
Punjab Sports News: ਟੂਰਨਾਮੈਂਟ ਦੀ ਜੇਤੂ ਰਹੀ ਟੀਮ ਲੁਧਿਆਣਾ ਅਕੈਡਮੀ
(ਅਨਿਲ ਲੁਟਾਵਾ) ਅਮਲੋਹ। ਸਵ. ਹੈਪੀ ਸੇਢਾ ਦੀ ਨਿੱਘੀ ਯਾਦ ’ਚ ਐਨਆਰਆਈ ਸਪੋਰਟਸ ਕਲੱਬ ਰਜਿ.ਅਮਲੋਹ ਵੱਲੋਂ ਚਾਰ ਰੋਜ਼ਾ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ’ਚ ਚੱਲ ਰਿਹਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ’ਚ ਚੇਅਰਮੈਨ ਬਲਵਿੰਦਰ ਸਿੰਘ ਘਟੌੜੇ, ਜਗਦੀਪ ਸਿੰਘ ਚੀਮਾ, ਪ੍ਰਦੀਪ ਗਰਗ, ਚਰਨਜੀਤ ਅਬਰੋਲ, ਮੈਡਮ ਸੁਖਵਿੰਦਰ ਕੌਰ ਗਹਿਲੋਤ ਚੇਅਰਪਰਸਨ ਮਾਰਕੀਟ ਕਮੇਟੀ ਅਮਲੋਹ, ਠੇਕੇਦਾਰ ਜਤਿੰਦਰ ਬੰਨਸਾਲ, ਚਤਿੰਦਰ ਸ਼ਰਮਾ ਤਹਿਸੀਲਦਾਰ, ਸੁਰਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ’ਤੇ ਓਲੰਪੀਅਨ ਗੁਨਦੀਪ ਕੁਮਾਰ ਧਿਆਨ ਚੰਦ ਐਵਾਰਡੀ, ਚਰਨਜੀਤ ਕੁਮਾਰ ਗੋਲਡ ਮੈਡਲਿਸਟ ਉਲੰਪੀਅਨ ਹਾਕੀ, ਮਾਧਵ ਕੇਆਰਜੀ ਗਰੁੱਪ ਮੰਡੀ ਗੋਬਿੰਦਗੜ ਦੇ ਏਜੀਐਮ ਰਾਜੀਵ ਸ਼ਰਮਾ,ਮੈਡਮ ਗਿਤੀਕਾ,ਗੁਰਮੀਤ ਸਿੰਘ,ਅਮਨਦੀਪ ਧੀਮਾਨ ਐਮਡੀਏਡੀ ਇਮੀਗ੍ਰੇਸ਼ਨ, ਜਸਵੀਰ ਸਿੰਘ ਰਿਟਾਇਰਡ ਐਸਪੀ, ਸੰਜੇ ਗੋਇਲ ਜੀਸੀਐਲ ਕਲੱਬ ਮੰਡੀ ਗੋਬਿੰਦਗੜ੍ਹ,ਐਸਕੇ ਚੋਪੜਾ,ਸੁਸ਼ੀਲ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੁਰਸ਼ ਵਰਗ ’ਚ ਲੁਧਿਆਣਾ ਅਕੈਡਮੀ ਅਤੇ ਰੋਪੜ ਹਾਕਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸ਼ੁਰੂਆਤ ਤੋਂ ਹੀ ਲੁਧਿਆਣਾ ਅਕੈਡਮੀ ਦੀ ਟੀਮ ਰੋਪੜ ਹਾਕਸ ’ਤੇ ਪੂਰੀ ਤਰ੍ਹਾਂ ਭਾਰੂ ਰਹੀ। ਮੈਚ ਦੇ ਛੇਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਟੀਮ ਦੇ ਤੇਜ਼-ਤਰਾਰ ਖਿਡਾਰੀ ਗੌਰਵ ਨੇ ਬੜੀ ਮੁਹਾਰਤ ਨਾਲ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਮੈਚ ਦੀ ਰਫ਼ਤਾਰ ਬਰਕਰਾਰ ਰੱਖਦਿਆਂ 16ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਹੋਰ ਪੈਨਲਟੀ ਮਿਲੀ, ਜਿਸ ਨੂੰ ਮੁੜ ਗੋਲ ਵਿੱਚ ਤਬਦੀਲ ਕਰਕੇ ਟੀਮ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਇਹ ਵੀ ਪੜ੍ਹੋ: Rajasthan Weather Update: ਰਾਜਸਥਾਨ ’ਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਢ, ਹੁਣ ਤਾਪਮਾਨ ’ਚ ਹੋਵੇਗਾ ਵਾਧਾ
ਮੈਚ ਦੇ 20ਵੇਂ ਅਤੇ ਫਿਰ 24ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੇ ਰੋਪੜ ਹਾਕਸ ’ਤੇ ਕਈ ਜ਼ਬਰਦਸਤ ਹਮਲੇ ਬੋਲੇ, ਪਰ ਰੋਪੜ ਦੀ ਟੀਮ ਵੱਲੋਂ ਦੋ ਗੋਲ ਕਰਵਾਉਣ ਤੋਂ ਬਾਅਦ ਮਜ਼ਬੂਤ ਕੀਤੀ ਡਿਫੈਸ ਲਾਈਨ ਨੇ ਇਹਨਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਮੈਚ ਦੇ 25ਵੇਂ ਮਿੰਟ ਵਿੱਚ ਰੋਪੜ ਹਾਕਸ ਨੂੰ ਵੀ ਇੱਕ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਸੁਨਹਿਰੀ ਮੌਕੇ ਨੂੰ ਗੋਲ ਵਿੱਚ ਨਹੀਂ ਬਦਲ ਸਕੇ।
