦਾ ਹੋਇਆ ਪਾਣੀ ਦਾ ਪੱਧਰ (Sea Levels) ਭਾਰਤ ਸਮੇਤ ਤੱਟਵਰਤੀ ਆਬਾਦੀ ਵਾਲੇ ਤਮਾਮ ਦੇਸ਼ਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਜਾਰੀ ਵਿਸ਼ਵ ਮੌਸਮ ਬਿਆਨ ਸੰਗਠਨ ਦੀ ਰਿਪੋਰਟ ਦੱਸ ਰਹੀ ਹੈ ਕਿ 1901 ਤੋਂ 1971 ਦਰਮਿਆਨ ਸਮੁੰਦਰੀ ਪਾਣੀ ਦੇ ਪੱਧਰ ’ਚ ਔਸਤ ਵਾਧਾ ਦਰ ਸਾਲਾਨਾ 1.3 ਮਿਲੀਮੀਟਰ ਰਹੀ, ਜੋ 1971 ਤੋਂ 2006 ਦਰਮਿਆਨ ਵਧ ਕੇ 1.9 ਮਿਲੀਮੀਟਰ ਪ੍ਰਤੀ ਸਾਲ ਹੋ ਗਈ। ਸਾਲ 2006 ਤੋਂ 2018 ਦਰਮਿਆਨ ਇਹ ਵਾਧਾ ਦਰ ਹਰ ਸਾਲ 3.7 ਮਿਲੀਮੀਟਰ ਦਰਜ ਕੀਤੀ ਗਈ ਹੈ।
ਇਸ ਦਾ ਅਰਥ ਹੈ ਕਿ 1901 ਤੋਂ 2018 ਦਰਮਿਆਨ ਸਮੁੰਦਰੇ ਪਾਣੀ ਦੇ ਪੱਧਰ ’ਚ ਔਸਤ 0.20 ਮਿਲੀਮੀਟਰ ਦਾ ਵਾਧਾ ਹੋਇਆ ਹੈ। ਇਸ ਲਈ ਇਸ ਰਿਪੋਰਟ ਦੀ ਚਰਚਾ ਕਰਦੇ ਹੋਏ ਸੰਯੁਕਤ ਰਾਸ਼ਟਰ ਸਕੱਤਰ ਇੰਟੋਨੀਓ ਗੁਟੇਰਸ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਜੇਕਰ ਹਾਲਾਤ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਬੰਗਲਾਦੇਸ਼, ਚੀਨ, ਭਾਰਤ, ਨੀਦਰਲੈਂਡ ਵਰਗੇ ਦੇਸ਼ਾਂ ਦੇ ਸ਼ਹਿਰਾਂ ’ਤੇ ਖਤਰਾ ਵਧਣ ਵਾਲਾ ਹੈ। ਜ਼ਿਕਰਯੋਗ ਹੈ ਕਿ ਹੁਣ ਛੋਟੇ-ਛੋਟੇ ਟਾਪੂਨੁਮਾ ਦੇਸ਼ਾਂ ਦੀ ਓਨੀ ਚਰਚਾ ਵੀ ਨਹੀਂ ਹੁੰਦੀ, ਪਰ ਕਲਪਨਾ ਕਰੋ ਜੇਕਰ ਕੈਰੇਬੀਆਈ ਜਾਂ ਪ੍ਰਸ਼ਾਂਤ ਦੇ ਦੀਪ ਡੁੱਬੇ ਤਾਂ ਉਨ੍ਹਾਂ ਹੋਂਦ ਹੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤੇ ਲੋਕਾਂ ਨੂੰ ਉੱਥੋਂ ਕੱਢ ਕੇ ਦੂਜੇ ਦੇਸ਼ਾਂ ’ਚ ਵਸਾਉਣ ਤੋਂ ਇਲਾਵਾ ਕੋਈ ਦੂਜਾ ਬਦਲ ਦੁਨੀਆਂ ਕੋਲ ਨਹੀਂ ਹੋਵੇਗਾ।