ਮੈਚ ਦੇ ਦੂਜੇ ਅੱਧ ਵਿੱਚ ਰੋਪੜ ਹਾਕਸ ਦੀ ਟੀਮ ਨੇ ਵਾਪਸੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਅਤੇ ਗੋਲ ਕਰਨ ਲਈ ਕਈ ਹਮਲੇ ਕੀਤੇ ਜਿਸ ਦੌਰਾਨ ਤੀਸਰੇ ਕੁਆਰਟਰ ਦੇ ਅੰਤਿਮ ਮਿੰਟਾਂ ਵਿੱਚ ਰੋਪੜ ਹਾਕਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਵਿਰੋਧੀ ਟੀਮ ਵੱਲੋਂ ਗਲਤ ਤਰੀਕੇ ਨਾਲ ਰੋਕਣ ਕਾਰਨ ਅੰਪਾਇਰ ਵੱਲੋਂ ਰੋਪੜ ਨੂੰ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ ਗਿਆ, ਪਰ ਬਦਕਿਸਮਤੀ ਨਾਲ ਉਹ ਇਸ ਮੌਕੇ ਦਾ ਲਾਹਾ ਲੈਣ ਵਿੱਚ ਵੀ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਮੈਚ ਦੇ ਅੰਤਿਮ ਕੁਆਟਰ ’ਚ ਦੋਵੇ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਫਿਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਜਿਸ ਕਾਰਨ 2-0 ਦੇ ਫਰਕ ਨਾਲ ਇਸ ਸਾਲ ਦੇ ਟੂਰਨਾਮੈਂਟ ਵਿੱਚੋਂ ਲੁਧਿਆਣਾ ਅਕੈਡਮੀ ਬਾਜ਼ੀ ਮਾਰ ਗਈ। Punjab Sports News
ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ 71 ਹਜ਼ਾਰ ਰੁਪਏ ਦਿੱਤਾ ਇਨਾਮ
ਇਸੇ ਤਰ੍ਹਾਂ ਹੋਏ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰ.ਸੀ.ਐਫ. ਕਪੂਰਥਲਾ ਦੀ ਟੀਮ ਨੂੰ ਪੈਨਲਟੀ ਸਟੋਕਾਂ ਵਿੱਚ 1-0 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਗੁਰਜੀਤ ਸਿੰਘ ਰੂਬੀ (ਐਨਆਰਆਈ) ਵੱਲੋਂ 71 ਹਜ਼ਾਰ ਰੁਪਏ ਅਤੇ ਦੂਸਰੇ ਸਥਾਨ ਦੀ ਟੀਮ ਨੂੰ ਡਾਕਟਰ ਕਰਨੈਲ ਸਿੰਘ ਵੱਲੋਂ 41 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।
ਲੜਕੀਆਂ ਦੇ ਵਰਗ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਪਰਮਿੰਦਰ ਸਿੰਘ (ਐਨਆਰਆਈ) ਵੱਲੋਂ 31 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ ਬਲਵਿੰਦਰ ਸਿੰਘ ਘਟੌੜਾ ਵੱਲੋਂ 21ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਸੀਨੀਅਰ ਉਪ ਪ੍ਰਧਾਨ ਰੁਪਿੰਦਰ ਹੈਪੀ ਤੇ ਪਵਨ ਕਾਲੀਆ ਨੇ ਦੱਸਿਆ ਕਿ ਲੁਧਿਆਣਾ ਅਕੈਡਮੀ ਦੇ ਖਿਡਾਰੀ ਸੌਰਵ ਤੇ ਪੰਜਾਬੀ ਯੂਨੀਵਰਸਿਟੀ ਦੀ ਖਿਡਾਰਨ ਦੀਪਾਲੀ ਨੂੰ ਟੂਰਨਾਮੈਂਟ ਦੇ ਬੈਸਟ ਪਲੇਅਰ ਹੋਣ ਕਾਰਣ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਭਗਵਾਨ ਦਾਸ ਮਾਜਰੀ ਵੱਲੋਂ ਬਹੁਤ ਹੀ ਸ਼ਾਨਦਾਰ ਕੁਮੈਂਟਰੀ ਕੀਤੀ ਗਈ।