ਗਲੇਸ਼ੀਅਰ ਲਈ ਖ਼ਤਰਾ | Sea Levels
ਸਭ ਤੋਂ ਵੱਡਾ ਸੰਕਟ ਇਹ ਹੈ ਕਿ ਇਹ ਸੰਕਟ ਬਿਨਾ ਕੋਈ ਪਹਿਲਾਂ ਚਿਤਾਵਨੀ ਦੇ ਕਹਿਰ ਵਰ੍ਹਾ ਸਕਦਾ ਹੈ। ਸਾਡੇ ਲਈ ਵਿਸ਼ੇਸ਼ ਚਿੰਤਾ ਦੀ ਗੱਲ ਇਸ ਲਈ ਹੈ, ਕਿਉਂਕਿ ਇੱਕ ਰਿਪੋਰਟ ਇਹ ਵੀ ਦੱਸ ਰਹੀ ਹੈ ਕਿ ਹਿਮਾਲਿਆ ਦੀ ਨਦੀ ਘਾਟੀਆਂ ’ਚ ਰਹਿਣ ਵਾਲੇ ਲੱਖਾਂ ਲੋਕਾਂ ’ਤੇ ਗਲੋਬਲ ਵਾਰਮਿੰਗ ਦਾ ਸਿੱਧਾ ਅਸਰ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਆਉਣ ਵਾਲੇ ਦਹਾਕਿਆਂ ’ਚ ਗਲੇਸ਼ੀਅਰ ਸੰੁਗੜਦਾ ਜਾਵੇਗਾ, ਸਿੰਧੂ, ਗੰਗਾ ਤੇ ਬ੍ਰਾਹਪੁੱਤਰ ਨਦੀਆਂ ’ਚ ਪਾਣੀ ਦਾ ਵਹਾਅ ਵਧ ਜਾਵੇਗਾ ਤੇ ਜ਼ਿਆਦਾ ਪਾਣੀ ਸਮੁੰਦਰ ’ਚ ਵਹਿਣ ਲੱਗੇਗਾ। ਇਸ ਨਾਲ ਸਮੁੰਦਰੀ ਪਾਣੀ ਦਾ ਪੱਧਰ ਵਧੇਗਾ ਤੇ ਉਸ ਦਾ ਖਾਰਾ ਪਾਣੀ ਇਨ੍ਹਾਂ ਨਦੀਆਂ ਦੇ ਡੇਲਟਾ ’ਚ ਵਹੇਗਾ, ਜਿਸ ਨਾਲ ਇੱਥੇ ਇਨਸਾਨਾਂ ਲਈ ਰਹਿਣਾ ਕਰੀਬ-ਕਰੀਬ ਨਾਮੁਮਕਿਨ ਹੋ ਜਾਵੇਗਾ।
ਡੁੱਬ ਸਕਦੇ ਨੇ ਸ਼ਹਿਰ | Sea Levels
ਸਪੱਸ਼ਟ ਹੈ, ਸ਼ਹਿਰਾਂ ਦਾ ਡੁੱਬਣਾ ਸਿਰਫ ਇੱਕ ਭੌਗੋਲਿਕ ਢਾਂਚੇ ਦਾ ਖਤਮ ਹੋਣਾ ਨਹੀਂ ਹੋਵੇਗਾ, ਸਗੋਂ ਸੁਫ਼ਨਿਆਂ ਤੇ ਉਮੀਦਾਂ ਦਾ ਟੁੱਟਣਾ ਵੀ ਹੁੰਦਾ ਹੈ। ਸ਼ਹਿਰ ਦੇ ਡੁੱਬ ਜਾਣ ਨਾਲ ਇੱਥੋਂ ਦੀ ਆਬਾਦੀ ਨੂੰ ਵਿਸਥਾਪਨ ਦਾ ਦਰਦ ਝੱਲਣਾ ਪੈਂਦਾ ਹੈ। ਕੁੱਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਹਾਲਾਤ ਉਲਟ ਜ਼ਰੂਰ ਹਨ, ਪਰ ਬਿਹਤਰ ਭਵਿੱਖ ਦਾ ਦਾਮਨ ਛੱਡਿਆ ਨਹੀਂ ਗਿਆ ਹੈ। ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਹੁਣ ਹੋਰ ਗੰਭੀਰਤਾ ਤੇ ਤੇਜ਼ੀ ਦਿਖਾਉਣੀ ਪਵੇਗੀ।